ਗੁਰਦਾਸਪੁਰ, 17 ਦਿਸੰਬਰ (ਮੰਨਣ ਸੈਣੀ)।ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੀ ਚੋਣ ਪ੍ਰਕਿਰਿਆ ਦੇਰ ਸ਼ਾਮ ਸਮਾਪਤ ਹੋ ਗਈ। ਰਿਟਰਨਿੰਗ ਅਫ਼ਸਰ ਐਡਵੋਕੇਟ ਪੰਕਜ ਤਿਵਾੜੀ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਰਾਹੁਲ ਵਸ਼ਿਸਟ ਨੇ ਸ਼ਾਮ 6 ਵਜੇ ਵੋਟਾਂ ਦੀ ਗਿਣਤੀ ਤੋਂ ਬਾਅਦ ਵੱਖ-ਵੱਖ ਅਹੁਦਿਆਂ ਦੇ ਨਤੀਜੇ ਐਲਾਨੇ | ਜਿਸ ਵਿੱਚ ਰਾਕੇਸ਼ ਸ਼ਰਮਾ ਨੂੰ ਮੁੜ ਜ਼ਿਲਾ ਬਾਰ ਐਸੋਸਿਏਸ਼ਨ ਦਾ ਪ੍ਰਧਾਨ ਐਲਾਨਿਆ ਗਿਆ।
ਉਨ੍ਹਾਂ ਦੱਸਿਆ ਕਿ ਕੁੱਲ 655 ਵਕੀਲਾਂ ਨੂੰ ਵੋਟ ਦਾ ਅਧਿਕਾਰ ਸੀ। ਜਿਸ ਵਿੱਚੋਂ 561 ਵਕੀਲਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਚੋਣ ਨਤੀਜਿਆਂ ‘ਚ ਇਕ ਵਾਰ ਫਿਰ ਐਡਵੋਕੇਟ ਰਾਕੇਸ਼ ਸ਼ਰਮਾ ਨੇ ਸਭ ਤੋਂ ਅਹਿਮ ਅਹੁਦੇ ‘ਤੇ ਜਿੱਤ ਹਾਸਲ ਕੀਤੀ ਹੈ। ਰਾਕੇਸ਼ ਸ਼ਰਮਾ ਨੇ ਐਡਵੋਕੇਟ ਨਰੇਸ਼ ਠਾਕੁਰ ਨੂੰ 60 ਵੋਟਾਂ ਨਾਲ ਹਰਾਇਆ। ਰਾਕੇਸ਼ ਸ਼ਰਮਾ ਨੂੰ ਕੁੱਲ 309 ਵੋਟਾਂ ਮਿਲੀਆਂ। ਜਦਕਿ ਨਰੇਸ਼ ਠਾਕੁਰ ਨੂੰ 249 ਵੋਟਾਂ ਮਿਲੀਆਂ। ਉਪ ਪ੍ਰਧਾਨ ਦੇ ਅਹੁਦੇ ਦੇ ਨਤੀਜੇ ਵਿੱਚ ਨਰਪਿੰਦਰ ਪਾਲ ਸਿੰਘ ਲੇਹਲ ਨੇ ਐਡਵੋਕੇਟ ਹਰਜੀਤ ਸਿੰਘ ਨੂੰ ਵੱਡੇ ਫਰਕ ਨਾਲ ਹਰਾਇਆ। ਸਕੱਤਰ ਦੇ ਅਹੁਦੇ ਲਈ ਹੋਏ ਮੁਕਾਬਲੇ ਵਿੱਚ ਐਡਵੋਕੇਟ ਹਰਮੀਤ ਸਿੰਘ ਨੇ ਬਹੁਤ ਹੀ ਦਿਲਚਸਪ ਅਤੇ ਸਖ਼ਤ ਮੁਕਾਬਲੇ ਵਿੱਚ ਅਖਿਲ ਮਹਾਜਨ ਨੂੰ 33 ਵੋਟਾਂ ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਖਜ਼ਾਨਚੀ ਦੇ ਮੁਕਾਬਲੇ ਵਿੱਚ ਗਗਨਦੀਪ ਸਿੰਘ ਸੈਣੀ ਨੇ ਰੋਹਿਣੀ ਸ਼ਰਮਾ ਨੂੰ 371 ਵੋਟਾਂ ਨਾਲ ਹਰਾਇਆ। ਗਗਨਦੀਪ ਸੈਣੀ ਨੂੰ 413 ਵੋਟਾਂ ਮਿਲੀਆਂ। ਜਦਕਿ ਰੋਹਿਣੀ ਨੂੰ 142 ਵੋਟਾਂ ਮਿਲੀਆਂ।
ਉਪਰੋਕਤ ਅਹੁਦਿਆਂ ਲਈ ਸ਼ੁੱਕਰਵਾਰ ਸਵੇਰੇ 9.30 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਸੀ। ਜੋ ਸ਼ਾਮ 4.30 ਵਜੇ ਤੱਕ ਜਾਰੀ ਰਹੀ। ਇਸ ਦੌਰਾਨ ਅਦਾਲਤ ਵਿੱਚ ਵਕੀਲਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਸਾਰੇ ਲੋਕਾਂ ਦੀਆਂ ਨਜ਼ਰਾਂ ਖਾਸ ਤੌਰ ‘ਤੇ ਹੈੱਡ ਪੋਸਟ ‘ਤੇ ਟਿਕੀਆਂ ਹੋਈਆਂ ਸਨ। ਵਕੀਲਾਂ ਵੱਲੋਂ ਆਪੋ-ਆਪਣੇ ਧੜੇ ਦੇ ਅਹੁਦੇਦਾਰਾਂ ਨੂੰ ਜਿਤਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਸਨ। ਇਸੇ ਦੌਰਾਨ ਸ਼ਾਮ ਕਰੀਬ ਛੇ ਵਜੇ ਜਿਉਂ ਹੀ ਰਿਟਰਨਿੰਗ ਅਧਿਕਾਰੀਆਂ ਵੱਲੋਂ ਰਾਕੇਸ਼ ਸ਼ਰਮਾ ਨੂੰ ਜਿੱਤ ਤੋਂ ਬਾਅਦ ਪ੍ਰਧਾਨ ਐਲਾਨਿਆ ਗਿਆ ਤਾਂ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਦੌੜ ਗਈ। ਸ਼ਰਮਾ ਦੇ ਸਮਰਥਕਾਂ ਵਿਚ ਇਕਦਮ ਜਸ਼ਨ ਦਾ ਮਾਹੌਲ ਬਣ ਗਿਆ ਅਤੇ ਉਹ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗੇ। ਪ੍ਰਧਾਨ ਰਾਕੇਸ਼ ਸ਼ਰਮਾ ਨੇ ਸਮੂਹ ਵਕੀਲਾਂ ਨੂੰ ਭਰੋਸਾ ਦਿਵਾਇਆ ਕਿ ਉਹ ਵਕੀਲਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ |