Close

Recent Posts

CORONA ਪੰਜਾਬ

ਓ. ਪੀ. ਸੋਨੀ ਵੱਲੋਂ ਸਰਕਾਰੀ ਮੈਡੀਕਲ ਕਾਲਜ/ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਸੂਬੇ ਦੇ ਪਹਿਲੇ ਪਲਾਜ਼ਮਾ ਬੈਂਕ ਦੀ ਸ਼ੁਰੂਆਤ

ਓ. ਪੀ. ਸੋਨੀ ਵੱਲੋਂ ਸਰਕਾਰੀ ਮੈਡੀਕਲ ਕਾਲਜ/ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਸੂਬੇ ਦੇ ਪਹਿਲੇ ਪਲਾਜ਼ਮਾ ਬੈਂਕ ਦੀ ਸ਼ੁਰੂਆਤ
  • PublishedJuly 21, 2020

ਪਲਾਜ਼ਮਾ ਬੈਂਕ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੇ ਇਲਾਜ ‘ਚ ਸਹਾਈ ਸਾਬਤ ਹੋਵੇਗਾ : ਸੋਨੀ

ਚੰਡੀਗੜ, 21 ਜੁਲਾਈ

ਮਿਸ਼ਨ ਫਤਹਿ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ, ਪੰਜਾਬ ਸ਼੍ਰੀ ਓ. ਪੀ. ਸੋਨੀ ਨੇ ਅੱਜ ਸਰਕਾਰੀ ਮੈਡੀਕਲ ਕਾਲਜ/ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਸੂਬੇ ਦੇ ਪਹਿਲੇ ਅਤੇ ਦਿੱਲੀ ਤੋੰ ਬਾਅਦ ਦੇਸ਼ ਦੇ ਦੂਜੇ ਪਲਾਜ਼ਮਾ ਬੈਂਕ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਬਕਾਇਦਾ ਸ਼ੁਰੂਆਤ ਕੀਤੀ।

ਇਸ ਮੌਕੋ ਬੋਲਦਿਆਂ ਸ਼੍ਰੀ ਸੋਨੀ ਨੇ ਕਿਹਾ ਕਿ ਪਲਾਜ਼ਮਾ ਬੈਂਕ ਇਸ ਮਹਾਂਮਾਰੀ ਦੇ ਇਲਾਜ ਵਿੱਚ ਸਹਾਈ ਸਾਬਤ ਹੋਵੇਗਾ। ਉਨਾਂ ਕਿਹਾ ਕਿ ਪੰਜਾਬ ਵਿੱਚ ਸਥਾਪਤ ਹੋਇਆ ਇਹ ਪਲਾਜ਼ਮਾ ਬੈਂਕ ਬਹੁਤ ਵੱਡੀ ਪ੍ਰਾਪਤੀ ਹੈ। ਉਨਾਂ ਦੱਸਿਆ ਕਿ ਪਲਾਜ਼ਮਾ ਥੈਰੇਪੀ ਸਬੰਧੀ ਪਹਿਲਾਂ ਸੂਬੇ ਵਿੱਚ ਵੱਖ-ਵੱਖ ਟਰਾਇਲ ਸਫ਼ਲਤਾਪੂਰਵਕ ਕੀਤੇ ਗਏ ਹਨ, ਜਿਨ੍ਹਾਂ ਕਰਕੇ ਪਲਾਜ਼ਮਾ ਬੈਂਕ ਦੀ ਸਥਾਪਨਾ ਦਾ ਰਾਹ ਪੱਧਰਾ ਹੋਇਆ।

ਉਨ੍ਹਾਂ ਕਿਹਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਨੂੰ ਘੱਟ ਤੋਂ ਘੱਟ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੇ ਹਨ ਅਤੇ ਪਲਾਜ਼ਮਾ ਬੈਂਕ ਦੀ ਸ਼ੁਰੂਆਤ ਵੀ ਇਸੇ ਦਾ ਹੀ ਸਿੱਟਾ ਹੈ। ਉਨਾਂ ਨਵੇਂ ਬਣੇ ਪਲਾਜ਼ਮਾਂ ਬੈਂਕ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋ ਪਲਾਜ਼ਮਾ ਮਸ਼ੀਨਾਂ ਨਾਲ ਲੈਸ ਹੈ ਅਤੇ ਛੇਤੀ ਹੀ ਤੀਜੀ ਮਸ਼ੀਨ ਵੀ ਲਿਆਂਦੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਐਂਟੀਬਾਡੀ ਟੈਸਟਿੰਗ ਲਈ ਸਾਡੇ ਕੋਲ ਟੈਸਟਿੰਗ ਕਿੱਟਾਂ ਦੀ ਕੋਈ ਘਾਟ ਨਹੀਂ ਹੈ ਅਤੇ ਇਸ ਤੋਂ ਇਲਾਵਾ ਅਤਿ-ਆਧੁਨਿਕ ਟੈਸਟਿੰਗ ਸਾਜ਼ੋ-ਸਮਾਨ ਵੀ ਜਲਦੀ ਹੀ ਉਪਲਬਧ ਹੋਵੇਗਾ। ਉਨ੍ਹਾਂ ਸਿਹਤਯਾਬ ਹੋ ਚੁੱਕੇ ਕੋਵਿਡ ਮਰੀਜ਼ਾਂ ਨੂੰ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਹ ਉਪਰਾਲਾ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਹੀ ਨੇਪਰੇ ਚੜ੍ਹੇਗਾ ।

ਵੀਡੀਓ ਕਾਨਫਰੰਸ ਜ਼ਰੀਏ ਉਦਘਾਟਨੀ ਸਮਾਗਮ ਵਿੱਚ ਪਟਿਆਲਾ ਤੋੰ ਲੋਕ ਸਭਾ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪਰਨੀਤ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

ਇਸ ਮੌਕੇ ਵਿਭਾਗ ਦੇ ਪਿ੍ਰੰਸੀਪਲ ਸਕੱਤਰ ਸ਼੍ਰੀ ਡੀ.ਕੇ. ਤਿਵਾੜੀ ਨੇ ਦੱਸਿਆ ਕਿ ਰਜਿੰਦਰਾ ਹਾਲ ਵਿੱਚ ਕੋਵਿਡ ਦੇ ਮਰੀਜ਼ਾਂ ਲਈ 600 ਬਿਸਤਰਿਆਂ ਵਾਲੀ ਇਕਾਂਤਵਾਸ (ਆਈਸੋਲੇਸ਼ਨ) ਸਹੂਲਤ, ਜਿਸ ਵਿੱਚ ਹਰੇਕ ਬੈੱਡ ਨਾਲ ਸੌ ਫੀਸਦੀ ਆਕਸੀਜਨ ਸਪਲਾਈ ਦੀ ਸੁਵਿਧਾ, ਤੋਂ ਇਲਾਵਾ ਗੰਭੀਰ ਮਰੀਜ਼ਾਂ ਲਈ 54 ਵੈਂਟੀਲੈਟਰ ਵੀ ਕਾਰਜਸ਼ੀਲ ਹਨ । ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਵੈਂਟੀਲੇਟਰਾਂ ਦੀ ਗਿਣਤੀ 100 ਤੱਕ ਪਹੁੰਚ ਜਾਵੇਗੀ।

Written By
The Punjab Wire