ਮੁੱਖ ਮੰਤਰੀ ਨੂੰ ਘਰ ਵਾਪਸੀ ਲਈ ਯਤਨ ਕੀਤੇ ਜਾਣ ਦੀ ਅਪੀਲ
ਕੇ.ਪੀ ਸਿੰਘ
ਗੁਰਦਾਸਪੁਰ, 19 ਅਪ੍ਰੈਲ। ਘਰਾਂ ਤੋਂ ਰੋਜ਼ੀ ਰੋਟੀ ਕਮਾਉਣ ਲਈ ਗਏ ਦੋ ਸੌ ਦੇ ਕਰੀਬ ਲੱਕੜੀ ਦੇ ਕਾਰੀਗਰ ਲੌਕ ਡਾਊਨ ਦੇ ਬਾਅਦ ਤੋਂ ਸ੍ਰੀਨਗਰ ਵਿੱਚ ਬੇਹੱਦ ਬੁਰੇ ਹਾਲਾਤ ਵਿੱਚ ਫਸੇ ਹਨ। ਇਨ੍ਹਾਂ ਵਿਅਕਤੀਆਂ ਨੇ ਇੱਕ ਵੀਡੀਓ ਭੇਜ ਕੇ ਆਪਣਾ ਦੁੱਖ ਸਾਂਝਾ ਕਰਦਿਆਂ ਪੰਜਾਬ ਦੇ ਮੁੱਖ ਮੰਤਰ ਕੈਪਟਨ ਅਮਰਿੰਦਰ ਸਿੰਘ ਤੋਂ ਘਰ ਵਾਪਸੀ ਲਈ ਯਤਨ ਕੀਤੇ ਜਾਣ ਦੀ ਅਰਜੋਈ ਕੀਤੀ ਹੈ। ਇਨ੍ਹਾਂ ਵਿੱਚੋਂ ਵਧੇਰੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਹਨ।
ਫ਼ੋਨ ਤੇ ਗੱਲ ਕਰਦਿਆਂ ਅੰਮ੍ਰਿਤਸਰ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਤੋਂ ਹਰ ਸਾਲ ਵੱਡੀ ਗਿਣਤੀ ਵਿੱਚ ਲੱਕੜੀ ਦਾ ਕੰਮ ਕਰਨ ਵਾਲੇ ਕਾਰੀਗਰ ਸ੍ਰੀਨਗਰ ਜਾਂਦੇ ਹਨ । ਇਸ ਵਾਰ ਇਹ ਸਾਰੇ ਲੌਕਡਾਊਨ ਕਰ ਕੇ ਸ੍ਰੀਨਗਰ ਵਿੱਚ ਫਸੇ ਹਨ ਅਤੇ ਬੇਹੱਦ ਮੰਦੇ ਹਾਲਾਤ ਵਿੱਚ ਹਨ । ਇਨ੍ਹਾਂ ਸਭ ਦੀ ਗਿਣਤੀ ਦੋ ਸੌ ਤੋਂ ਵੀ ਵੱਧ ਹੈ । ਉਸ ਨੇ ਦੱਸਿਆ ਕਿ ਉਨ੍ਹਾਂ ਕੋਲ ਪੈਸੇ ਵੀ ਖ਼ਤਮ ਹੋ ਚੁੱਕੇ ਹਨ ਅਤੇ ਖਾਣ ਨੂੰ ਜੋ ਕੁਝ ਮਿਲਦਾ ਹੈ ਉਹ ਪੰਜਾਬੀਆਂ ਦੇ ਖਾਣ ਵਾਲਾ ਵੀ ਨਹੀਂ ਹੈ। ਪੰਜਾਬ ਵਿੱਚ ਉਨ੍ਹਾਂ ਦੇ ਘਰਾਂ ਦੇ ਮੈਂਬਰਾਂ ਨੂੰ ਵੀ ਸਰਕਾਰ ਵੱਲੋਂ ਰਾਸ਼ਨ ਦੀ ਸਹੂਲਤ ਵੀ ਨਸੀਬ ਨਹੀਂ ਹੋ ਰਹੀ ।
ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਤਰਾਲ (ਪੁਲਵਾਮਾ) ਕਸਬੇ ਦੇ ਸਰਕਾਰੀ ਡਿਗਰੀ ਕਾਲਜ ਦੇ ਇਨਫਰਮੇਸ਼ਨ ਸੈਂਟਰ ਅਤੇ ਆਰਟਸ ਬਲਾਕ ਦੀਆਂ ਇਮਾਰਤਾਂ ਵਿੱਚ ਰੱਖਿਆ ਗਿਆ ਹੈ। ਉਸ ਨੇ ਦੱਸਿਆ ਕਿ ਇੱਕ ਹੀ ਕਮਰੇ ਵਿੱਚ 50 ਤੋਂ ਸੌ ਵਿਅਕਤੀਆਂ ਨੂੰ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਇੱਥੇ ਰਹਿ ਰਹੇ ਸਾਰੇ ਪੰਜਾਬੀ ਸਿਹਤਮੰਦ ਹਨ ਪਰ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਕਿਸੇ ਕਰੋਨਾ ਪੀੜਿਤ ਨੇ ਬਾਹਰੋਂ ਉਨ੍ਹਾਂ ਨਾਲ ਸੰਪਰਕ ਕਰ ਲਿਆ ਤਾਂ ਉਹ ਸਾਰੇ ਬਿਮਾਰ ਹੋ ਸਕਦੇ ਹਨ । ਦੀਨਾਨਗਰ ਹਲਕੇ ਦੇ ਪਿੰਡ ਗੰਜਾ, ਗੰਜੀ, ਲੋਹਗੜ੍ਹ, ਅਵਾਂਖਾ, ਸੁਲਤਾਨੀ, ਮਗਰਾਲਾ, ਗਾਹਲੜੀ ਆਦਿ ਨਾਲ ਸਬੰਧਿਤ ਦੋ ਦਰਜਨ ਵਿਅਕਤੀਆਂ ਨੇ ਆਪਣੇ ਨਾਵਾਂ ਦੀ ਸੂਚੀ ਵੀ ਪੱਤਰਕਾਰਾਂ ਨਾਲ ਸਾਂਝੀ ਕੀਤੀ ਹੈ ਜਿਨ੍ਹਾਂ ਵਿੱਚ ਸਾਗਰ, ਮਲਕੀਤ ਸਿੰਘ, ਕੁਲਦੀਪ ਸਿੰਘ , ਸੋਹਣ ਲਾਲ, ਸੋਨੂੰ, ਜੋਗਿੰਦਰ ਪਾਲ ਆਦਿ ਸ਼ਾਮਿਲ ਹਨ।