Close

Recent Posts

ਕ੍ਰਾਇਮ ਪੰਜਾਬ

ਸ਼ਾਤਿਰ ਅਨਸਰਾਂ ਦੇ ਨਵੇਂ ਢੰਗਾਂ ਨੂੰ ਨਾਕਾਮ ਕਰ ਰਹੀ ਗੁਰਦਾਸਪੁਰ ਪੁਲਿਸ

ਸ਼ਾਤਿਰ ਅਨਸਰਾਂ ਦੇ ਨਵੇਂ ਢੰਗਾਂ ਨੂੰ ਨਾਕਾਮ ਕਰ ਰਹੀ ਗੁਰਦਾਸਪੁਰ ਪੁਲਿਸ
  • PublishedAugust 4, 2025

ਤੇਲ ਵਾਲੇ ਟੈਂਕਰ ਵਿੱਚੋ 41 ਪੇਟਿਆ ਸ਼ਰਾਬ ਬਰਾਮਦ

ਗੁਰਦਾਸਪੁਰ: 3 ਅਗਸਤ, 2025 (ਮੰਨਨ ਸੈਣੀ)। ਸ਼ਾਤਿਰ ਅਨਸਰਾਂ ਵੱਲੋਂ ਸ਼ਰਾਬ ਦੀ ਤਸਕਰੀ ਲਈ ਅਪਣਾਏ ਜਾ ਰਹੇ ਨਵੇਂ-ਨਵੇਂ ਢੰਗਾਂ ਨੂੰ ਗੁਰਦਾਸਪੁਰ ਪੁਲਿਸ ਨੇ ਇੱਕ ਵਾਰ ਫਿਰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਇਸ ਵਾਰ ਤੇਲ ਵਾਲੇ ਟੈਂਕਰ ਵਿੱਚੋਂ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਕਰਕੇ, ਤਸਕਰਾਂ ਦੇ ਇਰਾਦਿਆਂ ‘ਤੇ ਪਾਣੀ ਫੇਰ ਦਿੱਤਾ ਹੈ। ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਿਆਂ ਵਿਰੁੱਧ ਯੁੱਧ ਅਭਿਆਨ, ਡੀ.ਆਈ.ਜੀ. ਬਾਰਡਰ ਰੇਂਜ ਨਾਨਕ ਸਿੰਘ ਦੇ ਦੇਖਰੇਖ ਅਤੇ ਐਸ.ਐਸ.ਪੀ. ਗੁਰਦਾਸਪੁਰ ਅਦਿੱਤਯ ਦੇ ਸਖ਼ ਨਿਰਦੇਸ਼ਾਂ ਤਹਿਤ ਕੀਤੀ ਗਈ ।

ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਥਾਣਾ ਸਦਰ ਗੁਰਦਾਸਪੁਰ ਦੇ ਏ.ਐਸ.ਆਈ. ਕੁਲਬੀਰ ਸਿੰਘ ਆਪਣੀ ਟੀਮ ਨਾਲ ਬੱਬਰੀ ਬਾਈਪਾਸ ‘ਤੇ ਵਾਹਨਾਂ ਦੀ ਨਾਕੇਬੰਦੀ ਕਰ ਰਹੇ ਸਨ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਤਸਕਰ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਤੇਲ ਦੇ ਟੈਂਕਰ ਦੀ ਆੜ ਵਿੱਚ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਲੈ ਕੇ ਆ ਰਹੇ ਹਨ।

ਜਾਣਕਾਰੀ ਮਿਲਣ ‘ਤੇ ਪੁਲਿਸ ਨੇ ਚੌਕਸੀ ਵਧਾ ਦਿੱਤੀ ਅਤੇ ਨਾਕੇ ‘ਤੇ ਹਿਮਾਚਲ ਨੰਬਰ ਵਾਲੇ ਇੱਕ ਟੈਂਕਰ ਨੂੰ ਰੋਕਿਆ। ਜਦੋਂ ਟੈਂਕਰ ਦੇ ਡਰਾਈਵਰ ਬਲਵਿੰਦਰ ਸਿੰਘ ਉਰਫ ਜਸਵਿੰਦਰ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਮਲਕੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਘਬਰਾ ਗਿਆ। ਸ਼ੱਕ ਦੇ ਆਧਾਰ ‘ਤੇ ਜਦੋਂ ਟੈਂਕਰ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪੁਲਿਸ ਹੈਰਾਨ ਰਹਿ ਗਈ। ਟੈਂਕਰ ਦੇ ਅੰਦਰੋਂ ਲੁਕੋ ਕੇ ਰੱਖੀਆਂ ਮੈਕਡੋਵਲ ਵਿਸਕੀ ਦੀਆਂ 41 ਪੇਟੀਆਂ ਬਰਾਮਦ ਹੋਈਆਂ, ਜਿਨ੍ਹਾਂ ਵਿੱਚ ਕੁੱਲ 492 ਬੋਤਲਾਂ ਸ਼ਰਾਬ ਸੀ।

ਪੁਲਿਸ ਨੇ ਤੁਰੰਤ ਮੁਲਜ਼ਮ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਖਿਲਾਫ਼ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਐਸ.ਐਸ.ਪੀ. ਅਦਿੱਤਯ ਨੇ ਕਿਹਾ ਕਿ ਪੁਲਿਸ ਅਜਿਹੇ ਸ਼ਾਤਿਰ ਤਸਕਰਾਂ ਦੀਆਂ ਚਾਲਾਂ ਨੂੰ ਲਗਾਤਾਰ ਨਾਕਾਮ ਕਰਦੀ ਰਹੇਗੀ ਅਤੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਮੁਹਿੰਮ ਜਾਰੀ ਰਹੇਗੀ।

Written By
The Punjab Wire