ਚੰਡੀਗੜ, 3 ਨਵੰਬਰ: ਪੰਜਾਬ ਵਿਚ ਜਿਨਾਂ ਲੋਕਾਂ ਦੇ ਡਰਾਈਵਿੰਗ ਲਾਇਸੰਸ ਪੁਰਾਣੇ ਤਰੀਕੇ ਨਾਲ (ਮੈਨੂਅਲ ਡਰਾਈਵਿੰਗ ਲਾਇਸੰਸ) ਬਣੇ ਹੋਏ ਹਨ, ਉਹ ਹੁਣ ਆਪਣੇ ਡਰਾਈਵਿੰਗ ਲਾਇਸੰਸ ਅੱਪਗ੍ਰੇਡ ਕਰਾ ਕੇ ਡਿਜ਼ੀਟਲ ਡਰਾਈਵਿੰਗ ਲਾਇਸੰਦ ਬਣਾ ਸਕਦੇ ਹਨ। ਇਸ ਮਕਸਦ ਲਈ ਪੰਜਾਬ ਸਰਕਾਰ ਨੇ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਲੋਕਾਂ ਨੂੰ ਘਰਾਂ ’ਚੋਂ ਜਾਂ ਕਿਸੇ ਵੀ ਸਥਾਨ ਤੋਂ ਆਨਲਾਈਨ ਅਪਲਾਈ ਕਰਕੇ ਡਿਜ਼ੀਟਲ ਡਰਾਈਵਿੰਗ ਲਾਇਸੰਸ ਪ੍ਰਾਪਤ ਕਰਨ ਦੀ ਸਹੂਲਤ ਦਿੱਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਟੇਟ ਟਰਾਂਸਪੋਰਟ ਕਮਿਸਨਰ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਜਨਤਕ ਮੈਨੂਅਲ ਡਰਾਈਵਿੰਗ ਲਾਇਸੰਸ ਧਾਰਕਾਂ ਨੂੰ ‘ਸਾਰਥੀ ਵੈੱਬ ਐਪਲੀਕੇਸਨ’ ‘ਤੇ ਮਿਲਣ ਵਾਲੀਆਂ ਸਾਰੀਆਂ ਸੇਵਾਵਾਂ ਹਾਸਲ ਨਹੀਂ ਹੁੰਦੀਆਂ ਹਨ ਅਤੇ ਅਜਿਹੇ ਲਾਇਸੰਸਾਂ ਨੂੰ ਤਸਦੀਕ ਕਰਨ ਸਮੇਂ ਵੀ ਮੁਸ਼ਕਿਲ ਆਉਂਦੀ ਸੀ।
ਉਨਾਂ ਦੱਸਿਆ ਕਿ ਇਨਾਂ ਦਿੱਕਤਾਂ ਨੂੰ ਦੂਰ ਕਰਨ ਲਈ ਅਤੇ ਮੈਨੂਅਲ ਡਰਾਈਵਿੰਗ ਲਾਇਸੰਸ ਧਾਰਕਾਂ ਨੂੰ ਆਪਣੇ ਲਾਇਸੰਸ ਡਿਜ਼ੀਟਲ ਅੱਪਗ੍ਰੇਡ ਕਰਨ ਲਈ ਟਰਾਂਸਪੋਰਟ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨਾਂ ਕਿਹਾ ਕਿ ਪੁਰਾਣੇ ਤਰੀਕੇ ਨਾਲ ਦਸਤੀ ਰੂਪ ਵਿਚ ਕਾਪੀਆਂ ‘ਤੇ ਬਣੇ ਜਾਂ ਬਿਨਾਂ ਚਿੱਪ ਤੋਂ ਪਿ੍ਰੰਟਿਡ ਡਰਾਈਵਿੰਗ ਲਾਇਸੰਸਾਂ ਨੂੰ ਹੁਣ ‘ਸਾਰਥੀ ਵੈੱਬ ਐਪਲੀਕੇਸ਼ਨ’ ਜ਼ਰੀਏ ਅੱਪਗ੍ਰੇਡ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ‘ਵਾਹਨ ਅਤੇ ਸਾਰਥੀ ਐਪਲੀਕੇਸ਼ਨਾਂ’ ਦੇ ਲਾਗੂ ਹੋਣ ਤੋਂ ਪਹਿਲਾਂ ਡਰਾਈਵਿੰਗ ਲਾਇਸੰਸ ਹੱਥੀਂ ਜਾਰੀ ਕੀਤੇ ਜਾ ਰਹੇ ਸਨ। ਡਾ. ਅਮਰਪਾਲ ਨੇ ਕਿਹਾ ਕਿ ਪਹਿਲਾਂ ਲਾਇਸੰਸ ਪ੍ਰਾਪਤ ਕਰਨ ਲਈ ਸਬੰਧਤ ਰਜਿਸਟਰਿੰਗ ਅਥਾਰਟੀ ਦਫ਼ਤਰ ਜਾਣਾ ਪੈਂਦਾ ਸੀ ਅਤੇ ਬਿਨੈਕਾਰ ਨੂੰ ਬਿਨੈਪੱਤਰ ਅਤੇ ਦਸਤਾਵੇਜਾਂ ਨਾਲ ਕਈ ਵਾਰ ਦਫ਼ਤਰਾਂ ਵਿਚ ਗੇੜੇ ਮਾਰਨੇ ਪੈਂਦੇ ਸਨ। ਇਸ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਸਨ ਅਤੇ ਕਈ ਵਾਰੀ ਉਨਾਂ ਦਾ ਵਿੱਤੀ ਸ਼ੋਸ਼ਣ ਵੀ ਹੁੰਦਾ ਸੀ। ਉਨਾਂ ਕਿਹਾ ਕਿ ਅਜਿਹੀਆਂ ਮੁਸ਼ਕਲਾਂ ਨਾਲ ਨਜਿੱਠਣ ਅਤੇ ਲੋਕਾਂ ਦੀ ਸਹੂਲਤ ਲਈ ਸਾਰਥੀ ਡਾਟਾ ਬੇਸ ਵਿਚ ਡਰਾਈਵਿੰਗ ਲਾਇਸੰਸਾਂ ਨੂੰ ਅਪਡੇਟ ਕਰਨ ਲਈ ਹੀ ਵਿਸੇਸ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਸਾਰਥੀ ਵੈੱਬ ਐਪਲੀਕੇਸਨ ਵਿਚ ਨਵੀਂ ਵਿਵਸਥਾ ਸ਼ੁਰੂ ਹੋਣ ਨਾਲ ਬਿਨੈਕਾਰ ਕਿਸੇ ਵੀ ਤਰਾਂ ਦੀ ਤਬਦੀਲੀ ਲਈ ਘਰ ਤੋਂ ਹੀ ਅਪਲਾਈ ਕਰ ਸਕਦਾ ਹੈ ਅਤੇ ਸਬੰਧਤ ਅਥਾਰਟੀ ਵੱਲੋਂ ਤਸਦੀਕ ਕਰਨ ਅਤੇ ਪ੍ਰਵਾਨਗੀ ਤੋਂ ਬਾਅਦ ਆਪਣੇ ਵੇਰਵਿਆਂ ਨੂੰ ਡਾਟਾ ਬੇਸ ’ਤੇ ਆਨਲਾਈਨ ਰਜਿਸਟਰ ਕਰਵਾ ਸਕਦਾ ਹੈ। ਉਨਾਂ ਦੱਸਿਆ ਕਿ ਸਾਰਥੀ ਵੈੱਬ ਐਪਲੀਕੇਸਨ ਵਿਚ ਅਪਲਾਈ ਕਰਨ ਲਈ ਡਰਾਈਵਿੰਗ ਲਾਇਸੰਸ ਧਾਰਕਾਂ ਨੂੰ www.sarathi.parivahan.gov.in ਜਾਂ ਮੋਬਾਈਲ ਐਪ ਐਮਪਰਿਵਾਹਨ ’ਤੇ ਜਾ ਕੇ ਇਹ ਵੇਖਣਾ ਪਵੇਗਾ ਕਿ ਉਸ ਦਾ ਵੇਰਵਾ ਸਾਰਥੀ ਐਪ ਵਿਚ ਉਪਲਬਧ ਹੈ ਜਾਂ ਨਹੀਂ। ਜੇ ਬਿਨੈਕਾਰ ਦੇ ਵੇਰਵੇ ਸਾਰਥੀ ਡਾਟਾਬੇਸ ਵਿੱਚ ਨਹੀਂ ਹਨ ਤਾਂ ਬਿਨੈਕਾਰ www.punjabtransport.org ਜਾਂ www.sarathi.parivahan.gov.in ’ਤੇ ਜਾ ਕੇ ਵੇਰਵੇ ਅੱਪਡੇਟ ਕਰ ਸਕੇਗਾ ਅਤੇ ਲੋੜੀਂਦੇ ਦਸਤਾਵੇਜਾਂ ਨਾਲ ਆਪਣੇ ਮੈਨੂਅਲ ਡਰਾਈਵਿੰਗ ਲਾਇਸੰਸ ਦੀ ਸਕੈਨ ਕਾਪੀ ਜਮਾਂ ਕਰੇਗਾ। ਡਾ. ਅਮਰਪਾਲ ਸਿੰਘ ਨੇ ਅੱਗੇ ਕਿਹਾ ਕਿ ਸਬੰਧਤ ਕਲਰਕ ਬਿਨੈਕਾਰ ਵੱਲੋਂ ਅੱਪਲੋਡ ਕੀਤੇ ਦਸਤਾਵੇਜਾਂ ਦੀ ਤਸਦੀਕ ਕਰੇਗਾ ਅਤੇ ਇਸ ਨੂੰ ਮੰਜ਼ੂਰੀ ਲਈ ਲਾਇਸੰਸਿੰਗ ਤੇ ਰਜਿਸਟਰਿੰਗ ਅਥਾਰਟੀ ਨੂੰ ਭੇਜੇਗਾ। ਡਿਜ਼ੀਟਲ ਫਾਈਲ ਅਤੇ ਨੱਥੀ ਕੀਤੇ ਰਿਕਾਰਡ ਦੇ ਅਧਾਰ ’ਤੇ ਸਬੰਧਤ ਅਥਾਰਟੀ ਤੁਰੰਤ ਬਿਨੈਪੱਤਰ ਨੂੰ ਮੰਜ਼ੂਰ ਜਾਂ ਨਾ-ਮੰਜ਼ੂਰ ਕਰੇਗਾ। ਇੱਕ ਵਾਰ ਬਿਨੈਪੱਤਰ ਨੂੰ ਪ੍ਰਵਾਨਗੀ ਮਿਲਣ ਬਾਅਦ ਲਾਇਸੰਸ ਧਾਰਕ ਐਮਪਰਿਵਾਹਨ ਮੋਬਾਈਲ ਐਪ ਜਾਂ ਡਿਜੀਲਾਕਰ ਵਿੱਚ ਡਰਾਈਵਿੰਗ ਲਾਇਸੰਸ ਡਾਊਨਲੋਡ ਕਰਨ ਯੋਗ ਹੋ ਜਾਵੇਗਾ। ਬਿਨੈਕਾਰ ਨੂੰ ਸਮਾਰਟ ਕਾਰਡ ਡਰਾਇਵਿੰਗ ਲਾਇਸੰਸ ਵੀ ਜਾਰੀ ਕੀਤਾ ਜਾਵੇਗਾ।
ਸਟੇਟ ਟਰਾਂਸਪੋਰਟ ਕਮਿਸਨਰ ਨੇ ਅੱਗੇ ਦੱਸਿਆ ਕਿ ਡੀਲਿੰਗ ਕਲਰਕ ਤੋਂ ਲੌਗਇਨ ਆਈ.ਡੀਜ਼. ਵਿੱਚ ਡਾਟਾਬੇਸ ’ਚ ਸੋਧ ਕਰਨ ਦੀ ਅਥਾਰਟੀ ਲੈ ਲਈ ਗਈ ਹੈ ਤਾਂ ਜੋ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਅੰਕੜਿਆਂ ਵਿਚ ਕੋਈ ਫੇਰਬਦਲ ਨਾ ਕੀਤਾ ਜਾ ਸਕੇ। ਸਾਰਥੀ ਦੇ ਇਸ ਮੋਡੀਊਲ ਦੇ ਲਾਗੂ ਹੋਣ ਨਾਲ ਬਿਨੈਕਾਰ ਨੂੰ ਸਿਰਫ਼ ਇਕ ਵਾਰ ਬਾਇਓਮੈਟਿ੍ਰਕ (ਫੋਟੋਗ੍ਰਾਫ਼ ਅਤੇ ਦਸਤਖ਼ਤਾਂ) ਲਈ ਹੀ ਰਜਿਸਟਰਿੰਗ ਅਥਾਰਟੀ ਦਫ਼ਤਰ ਜਾਣਾ ਪੈਂਦਾ ਹੈ। ਸਾਰੀ ਪ੍ਰਕਿਰਿਆ ਨੂੰ ਮੁਕੰਮਲ ਹੋਣ ਵਿਚ 14 ਦਿਨਾਂ ਤੋਂ ਵੱਧ ਸਮਾਂ ਨਹੀਂ ਲੱਗੇਗਾ। ਸਟੇਟ ਟਰਾਂਸਪੋਰਟ ਕਮਿਸਨਰ ਨੇ ਅੱਗੇ ਕਿਹਾ ਕਿ ਇਹ ਮੁਹਿੰਮ ਵਿਭਾਗ ਨੂੰ ਆਪਣੇ ਡਿਜੀਟਲਾਈਜਡ ਡਾਟਾ ਬੇਸ ਨੂੰ ਬਿਹਤਰ ਬਣਾਉਣ, ਨਕਲੀ ਡਰਾਈਵਿੰਗ ਲਾਇਸੰਸਾਂ ਨੂੰ ਖ਼ਤਮ ਕਰਨ ਅਤੇ ਜਨਤਾ ਲਈ ਸੇਵਾਵਾਂ ਦੀ ਉਪਲੱਬਧਤਾ ਨੂੰ ਸੁਖਾਲਾ ਬਣਾਉਣ ਵਿੱਚ ਸਹਾਇਤਾ ਕਰੇਗੀ। ਜ਼ਿਕਰਯੋਗ ਹੈ ਕਿ ਵਾਹਨ ਅਤੇ ਸਾਰਥੀ ਵੈੱਬ ਐਪਲੀਕੇਸਨ (ਜੋ ਸੜਕ ਆਵਾਜਾਈ ਰਾਜਮਾਰਗ ਮੰਤਰਾਲੇ, ਭਾਰਤ ਸਰਕਾਰ ਦੀ ਅਗਵਾਈ ਹੇਠ ਐਨ.ਆਈ.ਸੀ. ਵਲੋਂ ਤਿਆਰ ਕੀਤੀ ਗਈ ਹੈ) ਦੀ ਵਰਤੋਂ ਸੂਬੇ ਵਿਚ ਡਰਾਈਵਿੰਗ ਲਾਇਸੰਸ ਅਤੇ ਰਜਿਸਟ੍ਰੇਸਨ ਸਰਟੀਫਿਕੇਟ ਨਾਲ ਸੰਬੰਧਤ ਸੇਵਾਵਾਂ ਪ੍ਰਦਾਨ ਕਰਨ ਲਈ ਕੀਤੀ ਜਾ ਰਹੀ ਹੈ।”