“ਬਾਲ ਪੰਘੂੜਾ ਅਣਚਾਹੇ ਬੱਚਿਆਂ ਦੀਆਂ ਜਾਨਾਂ ਬਚਾਉਣ ਲਈ ਨੇਕ ਤੇ ਮਾਨਵਤਾ ਭਰਿਆ ਉਪਰਾਲਾ”: ਸਾਬਕਾ ਏ.ਡੀ.ਸੀ. ਤਜਿੰਦਰ ਪਾਲ ਸਿੰਘ
ਗੁਰਦਾਸਪੁਰ ਦੇ ਬਾਲ ਭਵਨ ਵਿਖੇ ਚੱਲ ਰਹੇ ਬਾਲ ਭਲਾਈ ਪ੍ਰੋਜੈਕਟਾਂ ਦੀ ਭਰਪੂਰ ਸ਼ਲਾਘਾ ਕੀਤੀ
ਗੁਰਦਾਸਪੁਰ, 21 ਨਵੰਬਰ 2026 (ਮੰਨਨ ਸੈਣੀ)। ਗੁਰਦਾਸਪੁਰ ਦੇ ਸਾਬਕਾ ਵਧੀਕ ਡਿਪਟੀ ਕਮਿਸ਼ਨਰ (ਏ.ਡੀ.ਸੀ.) ਅਤੇ ਉੱਘੇ ਸਮਾਜ ਸੇਵੀ ਸ੍ਰੀ ਤਜਿੰਦਰ ਪਾਲ ਸਿੰਘ, ਪੀ.ਸੀ.ਐੱਸ., ਅੰਮ੍ਰਿਤਸਰ ਤੋਂ ਬਾਲ ਭਵਨ, ਗੁਰਦਾਸਪੁਰ ਪਹੁੰਚੇ। ਉਨ੍ਹਾਂ ਨੇ ਇੱਥੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਅਤੇ ਕੌਂਸਲ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਕੌਂਸਲ ਦੇ ਆਨਰੇਰੀ ਸਕੱਤਰ ਅਤੇ ਨੈਸ਼ਨਲ ਐਵਾਰਡੀ ਸ੍ਰੀ ਰੋਮੇਸ਼ ਮਹਾਜਨ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਫੇਰੀ ਦੌਰਾਨ ਸ੍ਰੀ ਤਜਿੰਦਰ ਪਾਲ ਸਿੰਘ ਨੇ ਬੱਚਿਆਂ ਦੀ ਭਲਾਈ, ਸਿੱਖਿਆ, ਹੁਨਰ ਵਿਕਾਸ ਅਤੇ ਸਮਾਜਿਕ ਸੁਰੱਖਿਆ ਲਈ ਚੱਲ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਲਈ।
‘ਉਮੀਦ ਦੀ ਕਿਰਨ’ ਬਾਲ ਪੰਘੂੜਾ ਪ੍ਰੋਜੈਕਟ ਦੀ ਖ਼ਾਸ ਤਾਰੀਫ਼
ਸ੍ਰੀ ਤਜਿੰਦਰ ਪਾਲ ਸਿੰਘ ਨੇ ਖ਼ਾਸ ਤੌਰ ‘ਤੇ ‘ਉਮੀਦ ਦੀ ਕਿਰਨ’ ਬਾਲ ਪੰਘੂੜਾ ਪ੍ਰੋਜੈਕਟ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਇਸ ਨੂੰ ਬਹੁਤ ਸੰਵੇਦਨਸ਼ੀਲ, ਮਾਨਵਤਾ ਭਰਿਆ ਅਤੇ ਜਾਨਾਂ ਬਚਾਉਣ ਵਾਲਾ ਉਪਰਾਲਾ ਦੱਸਿਆ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਰਾਹੀਂ ਅਣਚਾਹੇ ਅਤੇ ਸੰਕਟ ਵਿੱਚ ਘਿਰੇ ਨਵਜੰਮੇ ਬੱਚਿਆਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਅਜਿਹੇ ਉਪਰਾਲੇ ਸਮਾਜ ਵਿੱਚ ਹਮਦਰਦੀ ਅਤੇ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।
ਉਨ੍ਹਾਂ ਬਾਲ ਪੰਘੂੜਾ ਸਹੂਲਤ ਦੇ ਵੱਧ ਤੋਂ ਵੱਧ ਪ੍ਰਚਾਰ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਆਮ ਲੋਕਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਮੁਸ਼ਕਲ ਹਾਲਾਤ ਵਿੱਚ ਘਿਰੇ ਮਾਪੇ ਇਸ ਸਹੂਲਤ ਬਾਰੇ ਜਾਣ ਸਕਣ ਅਤੇ ਕਿਸੇ ਵੀ ਮਾਸੂਮ ਬੱਚੇ ਦੀ ਜਾਨ ਖ਼ਤਰੇ ਵਿੱਚ ਨਾ ਪਵੇ।
ਹੁਣ ਤੱਕ ਇੱਕ ਬੱਚੇ ਦੀ ਜਾਨ ਬਚੀ
ਸ੍ਰੀ ਰੋਮੇਸ਼ ਮਹਾਜਨ ਨੇ ਦੱਸਿਆ ਕਿ ਬਾਲ ਭਵਨ ਵਿਖੇ ਲੱਗੇ ਬਾਲ ਪੰਘੂੜੇ ਰਾਹੀਂ ਹੁਣ ਤੱਕ ਇੱਕ ਅਣਚਾਹੇ ਬੱਚੇ ਦੀ ਜਾਨ ਬਚਾਈ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਬੱਚਿਆਂ ਦੀ ਸੁਰੱਖਿਆ, ਸਿੱਖਿਆ, ਪੋਸ਼ਣ ਅਤੇ ਹਰ ਪੱਖੋਂ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਸ੍ਰੀ ਤਜਿੰਦਰ ਪਾਲ ਸਿੰਘ ਨੇ ਸ੍ਰੀ ਮਹਾਜਨ ਅਤੇ ਉਨ੍ਹਾਂ ਦੀ ਪੂਰੀ ਟੀਮ ਦੇ ਕੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਯਤਨ ਸਮਾਜ ਲਈ ਪ੍ਰੇਰਨਾਦਾਇਕ ਹਨ ਅਤੇ ਨਿਸ਼ਕਾਮ ਸੇਵਾ ਦੀ ਇੱਕ ਉੱਤਮ ਮਿਸਾਲ ਹਨ।
ਸੋਵੀਨਾਰ ਦੀ ਕਾਪੀ ਭੇਟ
ਇਸ ਮੌਕੇ ਸ੍ਰੀ ਤਜਿੰਦਰ ਪਾਲ ਸਿੰਘ ਨੂੰ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਛਪਵਾਏ ਸੋਵੀਨਾਰ “A Journey of Incremental Steps Towards Child Welfare” ਦੀ ਕਾਪੀ ਵੀ ਭੇਟ ਕੀਤੀ ਗਈ। ਇਸ ਸੋਵੀਨਾਰ ਵਿੱਚ ਕੌਂਸਲ ਦੇ ਵੱਖ-ਵੱਖ ਪ੍ਰੋਜੈਕਟਾਂ, ਗਤੀਵਿਧੀਆਂ ਅਤੇ ਪ੍ਰਾਪਤੀਆਂ ਦਾ ਵੇਰਵਾ ਦਿੱਤਾ ਗਿਆ ਹੈ।
ਇਸ ਮੌਕੇ ਕੌਂਸਲ ਦੇ ਕੋਆਰਡੀਨੇਟਰ ਸ੍ਰੀ ਰਾਜ ਬਖ਼ਸ਼ੀ, ਉਡਾਨ ਐਨ.ਜੀ.ਓ. ਦੇ ਪ੍ਰਧਾਨ ਸ੍ਰੀ ਕਿਰਨ ਤ੍ਰੇਹਨ ਅਤੇ ਕ੍ਰੈੱਚ ਸੈਂਟਰ ਦੀ ਅਧਿਆਪਕਾ ਸ੍ਰੀਮਤੀ ਪੂਰਨਿਮਾ ਬਦਾਨਚੀ ਵੀ ਹਾਜ਼ਰ ਸਨ।