ਪੰਜਾਬ

ਬਰਿੰਦਰ ਕੁਮਾਰ ਗੋਇਲ ਵੱਲੋਂ ਨਹਿਰੀ ਪਟਵਾਰੀਆਂ ਦੀਆਂ ਜਾਇਜ਼ ਮੰਗਾਂ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ

ਬਰਿੰਦਰ ਕੁਮਾਰ ਗੋਇਲ ਵੱਲੋਂ ਨਹਿਰੀ ਪਟਵਾਰੀਆਂ ਦੀਆਂ ਜਾਇਜ਼ ਮੰਗਾਂ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ
  • PublishedSeptember 23, 2026

ਕਿਹਾ, ਮਾਨ ਸਰਕਾਰ ਸੇਵਾ-ਸਬੰਧੀ ਜਾਇਜ਼ ਮੁੱਦਿਆਂ ਦੇ ਹੱਲ ਲਈ ਵਚਨਬੱਧ

ਚੰਡੀਗੜ੍ਹ, 23 ਸਤੰਬਰ 2026 (ਦੀ ਪੰਜਾਬ ਵਾਇਰ)— ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਜਲ ਸਰੋਤ ਵਿਭਾਗ ਦੀ ਨਹਿਰੀ ਪਟਵਾਰ ਯੂਨੀਅਨ ਨਾਲ ਮੀਟਿੰਗ ਕੀਤੀ ਜਿਸ ਵਿੱਚ ਮੁਲਾਜ਼ਮਾਂ ਦੀਆਂ ਸੇਵਾ-ਸਬੰਧੀ ਮੰਗਾਂ ਅਤੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਵਿਭਾਗ ਦੇ ਮੁੱਖ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਕੈਬਨਿਟ ਮੰਤਰੀ ਨੂੰ ਨਹਿਰੀ ਪਟਵਾਰੀਆਂ ਵੱਲੋਂ ਡਿਊਟੀ ਨਿਭਾਉਣ ਦੌਰਾਨ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।

ਜਲ ਸਰੋਤ ਮੰਤਰੀ ਨੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਜਾਇਜ਼ ਤੇ ਵਾਜਬ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕਰਨ ਅਤੇ ਨਿਯਮਾਂ ਤੇ ਸਰਕਾਰੀ ਉਪਬੰਧਾਂ ਅਨੁਸਾਰ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਪਣੇ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਵੱਲ ਪੂਰੀ ਤਵੱਜੋ ਦੇ ਰਹੀ ਹੈ ਅਤੇ ਸੇਵਾ-ਸਬੰਧੀ ਜਾਇਜ਼ ਮੁੱਦਿਆਂ ਦੇ ਹੱਲ ਲਈ ਨਿਰਪੱਖ ਅਤੇ ਪਾਰਦਰਸ਼ੀ ਪ੍ਰਣਾਲੀ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਵਫ਼ਦ ਨੂੰ ਮੀਟਿੰਗ ਦੌਰਾਨ ਉਠਾਏ ਗਏ ਮੁੱਦਿਆਂ ਨੂੰ ਲੋੜੀਂਦੀ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਕੋਲ ਉਠਾਏ ਜਾਣ ਦਾ ਭਰੋਸਾ ਦਿਵਾਇਆ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਕਰਮਚਾਰੀਆਂ ਦੀ ਅਹਿਮ ਭੂਮਿਕਾ ਹੈ ਅਤੇ ਅਸੀਂ ਕਰਮਚਾਰੀ ਜਥੇਬੰਦੀਆਂ ਨਾਲ ਉਸਾਰੂ ਗੱਲਬਾਤ ਜਾਰੀ ਰੱਖਣ ਲਈ ਵਚਨਬੱਧ ਹਾਂ। ਸ੍ਰੀ ਗੋਇਲ ਨੇ ਕਿਹਾ ਕਿ ਜਾਇਜ਼ ਮੰਗਾਂ ‘ਤੇ ਸਾਕਾਰਾਤਮਕ ਢੰਗ ਨਾਲ ਵਿਚਾਰ-ਵਟਾਂਦਰਾ ਜਾਰੀ ਰਹੇਗਾ ਅਤੇ ਜਾਇਜ਼ ਮੰਗਾਂ ਦੇ ਸਮੇਂ ਸਿਰ ਨਿਪਟਾਰੇ ਲਈ ਨਿਯਮਾਂ ਅਤੇ ਵਿੱਤੀ ਤੇ ਪ੍ਰਸ਼ਾਸਨਿਕ ਉਪਬੰਧਾਂ ਦੇ ਦਾਇਰੇ ਵਿੱਚ ਰਹਿੰਦਿਆਂ ਢੁਕਵੇਂ ਕਦਮ ਚੁੱਕੇ ਜਾਣਗੇ।

ਕੈਬਨਿਟ ਮੰਤਰੀ ਅੱਗੇ ਰੱਖੀਆਂ ਗਈਆਂ ਸੱਤ ਪ੍ਰਮੁੱਖ ਮੰਗਾਂ ਵਿੱਚ ਨਹਿਰੀ ਪਟਵਾਰੀਆਂ ਨੂੰ ਟੈਕਨੀਕਲ ਗ੍ਰੇਡ ਦੇਣਾ, ਨਹਿਰੀ ਪਟਵਾਰੀਆਂ ਵਿਰੁੱਧ ਪ੍ਰਾਪਤ ਸ਼ਿਕਾਇਤਾਂ ‘ਤੇ ਨਿਰਪੱਖ ਜਾਂਚ ਉਪਰੰਤ ਹੀ ਕਾਰਵਾਈ ਕਰਨਾ, ਨਹਿਰੀ ਪਟਵਾਰੀਆ ਤੋਂ ਸਹਾਇਕ ਮਾਲ ਕਲਰਕ (ਏ.ਆਰ.ਸੀ.) ਦੀਆਂ ਤਰੱਕੀਆਂ ਜਲਦ ਤੋਂ ਜਲਦ ਕਰਨਾ, ਨਹਿਰੀ ਪਟਵਾਰੀਆਂ ਦੀਆਂ ਬਦਲੀਆਂ ਆਪਣੇ ਘਰਾਂ ਨੇੜੇ ਕਰਨਾ, ਨਹਿਰੀ ਪਟਵਾਰੀਆਂ ਦੀਆਂ ਖਾਲੀ ਆਸਾਮੀਆਂ ਤੁਰੰਤ ਭਰਨਾ, ਸਹਾਇਕ ਮਾਲ ਕਲਰਕ (ਏ.ਆਰ.ਸੀ.) ਦੀਆਂ ਆਸਾਮੀਆਂ ਵਧਾਉਣਾ ਅਤੇ ਨਹਿਰੀ ਪਟਵਾਰੀਆਂ ਦੀਆਂ ਸੇਵਾ-ਸਬੰਧੀ ਲੰਬਤ ਮੰਗਾਂ ਦਾ ਸਮਾਂਬੱਧ ਨਿਪਟਾਰਾ ਕਰਨਾ ਸ਼ਾਮਲ ਹੈ।

ਕੈਬਨਿਟ ਮੰਤਰੀ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਲਾਗੂ ਨਿਯਮਾਂ ਤੇ ਪ੍ਰਕਿਰਿਆਵਾਂ ਅਨੁਸਾਰ ਜਾਇਜ਼ ਮੁੱਦਿਆਂ ਦਾ ਹੱਲ ਕੀਤਾ ਜਾਵੇਗਾ।

ਮੀਟਿੰਗ ਦੌਰਾਨ ਮੁੱਖ ਇੰਜੀਨੀਅਰ (ਨਹਿਰਾਂ) ਸ੍ਰੀ ਸ਼ੇਰ ਸਿੰਘ, ਹੋਰ ਸੀਨੀਅਰ ਅਧਿਕਾਰੀ ਅਤੇ ਨਹਿਰੀ ਪਟਵਾਰ ਯੂਨੀਅਨ ਦੇ ਨੁਮਾਇੰਦੇ ਸ਼ਾਮਲ ਸਨ।

Written By
The Punjab Wire