ਗੁਰਦਾਸਪੁਰ, 17 ਦਿਸੰਬਰ (ਮੰਨਣ ਸੈਣੀ)। ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਬਤੌਰ ਗੈਸਟ ਫੈਕਲਟੀ ਕੰਮ ਕਰ ਰਹੇ ਲੈਕਚਰਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਰਹਨੁਮਾਈ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇ। ਅਧਿਆਪਕਾਂ ਨੇ ਸ. ਬਾਦਲ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ। ਜਿਸਤੇ ਸ. ਬਾਦਲ ਵੱਲੋਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਆਉਣ ਤੇ ਉਨ੍ਹਾਂ ਦੀਆਂ ਮੰਗਾਂ ਹੱਲ ਕਰਨ ਦਾ ਵਿਸ਼ਵਾਸ਼ ਦਵਾਇਆ ਗਿਆ।
ਅਧਿਆਪਕਾਂ ਨੇ ਸਰਦਾਰ ਬਾਦਲ ਨੂੰ ਦੱਸਿਆ ਕਿ ਪਿਛਲੀ ਅਕਾਲੀ ਸਰਕਾਰ ਸਮੇਂ ਸਰਦਾਰ ਬੱਬੇਹਾਲੀ ਦੀ ਰਹਨੁਮਾਈ ਵਿਚ ਉਨ੍ਹਾਂ ਨੂੰ ਮਿਲੇ ਸਨ। ਜਿਸ ਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਵੇਲੇ ਦੇ ਉੱਚ ਸਿੱਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਕਹਿ ਕੇ ਉਨ੍ਹਾਂ ਦੀਆਂ ਤਨਖ਼ਾਹਾਂ ਵਧਾਈਆਂ ਸਨ ਅਤੇ ਇੱਕ ਸਾਲ ਤੋਂ ਰੁਕੀਆਂ ਹੋਈਆਂ ਤਨਖ਼ਾਹਾਂ ਦਵਾਈਆਂ ਸਨ। ਪਰ ਪਿਛਲੇ ਪੰਜ ਸਾਲਾਂ ਵਿੱਚ ਕਾਂਗਰਸ ਸਰਕਾਰ ਨੇ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਕੋਈ ਵਾਧਾ ਨਹੀਂ ਕੀਤਾ। ਜਦੋਂ ਕਿ ਉਹਨ ਨੂੰ ਨੌਕਰੀ ਕਰਦਿਆਂ ਦਸ ਤੋਂ ਪੰਦਰਾਂ ਸਾਲ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਘੱਟ ਤਨਖਾਹਾਂ ਵਿੱਚ ਉਹਨਾਂ ਲਈ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ। ਕਾਂਗਰਸ ਸਰਕਾਰ ਦੇ ਲਾਰਿਆਂ ਤੋਂ ਹੁਣ ਉਹ ਥੱਕ ਚੁੱਕੇ ਹਨ। ਇਸ ਲਈ ਹੁਣ ਉਹਨਾਂ ਨੂੰ ਅਕਾਲੀ ਦਲ ਤੋਂ ਕੀ ਉਮੀਦਾਂ ਹਨ।
ਅਧਿਆਪਕਾਂ ਦੀਆਂ ਮੰਗਾਂ ਨੂੰ ਗੌਰ ਨਾਲ ਸੁਣਨ ਤੋਂ ਬਾਅਦ ਸਰਦਾਰ ਬਾਦਲ ਨੇ ਵਿਸ਼ਵਾਸ਼ ਦਵਾਇਆ ਕਿ ਅਕਾਲੀ ਦਲ ਦੀ ਸਰਕਾਰ ਬਣਨ ਤੇ ਉਨ੍ਹਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ। ਜਿਸ ਤੋਂ ਬਾਅਦ ਸਮੂਹ ਅਧਿਆਪਕਾਂ ਨੇ 2022 ਦੀਆਂ ਚੋਣਾਂ ਵਿਚ ਅਕਾਲੀ ਦਲ ਦਾ ਸਮਰਥਨ ਕਰਨ ਦਾ ਵਿਸ਼ਵਾਸ ਦੁਆਇਆ।