Close

Recent Posts

CORONA ਪੰਜਾਬ

ਦੋ ਸਰਕਾਰੀ ਸਕੂਲਾਂ ਦਾ ਨਾਮ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਨਾਂ ‘ਤੇ ਰੱਖਿਆ

ਦੋ ਸਰਕਾਰੀ ਸਕੂਲਾਂ ਦਾ ਨਾਮ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਨਾਂ ‘ਤੇ ਰੱਖਿਆ
  • PublishedNovember 3, 2020

ਚਾਰ ਹੋਰ ਸਰਕਾਰੀ ਸਕੂਲਾਂ ਦੇ ਨਾਮ ਵੀ ਸ਼ਹੀਦ ਫ਼ੌਜੀ ਜਵਾਨਾਂ ਦੇ ਨਾਂ ‘ਤੇ ਰੱਖੇ: ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ

ਚੰਡੀਗੜ, 3 ਨਵੰਬਰ:ਪੰਜਾਬ ਸਰਕਾਰ ਨੇ ਜੱਲਿਆਂਵਾਲਾ ਬਾਗ਼ ਦੇ ਸਾਕੇ ਦਾ ਬਦਲਾ ਲੈਣ ਵਾਲੇ ਮਹਾਨ ਕ੍ਰਾਂਤੀਕਾਰੀ ਅਤੇ ਉਘੇ ਆਜ਼ਾਦੀ ਘੁਲਾਟੀਏ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸਤਿਕਾਰ ਭੇਟ ਕਰਦਿਆਂ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਦੇ ਦੋ ਸਰਕਾਰੀ ਸਕੂਲਾਂ ਦਾ ਨਾਮ ਬਦਲ ਕੇ ਉਨਾਂ ਦੇ ਨਾਮ ‘ਤੇ ਰੱਖਣ ਦਾ ਫ਼ੈਸਲਾ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਮਹਾਨ ਕ੍ਰਾਂਤੀਕਾਰੀਆਂ ਦੀ ਸਦਾ ਰਿਣੀ ਰਹੇਗੀ ਅਤੇ ਉਨਾਂ ਦਾ ਬਣਦਾ ਮਾਣ-ਸਤਿਕਾਰ ਕਾਇਮ ਰੱਖਣ ਲਈ ਹਮੇਸ਼ਾ ਵਚਨਬੱਧ ਹੈ।

ਇਸੇ ਲੜੀ ਤਹਿਤ ਸੂਬਾ ਸਰਕਾਰ ਨੇ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸ਼ਰਧਾ ਭੇਟ ਕਰਦਿਆਂ ਜ਼ਿਲਾ ਸੰਗਰੂਰ ਦੇ ਦੋ ਸਰਕਾਰੀ ਸਕੂਲਾਂ ਦਾ ਨਾਮ ਬਦਲ ਕੇ ਸ਼ਹੀਦ ਦੇ ਨਾਂ ‘ਤੇ ਰੱਖਿਆ ਹੈ।ਸਿੱਖਿਆ ਮੰਤਰੀ ਨੇ ਕਿਹਾ ਕਿ ਹੁਣ ਤੋਂ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨੂੰ ਕ੍ਰਮਵਾਰ ਸ਼ਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਜੋਂ ਜਾਣਿਆ ਜਾਵੇਗਾ। ਮੰਤਰੀ ਨੇ ਅੱਗੇ ਕਿਹਾ ਕਿ ਗ਼ਦਰ ਪਾਰਟੀ ਦੇ ਮੋਹਰੀ ਕ੍ਰਾਂਤਕਾਰੀ, ਜਿਨਾਂ ਨੇ 13 ਮਾਰਚ 1940 ਨੂੰ ਲੰਡਨ ਵਿਚ ਸਾਬਕਾ ਲੈਫ਼ਟੀਨੈਂਟ ਗਵਰਨਰ ਮਾਈਕਲ ਓ‘ ਡਵਾਇਅਰ ਦਾ ਕਤਲ ਕਰਕੇ ਜੱਲਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ ਲਿਆ, ਦੀਆਂ ਯਾਦਾਂ ਅਤੇ ਹੋਰ ਸਬੰਧਤ ਸਾਜ਼ੋ-ਸਾਮਾਨ ਸਾਂਭਣ ਲਈ ਸੁਨਾਮ ਊਧਮ ਸਿੰਘ ਵਾਲਾ ਵਿਖੇ ਇੱਕ ਯਾਦਗਾਰ ਵੀ ਸਥਾਪਤ ਕੀਤੀ ਜਾ ਰਹੀ ਹੈ।

ਸਿੰਗਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲਾ ਮੋਗਾ ਦੇ ਦੋ ਸਕੂਲਾਂ; ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਮਾਧ ਭਾਈ) ਅਤੇ ਸਰਕਾਰੀ ਪ੍ਰਾਇਮਰੀ ਸਕੂਲ (ਖੋਟੇ) ਦਾ ਨਾਂ ਬਦਲ ਕੇ ਕ੍ਰਮਵਾਰ ਸ਼ਹੀਦ ਸੀ.ਐਚ.ਐਮ. ਤੇਜਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸ਼ਹੀਦ ਗਨਰ ਸੁਰੈਣ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਰੱਖਿਆ ਗਿਆ ਹੈ।ਇਸੇ ਤਰਾਂ ਜ਼ਿਲਾ ਫ਼ਰੀਦਕੋਟ ਦੇ ਸਰਕਾਰੀ ਮਿਡਲ ਸਕੂਲ, ਝੋਟੀਵਾਲਾ ਦਾ ਨਾਮ ਬਦਲ ਕੇ ਸ਼ਹੀਦ ਹਵਾਲਦਾਰ ਸੁਖਵਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਪਸਨਾਵਾਲ ਜ਼ਿਲਾ ਗੁਰਦਾਸਪੁਰ ਦਾ ਨਾਂ ਬਦਲ ਕੇ ਸ਼ਹੀਦ ਸਿਪਾਹੀ ਗੁਰਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਪਸਨਾਵਾਲ ਰੱਖਿਆ ਗਿਆ ਹੈ।    

Written By
The Punjab Wire