ਸਰਕਾਰੀ ਛੁੱਟੀ ਦਾ ਦਿਨ ਸੀ; ਸਾਰਾ ਪਰਿਵਾਰ ਘਰੇ ਇਕੱਠੇ ਹੋਏ ਸਾਂ; ਸਵੇਰ ਦੀ ਸੈਰ ਲਈ ਘਰੋਂ ਨਿਕਲਦਿਆਂ ਮਨ ਅੰਦਰੇ ਅੰਦਰ ਬੱਚਿਆਂ ਨਾਲ ਦਿਨ ਬਿਤਾਉਣ ਦੀਆਂ ਬੁਣਤਾਂ ਬੁਣੀ ਜਾਵੇ. ਚੰਡੀਗੜ੍ਹ ਦੀ ਨੈਤਿਕਤਾ ਦੀ ਪਾਲਣਾ ਕਰਦਿਆਂ ਬਿਨਾ ਕਿਸੇ ਹੋਰ ਵੱਲ ਤੱਕੇ ਮੈਂ ਸੈਰ ਕਰੀ ਜਾ ਰਿਹਾ ਸੀ.
ਅਜੇ ਕੁਝ ਕਦਮ ਹੀ ਚੱਲਿਆ ਹੋਵਾਂਗਾ ਕਿ ਪਿੱਛੋਂ ਕਿਸੇ ਨੇ ਆਵਾਜ਼ ਮਾਰੀ.
ਪਰਤ ਕੇ ਵੇਖਿਆ ਤਾਂ ਇੱਕ ਬੁਜੁਰਗ ਆਦਮੀ ਹੱਥ ਵਿੱਚ ਸੋਟੀ ਫੜੀ ਤੁਰਿਆ ਆਉਂਦਾ ਸੀ. ਹੈਰਾਨ ਜਿਹਾ ਹੁੰਦਿਆਂ ਮੈਂ ਫਤਿਹ ਬੁਲਾ ਦਿੱਤੀ. ਉਹਨਾਂ ਮੇਰੀ ਸਰਕਾਰੀ ਗੱਡੀ ਉੱਪਰ ਜੜੇ ਤਾਰਿਆਂ ਦਾ ਹਵਾਲਾ ਦਿੰਦਿਆਂ ਮੇਰੇ ਓਹਦੇ ਦਾ ਜ਼ਿਕਰ ਕਰਕੇ ਮੈਨੂੰ ਹੋਰ ਵੀ ਹੈਰਾਨ ਕਰ ਦਿੱਤਾ ਸੀ.
ਸੋਚਿਆ, “ਕੌਣ ਹੋ ਸਕਦੇ ਨੇ, ਫੋਰਸ ਚੋਂ ਰਿਟਾਇਰ ਹੋਏ ਜਾਪਦੇ ਨੇ.” ਹੋਰ ਗੱਲੀਂ ਬਾਤੀਂ ਪਤਾ ਲੱਗਾ ਕੇ ਇਹ ਤਾਂ ਪੰਜਾਬ ਪੁਲਿਸ ਵਿੱਚ ਡਾਇਰੈਕਟਰ ਜਨਰਲ ਆਫ ਪੁਲਿਸ ਰਿਟਾਇਰ ਹੋਏ ਸਨ ਅਤੇ ਸਾਡੇ ਬੈਚ ਦੀ ਪਾਸਿੰਗ ਆਊਟ ਪਰੇਡ ਵਿੱਚ ਬਤੌਰ ਮੁਖ ਮਹਿਮਾਨ ਹਾਜਿਰ ਹੋਏ ਸਨ.
ਅਸੀਂ ਦੋਵੇਂ ਜਣੇ ਸਮਾਜ ਵਿੱਚ ਡਿੱਗ ਰਹੀ ਪੇਸ਼ੇਵਰਤਾ ਅਤੇ ਨੈਤਿਕਤਾ ਉੱਪਰ ਕਾਫੀ ਚਿਰ ਗੱਲਬਾਤ ਕਰਦੇ ਰਹੇ. ਫਿਰ ਉਹ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਅਤੇ ਮੈਨੂੰ ਅਲਵਿਦਾ ਕਹਿੰਦੇ ਹੋਏ ਅੱਗੇ ਚੱਲ ਪਏ.
ਸਮੇਂ ਨਾਲ ਉਹਨਾਂ ਦੀ ਸਿਹਤ ਤੇ ਪੈਂਦਾ ਅਸਰ ਸਾਫ ਨਜ਼ਰ ਆ ਰਿਹਾ ਸੀ ਅਤੇ ਅਹੁਦੇ ਦੀ ਚਮਕ ਫਿੱਕੀ ਪੈ ਚੁੱਕੀ ਸੀ; ਔਲਾਦ ਵਿਦੇਸ਼ਾਂ ਵਿੱਚ ਵੱਸ ਜਾਣ ਕਾਰਣ ਸ਼ਾਇਦ ਉਹ ਹੋਰ ਵੀ ਕਮਜ਼ੋਰ ਅਤੇ ਇਕੱਲਾ ਮਹਿਸੂਸ ਕਰ ਰਹੇ ਸਨ.
ਮਨ ਹੀ ਮਨ ਮੈਂ ਸੁਚੇਤ ਜਿਹਾ ਹੋਇਆ ਸੋਚ ਰਿਹਾ ਸੀ ਕਿ ਸੇਵਾਮੁਕਤੀ ਮੌਤ ਵਾੰਗੂ ਇੱਕ ਅਟੱਲ ਸੱਚਾਈ ਹੈ, ਜਿਸਦਾ ਸਾਹਮਣਾ ਹਰ ਇੱਕ ਨੂੰ ਕਰਨਾ ਹੀ ਪਵੇਗਾ, ਹਮਦਰਦੀ ਨਾਲ ਮੈਂ ਉਹਨਾਂ ਨੂੰ ਹੌਲੀ ਹੌਲੀ ਜਾਂਦਾ ਵੇਖ ਕੇ ਇੰਝ ਮਹਿਸੂਸ ਕੀਤਾ ਜਿਵੇਂ ਮੇਰਾ ਆਪਣਾ ਭਵਿੱਖ ਮੇਰੇ ਸਾਹਮਣੇ ਚਲ ਫਿਰ ਰਿਹਾ ਹੋਵੇ.
ਐਸ ਪੀ ਐਸ ਪਰਮਾਰ।
(ਆਈ .ਪੀ.ਐਸ )