5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਤੋਂ ਇਲਾਵਾ ਸਾਂਭ ਸੰਭਾਲ ਲਈ ਕੇਅਰ ਟੇਕਰ ਰੱਖ ਕੇ ਦਿੱਤੀ
ਮਾਨਸਾ,30 ਜੁਲਾਈ । ਆਪਣੀ ਜ਼ਿੰਦਗੀ ਦਾ ਐਸ਼ੋ ਆਰਾਮ ਤਿਆਗ ਕੇ ਲੋੜਵੰਦ ਤੇ ਗਰੀਬ ਲੋਕਾਂ ਲਈ ਰਹਿਬਰ ਬਣ ਦਿਨ-ਰਾਤ ਸੇਵਾ ‘ਚ ਜੁਟੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਸਲਾ ਦੇ ਕਾਰਗਿਲ ਜੰਗ ‘ਚ ਸ਼ਹੀਦ ਹੋਏ ਨਿਰਮਲ ਸਿੰਘ ਦੀ ਦਰ-ਦਰ ਦੀਆਂ ਠੋਕਰਾਂ ਖਾ ਰਹੀ 80 ਸਾਲਾ ਬਜ਼ੁਰਗ ਮਾਂ ਦਾ ਸਹਾਰਾ ਬਣ ਕੇ ਇੱਕ ਵਾਰ ਮੁੜ ਇਨਸਾਨੀਅਤ ਦੇ ਜ਼ਿੰਦਾ ਹੋਣ ਦਾ ਸਬੂਤ ਦੇ ਦਿੱਤਾ ਹੈ ।
ਇੱਕ ਨਿੱਜੀ ਟੀ ਵੀ ਚੈਨਲ ਤੇ 28 ਸਾਲਾ ਕਾਰਗਿਲ ਸ਼ਹੀਦ ਨਿਰਮਲ ਸਿੰਘ ਦੀ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਨ ਵਾਲੀ ਬਜ਼ੁਰਗ ਮਾਂ ਦੇ ਦਿਲ ਨੂੰ ਵਲੂੰਧਰਨ ਵਾਲੇ ਹਲਾਤ ਵੇਖ ਕੇ ਅੱਜ ਉਚੇਚੇ ਤੌਰ ਤੇ ਸ਼ਹੀਦ ਦੇ ਪਿੰਡ ਪਹੁੰਚੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਜਦ ਉਨ੍ਹਾਂ ਨੂੰ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਇੱਕ ਸ਼ਹੀਦ ਦੀ ਬਜ਼ੁਰਗ ਮਾਤਾ ਦੇ ਬੇਹੱਦ ਤਰਸਯੋਗ ਹਾਲਾਤਾਂ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦਾ ਮਨ ਪਸੀਜ਼ ਗਿਆ ਤੇ ਉਹ ਤੁਰੰਤ ਇੱਥੇ ਮਾਤਾ ਜੀ ਨੂੰ ਮਿਲਣ ਲਈ ਪਹੁੰਚ ਗਏ। ਉਨ੍ਹਾਂ ਕਿਹਾ ਕਿ ਦੇਸ਼ ਲਈ ਪੁੱਤ ਕੁਰਬਾਨ ਕਰਨ ਵਾਲੀ ਮਾਂ ਦਾ ਦੇਣ ਤਾਂ ਕੋਈ ਵੀ ਕਦੇ ਨਹੀਂ ਦੇ ਸਕਦਾ ਪਰ ਫਿਰ ਵੀ ਉਨ੍ਹਾਂ ਆਪਣੇ ਵੱਲੋਂ ਮਾਤਾ ਜੀ ਨੂੰ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਤੋਂ ਇਲਾਵਾ ਮਾਤਾ ਜੀ ਦੀ ਸਾਂਭ ਸੰਭਾਲ ਲਈ 2500 ਰੁਪਏ ਪ੍ਰਤੀ ਮਹੀਨਾ ਦੀ ਤਨਖਾਹ ਨਾਲ ਇੱਕ ਕੇਅਰ ਟੇਕਰ ਦਾ ਵੀ ਪ੍ਰਬੰਧ ਕੀਤਾ ਹੈ,ਜੋ ਮਾਤਾ ਜੀ ਦਾ ਖਾਣਾ ਬਣਾਉਣ,ਕੱਪੜੇ ਆਦਿ ਧੋਣ ਦੇ ਨਾਲ-ਨਾਲ ਹੋਰ ਕੰਮ ਵੀ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਤਾਂ ਮਾਤਾ ਜੀ ਨੂੰ ਨਵਾਂ ਘਰ ਬਣਾ ਕੇ ਦੇਣ ਦਾ ਫੈਸਲਾ ਵੀ ਕੀਤਾ ਸੀ ਪਰ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਸ ਬਾਬਤ ਪਹਿਲਾਂ ਹੀ ਇੱਕ ਸਮਾਜ ਸੇਵੀ ਸੰਸਥਾ ਨੇ ਜ਼ਿੰਮੇਵਾਰੀ ਚੁੱਕ ਲਈ ਹੈ ਅਤੇ ਘਰ ਬਣਾਉਣ ‘ਚ ਉਹ ਉਸ ਸੰਸਥਾ ਨੂੰ ਵੀ ਸਹਿਯੋਗ ਦੇਣਗੇ।
ਇਸ ਦੌਰਾਨ ਮੌਜੂਦ ਕੁਸਲਾ ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਡਾ. ਓਬਰਾਏ ਵੱਲੋਂ ਕੀਤੇ ਇਸ ਵੱਡੇ ਪਰਉਪਕਾਰ ਲਈ ਸਮੁੱਚੀ ਪੰਚਾਇਤ ਤੇ ਪਿੰਡ ਵਾਸੀਆਂ ਉਨ੍ਹਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਦੇਸ਼ ਦੀ ਰੱਖਿਆ ਲਈ ਆਪਣਾ ਹੀਰੇ ਵਰਗਾ ਪੁੱਤ ਕੁਰਬਾਨ ਕਰਨ ਵਾਲੀ ਜੰਗੀਰ ਕੌਰ ਨਾਂ ਦੀ ਇਸ ਬਜ਼ੁਰਗ ਮਾਂ ਨੂੰ ਮਨਰੇਗਾ ਤਹਿਤ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਦਿਨਾਂ ‘ਚ ਚੋਂਦੇ ਇੱਕ ਕੋਠੇ ਵਾਲੇ ਘਰ ‘ਚ ਰਹਿ ਰਹੀ ਇਸ ਮਾਤਾ ਨੂੰ ਕਈ ਵਾਰ ਭੁੱਖੇ ਢਿੱਡ ਵੀ ਸੌਣਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਬਜ਼ੁਰਗ ਅਵਸਥਾ ‘ਚ ਜਿੱਥੇ ਮਾਤਾ ਦੇ ਆਪਣੇ ਕਰੀਬੀ ਸਾਥ ਛੱਡ ਗਏ ਉੱਥੇ ਹੀ ਸਰਕਾਰ ਨੇ ਵੀ ਇਸ ਦੀ ਬਾਂਹ ਨਹੀਂ ਫੜੀ। ਉਨ੍ਹਾਂ ਦੱਸਿਆ ਕਿ ਨਾ ਤਾਂ ਮਾਤਾ ਨੂੰ ਸਰਕਾਰ ਵੱਲੋਂ ਕੇਵਲ ਆਮ ਲੋਕਾਂ ਵਾਂਗ ਸਧਾਰਨ ਬੁਢਾਪਾ ਪੈਨਸ਼ਨ ਹੀ ਦਿੱਤੀ ਜਾ ਰਹੀ ਹੈ,ਜਿਸ ਕਾਰਨ ਇਸ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਿੰਡ ‘ਚ ਸ਼ਹੀਦ ਨਿਰਮਲ ਸਿੰਘ ਦੀ ਸਰਕਾਰ ਵੱਲੋਂ ਕੋਈ ਯਾਦਗਾਰ ਨਹੀਂ ਬਣਾਈ ਗਈ ਜਦਕਿ ਪਿੰਡ ‘ਚ ਲੱਗਾ ਉਸ ਦਾ ਬੁੱਤ ਵੀ ਕਿਸੇ ਸੰਸਥਾ ਨੇ ਬਣਵਾਇਆ ਹੈ। ਉਨ੍ਹਾਂ ਮੁੜ ਡਾ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਇਸ ਵੱਡੀ ਮਦਦ ਸਦਕਾ ਜ਼ਿੰਦਗੀ ਦੇ ਅੰਤਿਮ ਪੜਾਅ ‘ਚ ਮਾਤਾ ਦਾ ਜੀਵਨ ਸੁਖਾਲਾ ਗੁਜ਼ਰ ਸਕੇਗਾ। ਇਸ ਮੌਕੇ ਟਰੱਸਟ ਦੀ ਮਾਨਸਾ ਇਕਾਈ ਦੇ ਕੈਸ਼ੀਅਰ ਮਦਨ ਲਾਲ,ਮੈਂਬਰ ਸੁਭਾਸ਼ ਚੰਦਰ ਆਦਿ ਤੋਂ ਇਲਾਵਾ ਪਿੰਡ ਵਾਸੀ ਵੀ ਮੌਜੂਦ ਸਨ।