ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ‘ਚ ਪਿੰਡ ਦੇੜ, ਗਵਾਰ ਤੇ ਫੱਤੂਪੁਰ ਵਿਖੇ ਹੋਈਆਂ ਨਸ਼ਾ ਮੁਕਤੀ ਯਾਤਰਾ ਰੈਲੀਆਂ
ਅਜ਼ਾਦੀ ਸੰਗਰਾਮ, ਭਾਰਤ-ਪਾਕਿ ਯੁੱਧ, ਅਤਿਵਾਦ ਖ਼ਿਲਾਫ਼ ਯੁੱਧ ਪਿੱਛੋਂ ਹੁਣ ਪੰਜਾਬੀ ਨਸ਼ਿਆਂ ਵਿਰੁੱਧ ਯੁੱਧ ਜਿੱਤਣ ਦਾ ਇਤਿਹਾਸ ਲਿਖਣਗੇ – ਵਿਧਾਇਕ ਗੁਰਦੀਪ ਸਿੰਘ ਰੰਧਾਵਾ
ਡੇਰਾ ਬਾਬਾ ਨਾਨਕ/ਗੁਰਦਾਸਪੁਰ, 19 ਮਈ 2025 (ਦੀ ਪੰਜਾਬ ਵਾਇਰ)— ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਵੱਲੋਂ ਅੱਜ ਸ਼ਾਮ ਹਲਕੇ ਦੇ ਪਿੰਡ ਦੇੜ, ਗਵਾਰ ਤੇ ਫੱਤੂਪੁਰ ਵਿਖੇ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕੀਤੀ ਗਈ। ਇਸ ਮੌਕੇ ਹੋਈ ਭਰਵੀਆਂ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ. ਰੰਧਾਵਾ ਨੇ ਕਿਹਾ ਕਿ ਅਜ਼ਾਦੀ ਦਾ ਯੁੱਧ ਜਿੱਤਣ ਪਿੱਛੋਂ ਭਾਰਤ-ਪਾਕਿ ਹੋਏ ਯੁੱਧਾਂ ਤੇ ਅਤਿਵਾਦ ਵਿਰੁੱਧ ਯੁੱਧ ‘ਚ ਹਾਸਲ ਕੀਤੀਆਂ ਮਾਣ ਮੱਤੀਆਂ ਜਿੱਤਾਂ ਵਾਂਗ ਹੀ ਪੰਜਾਬੀ ਅੱਜ ਯੁੱਧ ਨਸ਼ਿਆਂ ਵਿਰੁੱਧ ਜਿੱਤ ਕੇ ਸੁਨਹਿਰੇ ਅੱਖਰਾਂ ‘ਚ ਇਤਿਹਾਸ ਲਿਖਣ ਜਾ ਰਹੇ ਹਨ।
ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਪੰਜਾਬ ਵਿੱਚ ਨਸ਼ੇ ਦੇ ਪਸਾਰੇ ਲਈ ਸਾਬਕਾ ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰਾਂ ਨੂੰ ਇਲਜ਼ਾਮਾਂ ਦੇ ਕਟਹਿਰੇ ‘ਚ ਖੜ੍ਹਾ ਕਰਦਿਆਂ ਕਿਹਾ ਕਿ ਇਨ੍ਹਾਂ ਸਾਬਕਾ ਸਰਕਾਰਾਂ ਦੇ ਆਗੂਆਂ ਤੇ ਕਾਰਕੁਨਾਂ ਵੱਲੋਂ ਸੌਖੇ ਢੰਗ ਨਾਲ ਪੈਸੇ ਦੀ ਕਮਾਈ ਲਈ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦਿੰਦਿਆਂ ਕਥਿਤ ਤੌਰ ‘ਤੇ ਲਾਲ ਬੱਤੀ ਵਾਲੀਆਂ ਗੱਡੀਆਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਰਹੀਆਂ ਸਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਕਿਸੇ ਕਿਸਮ ਦੀ ਸਿਆਸੀ ਦਖ਼ਲ ਅੰਦਾਜ਼ੀ ਨਾ ਪਹਿਲੋਂ ਕੀਤੀ ਜਾ ਰਹੀ ਸੀ, ਨਾ ਹੁਣ ਕੀਤੀ ਜਾ ਰਹੀ ਹੈ, ਸਗੋਂ ਨਸ਼ਾ ਤਸਕਰਾਂ ਪ੍ਰਤੀ ਢਿੱਲੜ ਰਵੱਈਆ ਅਪਣਾਉਣ ਵਾਲੇ ਪੁਲੀਸ ਅਫ਼ਸਰਾਂ ਤੇ ਮੁਲਾਜ਼ਮਾਂ ਵਿਰੁੱਧ ਵੀ ਵਿਭਾਗੀ ਕਾਰਵਾਈ ਕਰਨ ਤੋਂ ਸੰਕੋਚ ਨਹੀਂ ਕੀਤਾ ਜਾ ਰਿਹਾ।
ਇਸ ਦੌਰਾਨ ਵਿਧਾਇਕ ਸ. ਰੰਧਾਵਾ ਨੇ ਮੌਕੇ ‘ਤੇ ਮੌਜੂਦ ਅਧਿਕਾਰੀਆਂ ਸਣੇ ਪੰਚਾਇਤੀ ਨੁਮਾਇੰਦਿਆਂ, ਨੰਬਰਦਾਰਾਂ, ਡਿਫੈਂਸ ਕਮੇਟੀਆਂ ਦੇ ਮੈਂਬਰਾਂ ਸਮੇਤ ਆਮ ਲੋਕਾਂ ਨੂੰ ਸਮੂਹਿਕ ਤੌਰ ‘ਤੇ ਨਸ਼ਿਆਂ ਵਿਰੁੱਧ ਹਲਫ਼ ਦਿਵਾਉਂਦਿਆਂ ਦਾਅਵਾ ਕੀਤਾ ਕਿ ਸੂਬਾ ਮਾਨ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਜੰਗ ਤੇ ਅਮਨ ਪਸੰਦ ਨਾਗਰਿਕਾਂ ਦੇ ਆਪ ਮੁਹਾਰੇ ਸਹਿਯੋਗ ਨਾਲ ਫ਼ਤਿਹ ਹਾਸਲ ਕਰਨ ਜਾ ਰਹੀ ਹੈ।
ਇਸ ਮੌਕੇ ਤੇ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ. ਗੁਰਮੰਦਰ ਸਿੰਘ, ਬੀ.ਡੀ.ਪੀ.ਓ. ਅਮਨਦੀਪ ਕੌਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਪੰਚ-ਸਰਪੰਚ, ਡਿਫੈਂਸ ਕਮੇਟੀਆਂ ਤੇ ਮੁਹਤਬਰ ਹਾਜ਼ਰ ਸਨ।