ਪੁਲਿਸ ਦੇ ਦਾਵਿਆਂ ਦੀ ਖੁੱਲ੍ਹੀ ਪੋਲ: ਪੈਂਡਿੰਗ ਕੇਸਾਂ ‘ਤੇ ਚੁੱਕੇ ਸਵਾਲ
ਗੁਰਦਾਸਪੁਰ, 7 ਮਾਰਚ 2026 (ਮੰਨਣ ਸੈਣੀ)। ਸਥਾਨਕ ਰੈਸਟੋਰੈਂਟ ਵਿੱਚ ਆਯੋਜਿਤ ਵਪਾਰ ਮੰਡਲ ਦੀ ਇੱਕ ਅਹਿਮ ਮੀਟਿੰਗ ਵਿੱਚ ਸ਼ਹਿਰ ਦੀ ਡਗਮਗਾ ਰਹੀ ਸੁਰੱਖਿਆ ਵਿਵਸਥਾ ‘ਤੇ ਡੂੰਘੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਨੇ ਪਿਛਲੇ ਦਿਨੀਂ ਇੱਕ ਸੁਨਿਆਰੇ ਦੇ ਘਰ ਹੋਈ ਲਗਭਗ 7 ਤੋਂ 8 ਕਰੋੜ ਰੁਪਏ ਦੀ ਸਨਸਨੀਖੇਜ਼ ਡਕੈਤੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਵਪਾਰੀ ਹੁਣ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ।
ਦਿਨ-ਦਿਹਾੜੇ ਹੋਈ ਡਕੈਤੀ ਨੇ ਦਹਿਲਾਇਆ ਸ਼ਹਿਰ
ਦਰਸ਼ਨ ਮਹਾਜਨ ਨੇ ਘਟਨਾ ਦਾ ਵੇਰਵਾ ਦਿੰਦਿਆਂ ਕਿਹਾ ਕਿ ਨਿਹੰਗ ਸਿੰਘਾਂ ਦੇ ਭੇਸ ਵਿੱਚ ਆਏ ਪੰਜ ਹਥਿਆਰਬੰਦ ਲੁਟੇਰਿਆਂ ਨੇ ਜਿਸ ਤਰ੍ਹਾਂ ਦਿਨ-ਦਿਹਾੜੇ ਇੱਕ ਸੁਨਿਆਰੇ ਦੇ ਘਰ ਵਿੱਚ ਦਾਖਲ ਹੋ ਕੇ ਔਰਤਾਂ ਅਤੇ ਬੱਚਿਆਂ ਦੇ ਸਿਰਾਂ ‘ਤੇ ਪਿਸਤੌਲ ਤਾਣ ਕੇ ਕਰੋੜਾਂ ਦੀ ਲੁੱਟ ਕੀਤੀ, ਉਹ ਪ੍ਰਸ਼ਾਸਨ ਲਈ ਖੁੱਲਾ ਚੈਲੇਜ ਹੈ। ਉਨ੍ਹਾਂ ਕਿਹਾ:
“ਵਪਾਰੀ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਸਭ ਤੋਂ ਵੱਡਾ ਟੈਕਸ ਦਾਤਾ ਵੀ ਹੈ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਸੁਰੱਖਿਆ ਯਕੀਨੀ ਨਹੀਂ ਬਣਾ ਸਕਦੇ, ਤਾਂ ਇਹ ਉਨ੍ਹਾਂ ਦੀ ਕਾਰਜਪ੍ਰਣਾਲੀ ‘ਤੇ ਵੱਡਾ ਸਵਾਲੀਆ ਨਿਸ਼ਾਨ ਹੈ।”

ਪੁਲਿਸ ਦੇ ਦਾਵਿਆਂ ਦੀ ਖੁੱਲ੍ਹੀ ਪੋਲ: ਪੈਂਡਿੰਗ ਕੇਸਾਂ ‘ਤੇ ਚੁੱਕੇ ਸਵਾਲ
ਪ੍ਰਧਾਨ ਮਹਾਜਨ ਨੇ ਪੁਲਿਸ ਪ੍ਰਸ਼ਾਸਨ ‘ਤੇ ਗੁੰਮਰਾਹ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਪੁਰਾਣੇ ਮਾਮਲੇ ਸੁਲਝਾਉਣ ਦੇ ਝੂਠੇ ਦਾਅਵੇ ਕਰ ਰਿਹਾ ਹੈ। ਉਨ੍ਹਾਂ ਲੰਬਿਤ ਪਏ ਮਾਮਲਿਆਂ ਦੀ ਸੂਚੀ ਸਾਂਝੀ ਕੀਤੀ:
- ਰਾਮ ਲੁਭਾਇਆ ਜਵੈਲਰ: ਘਰ ‘ਤੇ ਡਕੈਤੀ ਅਤੇ ਫਾਇਰਿੰਗ ਦਾ ਮਾਮਲਾ ਅਜੇ ਤੱਕ ਅਣਸੁਲਝਿਆ।
- ਸਿਆਲਕੋਟੀ ਜਵੈਲਰ: ਕਰੋੜਾਂ ਦੀ ਚੋਰੀ ਦੇ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ।
- ਹੋਰ ਵਾਰਦਾਤਾਂ: ਇੰਪਰੂਵਮੈਂਟ ਟਰੱਸਟ ਨਿਵਾਸੀ ਬਹਿਲ ਅਤੇ ਅਸ਼ਵਨੀ ਸਵਾਰਾ ਦੇ ਘਰਾਂ ਵਿੱਚ ਹੋਈ ਲੱਖਾਂ ਦੀ ਚੋਰੀ ‘ਤੇ ਪੁਲਿਸ ਦੀ ਚੁੱਪ।
ਵਪਾਰ ਮੰਡਲ ਨੇ ਮੰਗ ਕੀਤੀ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਪੜਤਾਲ ਤੇਜ਼ ਕੀਤੀ ਜਾਵੇ ਅਤੇ ਅਸਲੀਅਤ ਵਪਾਰੀਆਂ ਦੇ ਸਾਹਮਣੇ ਰੱਖੀ ਜਾਵੇ।
ਵਪਾਰੀਆਂ ਦੀਆਂ ਮੁੱਖ ਮੰਗਾਂ ਅਤੇ ਸਰਕਾਰ ਤੋਂ ਉਮੀਦਾਂ
ਮੀਟਿੰਗ ਦੌਰਾਨ ਸਿਰਫ ਸੁਰੱਖਿਆ ਹੀ ਨਹੀਂ, ਸਗੋਂ ਆਰਥਿਕ ਨਿਆਂ ਦੀ ਵੀ ਮੰਗ ਉਠਾਈ ਗਈ:
- ਜੀ.ਐੱਸ.ਟੀ. ਅਤੇ ਬਿਜਲੀ ਦਰਾਂ: ਸਭ ਤੋਂ ਵੱਧ ਜੀ.ਐੱਸ.ਟੀ. ਭਰਨ ਵਾਲੇ ਵਪਾਰੀਆਂ ਨੂੰ ਵੀ ਉਦਯੋਗਾਂ (ਇੰਡਸਟਰੀ) ਦੀ ਤਰਜ਼ ‘ਤੇ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲਣੀ ਚਾਹੀਦੀ ਹੈ।
- ਸੁਰੱਖਿਆ ਦੀ ਗਾਰੰਟੀ: ਡੇਰਾ ਬਾਬਾ ਨਾਨਕ, ਅਬੋਹਰ ਅਤੇ ਮੋਗਾ ਵਰਗੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਗਈ ਕਿ ਵਪਾਰੀਆਂ ਦੇ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਉਚਿਤ ਮੁਆਵਜਾ ਦਿੱਤਾ ਜਾਵੇ।
- ਬਰਾਮਦਗੀ ਵਿੱਚ ਤੇਜ਼ੀ: ਤਾਜ਼ਾ 7-8 ਕਰੋੜ ਦੀ ਲੁੱਟ ਦੀ ਸੌ ਫੀਸਦੀ ਬਰਾਮਦਗੀ ਜਲਦੀ ਤੋਂ ਜਲਦੀ ਕੀਤੀ ਜਾਵੇ।
ਅਗਲੀ ਰਣਨੀਤੀ: 15 ਮਾਰਚ ਨੂੰ ਹੋਵੇਗਾ ‘ਆਰ-ਪਾਰ’ ਦਾ ਫੈਸਲਾ
ਵਪਾਰ ਮੰਡਲ ਨੇ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਅਤੇ ਸੁਰੱਖਿਆ ਵੱਲ ਧਿਆਨ ਨਾ ਦਿੱਤਾ ਗਿਆ, ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਪਾਰੀ ਦਿਵਸ ਦੇ ਮੌਕੇ ਤੇ 15 ਮਾਰਚ ਨੂੰ ਅੰਮ੍ਰਿਤਸਰ ਵਿਖੇ ਇੱਕ ਵਿਸ਼ਾਲ ਸੂਬਾ ਪੱਧਰੀ ਸੰਮੇਲਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵਪਾਰੀਆਂ ਦੀਆਂ ਮੰਗਾ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਮਹਾਜਨ ਨੇ ਸਪੱਸ਼ਟ ਕੀਤਾ ਕਿ ਜੇਕਰ ਹਾਲਾਤ ਨਾ ਸੁਧਰੇ, ਤਾਂ ਮਜਬੂਰਨ ਕਾਰੋਬਾਰੀ ਅਦਾਰੇ ਬੰਦ ਕਰਕੇ ਹੜਤਾਲਾਂ ਦਾ ਦੌਰ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਤੇ ਵੱਖ ਵੱਖ ਵਪਾਰ ਨਾਲ ਸੰਬੰਧਿਤ ਵਪਾਰੀ ਅਤੇ ਕਾਰੋਬਾਰੀ ਮੌਜੂਦ ਸਨ।