ਸਿੱਖਿਆ ਪੰਜਾਬ ਵਿਗਿਆਨ

ਸਥਾਈ ਭਵਿੱਖ ਲਈ ਨੌਜਵਾਨਾਂ ਦਾ ਡਿਜ਼ੀਟਲ ਤਕਨੀਕਾਂ ਰਾਹੀਂ ਸਸ਼ਕਤੀਕਰਨ ਜ਼ਰੂਰੀ

ਸਥਾਈ ਭਵਿੱਖ ਲਈ ਨੌਜਵਾਨਾਂ ਦਾ ਡਿਜ਼ੀਟਲ ਤਕਨੀਕਾਂ ਰਾਹੀਂ ਸਸ਼ਕਤੀਕਰਨ ਜ਼ਰੂਰੀ
  • PublishedAugust 14, 2024

ਸਾਇੰਸ ਸਿਟੀ ਵਿਖੇ ਕੌਮਾਂਤਰੀ ਨੌਜਵਾਨ ਦਿਵਸ ਮਨਾਇਆ ਗਿਆ

ਜਲੰਧਰ 14 ਅਗਸਤ 2024 (ਦੀ ਪੰਜਾਬ ਵਾਇਰ)। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਸ਼ਵ ਪੱਧਰ ‘ਤੇ ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਬਦਲਅ ਲਿਆਉਣ ਵਾਸਤੇ ਨੌਜਵਾਨ ਵਰਗ ਨੂੰ ਇਕ ਏਜੰਟ ਵਜੋਂ ਕੰਮ ਕਰਨ ਲਈ ਉਤਸ਼ਾਹਿਤ ਕਰਨ ਦੇ ਆਸ਼ੇ ਕੌਮਾਂਤਰੀ ਨੌਜਵਾਨ ਦਿਵਸ *ਤੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੀਆਂ ਵੱਖ—ਵੱਖ ਵਿਦਿਅਕ ਸੰਸਥਾਵਾਂ ਦੇ 100 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਹ ਪ੍ਰੋਗਰਾਮ ਇਸ ਵਾਰ ਦੇ ਨੌਜਵਾਨ ਦਿਵਸ ਮਨਾਉਣ ਦਾ ਵਿਸ਼ਾ “ ਸ਼ੁਰੂ ਤੋਂ ਤਰੱਕੀ ਤੱਕ: ਸਥਾਈ ਵਿਕਾਸ ਲਈ ਨੌਜਵਾਨਾਂ ਨੂੰ ਡਿਜ਼ੀਟਲ ਤਕਨੀਕਾਂ ਦੇ ਰਾਹ ਪਾਉਣਾ”ਸੀ ਅਤੇ ਇਹ ਪ੍ਰੋਗਰਾਮ ਸਥਾਈ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਲਈ ਡਿਜ਼ੀਟਲ ਤਕਨੀਕਾਂ ਦੀ ਭੂਮਿਕਾ ‘ਤੇ ਕੇਂਦਰਿਤ ਰਿਹਾ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਰਾਜੇਸ਼ ਗਰੋਵਰ ਨੇ ਨੌਜਵਾਨਾਂ ਵਲੋਂ ਲਿਆਂਦੀ ਜਾ ਰਹੀ ਕਮਾਲ ਦੀ ਨਵੀਨਤਾ ਅਤੇ ਰਚਨਾਤਮਿਕਤਾ ‘ਤੇ ਚਾਨਣਾ ਪਾਉਂਦਿਆ ਕਿਹਾ ਕਿ ਨੌਜਵਾਨ ਵਰਗ ਸਿਰਫ਼ ਤਕਨੀਕਾਂ ਨੂੰ ਵਰਤੋਂ ਕਰਨ ਵਾਲੇ ਹੀ ਨਹੀਂ ਹਨ ਸਗੋਂ ਇਹ ਨਵੀਆਂ —ਨਵੀਆਂ ਖੋਜਾਂ ਕਰਨ ਅਤੇ ਤਬਦੀਲੀਆਂ ਲਿਆਉਣ ਵਾਲੇ ਆਗੂ ਹਨ। ਨੌਜਵਾਨ ਸ਼ਕਤੀ ਜਿੱਥੇ ਸਿੱਖਿਆ ਦੇ ਪਾੜੇ ਨੂੰ ਪੂਰ ਰਹੀ ਹੈ, ਉੱਥੇ ਹੀ ਇਹ ਜਲਵਾਯੂ ਪ੍ਰਤੀ ਯਤਨਾਂ ਦੀ ਵਕਾਲਤ ਦੇ ਨਾਲ—ਨਾਲ ਤਰੱਕੀ ਤੇ ਵਿਕਾਸ ਲਈ ਡਿਜ਼ਟੀਲ ਤਕਨੀਕਾਂ ਨੂੰ ਅਮਲ ਵਿਚ ਵੀ ਲਿਆ ਰਹੇ ਹਨ, ਜਿਸ ਨਾਲ ਸੁਨਹਿਰੇ ਅਤੇ ਸਥਾਈ ਭਵਿੱਖ ਦਾ ਰਾਹ ਪੱਧਰਾ ਹੋ ਰਿਹਾ ਹੈ। ਉਨ੍ਹਾਂ ਵਿਦਿਅਰਥੀਆਂ ਅਤੇ ਅਧਿਆਪਕਾਂ ਨੂੰ ਡਿਜੀਟਲ ਸਿੱਖਿਆ ਅਤੇ ਨਵੀਨਤਾ ਵੱਲ ਲੱਗਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਡਿਜ਼ੀਟਲ ਤਕਨੀਕਾਂ ਦੀ ਮੁਹਾਰਤ, ਜੋਸ਼ ਅਤੇ ਵਚਨਬੱਧਤਾ ਨਾਲ ਹੀ ਸਥਾਈ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਸ ਮੌਕੇ ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੌਜੀ ਜਲੰਧਰ ਦੇ ਸਹਾਇਕ ਪ੍ਰੋਫ਼ੈਸਰ ਡਾ.ਮਹੇਸ਼ ਸਾਹ ਮੁਖ ਬੁਲਾਰੇ ਵਜੋਂ ਹਾਜ਼ਰ ਹੋਏ। ਉਨ੍ਹਾਂ ਵਲੋਂ ਸਥਾਈ ਵਿਕਾਸ ਨੂੰ ਅੱਗੇ ਵਧਾਉਣ ਲਈ ਡਿਜ਼ੀਟਲ ਤਕਨੀਕਾਂ ਦੀ ਭੂਮਿਕਾਂ *ਤੇ ਲੈਕਚਰ ਦਿੱਤਾ । ਉਨ੍ਹਾਂ ਦੱਸਿਆ ਕਿ ਕੰਪਿਊ਼ਟਰ ਯੁੱਗ ਨੇ ਕਿਵੇਂ ਤਰੱਕੀ ਦੇ ਨਵੇਂ ਰਾਹ ਖੋਲ੍ਹੇ ਹਨ।ਉਨ੍ਹਾਂ ਨੇ ਡਿਜ਼ੀਟਲ ਤਕਨੀਕਾਂ ਦੀ ਵਰਤੋਂ ਨਾਲ ਗੁੰਝਲਦਾਰ ਮੁੱਦਿਆਂ ਨੂੰ ਹੱਲ ਕਰਨ ਅਤੇ ਸਹਿਯੋਗੀ ਬਣਾਉਣ ‘ਤੇ ਨੌਜਵਾਨ ਵੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਅਜਿਹੇ ਯਤਨ ਹੀ ਹੋਰ ਸਥਿਰਤਾ ਦੀ ਪ੍ਰਾਪਤੀ ਲਈ ਦੁਨੀਆਂ ਵਿਚ ਲੋੜੀਂਦੀਆਂ ਤਬਦੀਲੀਆਂ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਨੌਜਾਵਾਨ ਵਰਗ ਆਨਲਾਈਨ ਫ਼ੋਰਮਾਂ ਅਤੇ ਵਰਚੂਅਲ ਇਨਕੂਵੇਟਰਾਂ ਰਾਹੀਂ ਪ੍ਰਭਾਵਸ਼ਾਲੀ ਹੱਲ ਤਿਆਰ ਕਰਨ ਲਈ ਸਾਂਝੇਦਾਰੀ ਕਰ ਰਹੇ ਹਨ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਡਿਜ਼ੀਟਲ ਸ਼ਮੂਲੀਅਤ ਅਰਥਪੂਰਨ ਤਰੱਕੀ ਵੱਲ ਲਿਜਾ ਸਕਦੀ ਹੈ।

Written By
The Punjab Wire