ਦੀਨਾਨਗਰ/ਗੁਰਦਾਸਪੁਰ, 7 ਮਾਰਚ 2026 (ਮੰਨਣ ਸੈਣੀ)। ਸਮੱਗਰ ਸਿੱਖਿਆ ਅਭਿਆਨ ਦੇ ਤਹਿਤ ਐਸ.ਐਸ ਐਮ.ਕਾਲਜ ਦੀਨਾਨਗਰ ਵਿਖੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਵਧਾਉਣ ਦੇ ਮੰਤਵ ਨਾਲ ਬਲਾਕ ਪੱਧਰੀ ਇੱਕ ਦਿਨਾਂ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਰਮਜੀਤ ਕੌਰ ਦੀ ਦੇਖਰੇਖ ਹੇਠ ਅਤੇ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ ਦੀ ਅਗਵਾਈ ਵਿੱਚ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਬਲਾਕਾਂ ਦੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ, ਸਹਾਇਕ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਮੁਕੇਸ਼ ਵਰਮਾ ਅਤੇ ਰਿਸੋਰਸ ਪਰਸਨ ਹਰਿਸ਼ ਕੁਮਾਰ ਵੱਲੋਂ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਜੁੜੇ ਕਈ ਮਹੱਤਵਪੂਰਨ ਵਿਸ਼ਿਆਂ ‘ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਮਾਸਟਰ ਟ੍ਰੇਨਿੰਗ ਮੁਕੇਸ਼ ਵਰਮਾ ਨੇ ਪੋਕਸੋ ਐਕਟ 2012, ਜੂਵੇਨਾਈਲ ਜਸਟਿਸ ਐਕਟ 2015, ਚਾਈਲਡ ਲੇਬਰ ਐਕਟ 1986, ਸੀਪੀਸੀਆਰ ਐਕਟ 2005, ਆਰਟੀਈ ਐਕਟ 2009, ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼, ਐਨਡੀਐਮਏ ਗਾਈਡਲਾਈਨਜ਼ 2021, ਡਿਜਾਸਟਰ ਮੈਨੇਜਮੈਂਟ, ਸਾਇਬਰ ਸੁਰੱਖਿਆ ਅਤੇ ਰੋਡ ਸੇਫਟੀ ਵਰਗੇ ਵਿਸ਼ਿਆਂ ਬਾਰੇ ਅਧਿਆਪਕਾਂ ਨੂੰ ਜਾਗਰੂਕ ਕੀਤਾ।
ਜ਼ਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ ਨੇ ਕਿਹਾ ਕਿ ਸਕੂਲਾਂ ਵਿੱਚ ਸੁਰੱਖਿਆ ਮਾਪਦੰਡਾਂ ਦੀ ਪ੍ਰਭਾਵਸ਼ਾਲੀ ਪਾਲਣਾ ਵਿਦਿਆਰਥੀਆਂ ਦੇ ਸਰਬ ਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ।
ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ ਵਿੱਚ ਸੁਰੱਖਿਅਤ ਅਤੇ ਵਧੀਆ ਵਾਤਾਵਰਣ ਬਣਾਉਣ ਲਈ ਆਪਣੀ ਭੂਮਿਕਾ ਨਿਭਾਉਣ ਅਤੇ ਵਿਦਿਆਰਥੀਆਂ ਪ੍ਰਤੀ ਸੰਵੇਦਨਸ਼ੀਲ ਅਤੇ ਜਾਗਰੂਕ ਰਹਿਣ ਦਾ ਸੰਦੇਸ਼ ਦਿੱਤਾ।
ਇਸ ਦੌਰਾਨ ਰਿਸੋਰਸ ਪਰਸਨ ਹਰਿਸ਼ ਕੁਮਾਰ ਨੇ ਕਰੀਅਰ ਐਡਵਾਈਜ਼ਰ ਐਪ ਰਾਹੀਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਅਤੇ ਯੋਗਤਾ ਅਨੁਸਾਰ ਯੋਗ ਅਗਵਾਈ ਦੇਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਕਾਲਜ ਪ੍ਰਿੰਸੀਪਲ ਆਰ.ਕੇ. ਤੁਲੀ, ਪ੍ਰੋ. ਪ੍ਰਮੋਦ ਗਰੋਵਰ, ਸੋਨੂ ਮੰਗੋਤਰਾ, ਸੁਸ਼ਮਾ ਅਤਰੀ ਸਮੇਤ ਵੱਖ-ਵੱਖ ਬਲਾਕਾਂ ਤੋਂ ਆਏ ਅਧਿਆਪਕ ਵੀ ਮੌਜੂਦ ਸਨ।