26 ਨਵੰਬਰ 2012 ਉਹ ਦਿਨ ਸੀ ਜਦੋਂ ਆਮ ਲੋਕਾਂ ਨੂੰ ਮਿਲੀ ਸੀ ਆਪਣੀ ਸਿਆਸੀ ਆਵਾਜ਼: ਕੁਲਤਾਰ ਸਿੰਘ ਸੰਧਵਾਂ
ਸਿੱਖਿਆ, ਸਿਹਤ ਅਤੇ ਮੁਫ਼ਤ ਬਿਜਲੀ ਨੂੰ ਤਰਜੀਹ ਦੇ ਕੇ ‘ਆਪ’ ਨੇ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਬਦਲੀ: ਕੁਲਤਾਰ ਸਿੰਘ ਸੰਧਵਾਂ
ਅਰਵਿੰਦ ਕੇਜਰੀਵਾਲ ਨੇ ਆਮ ਲੋਕਾਂ ਨਾਲ ਜੁੜੇ ਸਿੱਖਿਆ, ਸਿਹਤ ਅਤੇ ਮੁਫ਼ਤ ਬਿਜਲੀ ਵਰਗੇ ਮੁੱਦਿਆਂ ਨੂੰ ਰਾਜਨੀਤੀ ਦਾ ਕੇਂਦਰ ਬਣਾਇਆ: ਕੁਲਤਾਰ ਸਿੰਘ ਸੰਧਵਾਂ
ਭਗਵੰਤ ਮਾਨ ਸਰਕਾਰ ਨੇ ਬਿਨਾਂ ਰਿਸ਼ਵਤ ਜਾਂ ਸਿਫ਼ਾਰਸ਼ ਤੋਂ 71,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ: ਕੁਲਤਾਰ ਸਿੰਘ ਸੰਧਵਾਂ
ਮੋਗਾ ਵਿੱਚ ‘ਆਪ’ ਦਾ 15ਵਾਂ ਸਥਾਪਨਾ ਦਿਵਸ ਵਿਸ਼ਾਲ ਲੋਕ ਉਤਸਵ ਵਜੋਂ ਮਨਾਇਆ ਜਾਵੇਗਾ: ਕੁਲਤਾਰ ਸਿੰਘ ਸੰਧਵਾਂ
ਪੰਜਾਬ ਦੇ ਪਿੰਡਾਂ ਵਿੱਚ ਬਣ ਰਹੀਆਂ ਹਨ 18 ਫੁੱਟ ਚੌੜੀਆਂ ਸੜਕਾਂ, ਸਰਕਾਰੀ ਹਸਪਤਾਲਾਂ ਵਿੱਚ ਮਿਲ ਰਿਹਾ ਹੈ ਮੁਫ਼ਤ ਤੇ ਮਿਆਰੀ ਇਲਾਜ: ਕੁਲਤਾਰ ਸਿੰਘ ਸੰਧਵਾਂ
ਸਰਕਾਰੀ ਹਸਪਤਾਲਾਂ ਵਿੱਚ ਸਟੈਂਟ ਪਾਉਣ ਦੀਆਂ ਪ੍ਰਕਿਰਿਆਵਾਂ ਅਤੇ 11 ਸਫ਼ਲ ਲਿਵਰ ਟਰਾਂਸਪਲਾਂਟ ਕੀਤੇ ਗਏ, ਸਿਹਤ ਸੇਵਾਵਾਂ ਵਿੱਚ ਹੋ ਰਿਹਾ ਹੈ ਸੁਧਾਰ: ਕੁਲਤਾਰ ਸਿੰਘ ਸੰਧਵਾਂ
ਲੋਕ ਭਲਾਈ ਸਕੀਮਾਂ ਅਤੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਣ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੂੰ ਮਿਲ ਰਿਹਾ ਹੈ ਲਾਭ: ਕੁਲਤਾਰ ਸਿੰਘ ਸੰਧਵਾਂ
ਪੰਜਾਬੀਆਂ ਨੇ 2022 ਵਿੱਚ ‘ਆਪ’ ਨੂੰ 92 ਸੀਟਾਂ ਦਾ ਇਤਿਹਾਸਕ ਫ਼ਤਵਾ ਦਿੱਤਾ, 2027 ਵਿੱਚ ਮੁੜ ਬਣਾਉਣਗੇ ‘ਆਪ’ ਦੀ ਸਰਕਾਰ: ਕੁਲਤਾਰ ਸਿੰਘ ਸੰਧਵਾਂ
ਮੋਗਾ 21 ਨਵੰਬਰ 2026 (ਦੀ ਪੰਜਾਬ ਵਾਇਰ)– ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ 26 ਨਵੰਬਰ ਦਾ ਦਿਨ ਦੇਸ਼ ਦੀ ਰਾਜਨੀਤੀ ਵਿੱਚ ਇੱਕ ਇਤਿਹਾਸਕ ਦਿਨ ਹੈ, ਕਿਉਂਕਿ 26 ਨਵੰਬਰ 2012 ਨੂੰ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਲੋਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੋਂਦ ਵਿੱਚ ਆਈ ਸੀ।
ਸ਼ਨੀਵਾਰ ਨੂੰ ‘ਆਪ’ ਆਗੂ ਦੀਪਕ ਬਾਲੀ ਤੇ ਚੇਅਰਮੈਨ ਵਰਿੰਦਰ ਕੁਮਾਰ ਸ਼ਰਮਾ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਮੋਗਾ ਦੇ ਪਿੰਡ ਮਟਵਾਣੀ ਵਿਖੇ ਪਾਰਟੀ ਦੇ 15ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਜਾ ਰਹੇ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸੰਧਵਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਰਸਮੀ ਕਾਰਵਾਈ ਨਹੀਂ, ਸਗੋਂ ਪੰਜਾਬ ਦੇ ਲੋਕਾਂ ਵੱਲੋਂ ਮਨਾਇਆ ਜਾਣ ਵਾਲਾ ਇੱਕ ਵੱਡਾ ਜਸ਼ਨ ਹੈ।
ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਗਠਨ ਤੋਂ ਪਹਿਲਾਂ ਦੇਸ਼ ਦੀ ਸਿਆਸਤ ਸਿਰਫ਼ ਰਜਵਾੜਿਆਂ, ਵੱਡੇ ਕਾਰੋਬਾਰੀਆਂ ਅਤੇ ਅਫ਼ਸਰਸ਼ਾਹੀ ਦੇ ਆਲੇ-ਦੁਆਲੇ ਘੁੰਮਦੀ ਸੀ, ਪਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਪਹਿਲੀ ਵਾਰ ਆਮ ਆਦਮੀ ਦੀ ਸਿੱਖਿਆ, ਸਿਹਤ ਅਤੇ ਮੁਫ਼ਤ ਬਿਜਲੀ ਵਰਗੇ ਬੁਨਿਆਦੀ ਮੁੱਦੇ ਰਾਜਨੀਤੀ ਦੇ ਕੇਂਦਰ ਵਿੱਚ ਆਏ। ਉਨ੍ਹਾਂ ਕਿਹਾ ਕਿ ਅੱਜ ਵਿਰੋਧੀ ਪਾਰਟੀਆਂ ਵੀ ਮਜਬੂਰ ਹੋ ਕੇ ਸਿੱਖਿਆ, ਸਿਹਤ, ਮੁਫ਼ਤ ਬਿਜਲੀ ਅਤੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਕਰਨ ਲੱਗੀਆਂ ਹਨ, ਜੋ ਕਿ ਆਪ ਦੀ ਵਿਚਾਰਧਾਰਾ ਦੀ ਸਭ ਤੋਂ ਵੱਡੀ ਜਿੱਤ ਹੈ।
ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਇਮਾਨਦਾਰ ਸਰਕਾਰ ਨੇ ਆਪਣੇ ਵਾਅਦੇ ਪੂਰੇ ਕਰਕੇ ਦਿਖਾਏ ਹਨ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਵਾਂਗ ਚੋਣਾਂ ਤੋਂ ਐਨ ਪਹਿਲਾਂ ਭਰਤੀਆਂ ਸ਼ੁਰੂ ਕਰਨ ਦੀ ਬਜਾਏ ਮੌਜੂਦਾ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਬਿਨਾਂ ਕਿਸੇ ਸਿਫ਼ਾਰਸ਼ ਜਾਂ ਰਿਸ਼ਵਤ ਦੇ 80,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਮਿਸਾਲ ਦਿੰਦਿਆਂ ਦੱਸਿਆ ਕਿ ਇਕੱਲੇ ਪਿੰਡ ਮਚਾਕੀ ਮੱਲ ਸਿੰਘ ਵਿਖੇ 40 ਨੌਕਰੀਆਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ 38 ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਹਾਸਲ ਹੋਈਆਂ ਹਨ।
ਬੁਨਿਆਦੀ ਢਾਂਚੇ ਅਤੇ ਸਿਹਤ ਸੇਵਾਵਾਂ ਬਾਰੇ ਗੱਲ ਕਰਦਿਆਂ ਸੰਧਵਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਜੋ ਸੜਕਾਂ ਸਿਰਫ਼ ਕਾਗਜ਼ਾਂ ਵਿੱਚ ਬਣਦੀਆਂ ਸਨ, ਅੱਜ ਇਮਾਨਦਾਰ ਲੀਡਰਸ਼ਿਪ ਸਦਕਾ ਪਿੰਡਾਂ ਵਿੱਚ 18-18 ਫੁੱਟ ਚੌੜੀਆਂ ਅਤੇ ਕੈਨੇਡਾ ਵਰਗੀਆਂ ਮਿਆਰੀ ਸੜਕਾਂ ਬਣਾਈਆਂ ਗਈਆਂ ਹਨ। ਇਸੇ ਤਰ੍ਹਾਂ ਸਰਕਾਰੀ ਹਸਪਤਾਲਾਂ ਦੀ ਕਾਇਆ-ਕਲਪ ਕਰਕੇ ਗਰੀਬ ਵਰਗ ਲਈ ਮੁਫ਼ਤ ਅਤੇ ਮਿਆਰੀ ਇਲਾਜ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਸਰਕਾਰੀ ਹਸਪਤਾਲਾਂ ਵਿੱਚ ਸਟੰਟ ਪਾਉਣ ਦੇ ਨਾਲ-ਨਾਲ 11 ਸਫਲ ਲਿਵਰ ਟ੍ਰਾਂਸਪਲਾਂਟ ਵੀ ਕੀਤੇ ਜਾ ਚੁੱਕੇ ਹਨ, ਜੋ ਦੇਸ਼ ਭਰ ਵਿੱਚ ਇੱਕ ਵੱਡੀ ਮਿਸਾਲ ਹੈ।
ਸੰਧਵਾਂ ਨੇ ਅੱਗੇ ਕਿਹਾ ਕਿ 2022 ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਦੌਰ ਚੱਲ ਰਿਹਾ ਸੀ, ਪਰ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਖੇਤਾਂ ਤੱਕ ਪਾਣੀ ਪਹੁੰਚਾਉਣ ਨਾਲ ਅੱਜ ਕਿਸਾਨ ਤੇ ਮਜ਼ਦੂਰ ਆਰਥਿਕ ਤੌਰ ‘ਤੇ ਮਜ਼ਬੂਤ ਹੋਏ ਹਨ। ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਸਰਕਾਰ ਦੀਆਂ ਲੋਕ-ਭਲਾਈ ਸਕੀਮਾਂ ਦਾ ਸਿੱਧਾ ਲਾਭ ਆਮ ਘਰਾਂ ਦੀਆਂ ਭੈਣਾਂ ਅਤੇ ਧੀਆਂ ਨੂੰ ਮਿਲ ਰਿਹਾ ਹੈ, ਜੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਸਕਾ ਭਰਾ ਮੰਨਦੀਆਂ ਹਨ।
ਵਿਰੋਧੀਆਂ ਵੱਲੋਂ ਸਰਕਾਰ ‘ਤੇ ਲਗਾਏ ਜਾ ਰਹੇ ਬੇਬੁਨਿਆਦ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਵਿਰੋਧੀਆਂ ਨੂੰ ਬੋਲਣ ਦਾ ਹੱਕ ਹੈ, ਪਰ ਪੰਜਾਬ ਦੇ ਸੂਝਵਾਨ ਲੋਕ ਸੱਚਾਈ ਜਾਣਦੇ ਹਨ। ਉਨ੍ਹਾਂ ਕਿਹਾ ਕਿ 2022 ਵਿੱਚ ਲੋਕਾਂ ਨੇ ਆਪ ਨੂੰ 92 ਸੀਟਾਂ ਦੇ ਕੇ ਇਤਿਹਾਸਕ ਫਤਵਾ ਦਿੱਤਾ ਸੀ ਅਤੇ 2027 ਦੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਦੇ ਕੰਮ ਖੁਦ ਬੋਲਣਗੇ।
ਉਨ੍ਹਾਂ ਸਮੂਹ ਪੰਜਾਬੀਆਂ, ਪਾਰਟੀ ਵਲੰਟੀਅਰਾਂ, ਪੰਚਾਂ-ਸਰਪੰਚਾਂ, ਮੇਅਰਾਂ, ਕੌਂਸਲਰਾਂ ਅਤੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਮਟਵਾਣੀ (ਮੋਗਾ) ਵਿਖੇ ਪਹੁੰਚ ਕੇ ਪਾਰਟੀ ਦੇ 15ਵੇਂ ਸਥਾਪਨਾ ਦਿਵਸ ਦੇ ਇਸ ਇਤਿਹਾਸਕ ਜਸ਼ਨ ਵਿੱਚ ਸ਼ਾਮਲ ਹੋਣ।