Close

Recent Posts

ਪੰਜਾਬ

ਪੰਜਾਬ ਦੇ ਸਿਹਤ ਮੰਤਰੀ ਨੇ ਵੈਕਟਰ ਬੋਰਨ ਤੇ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਬਚਾਅ ਕਾਰਜਾਂ ਦਾ ਲਿਆ ਜਾਇਜ਼ਾ

ਪੰਜਾਬ ਦੇ ਸਿਹਤ ਮੰਤਰੀ ਨੇ ਵੈਕਟਰ ਬੋਰਨ ਤੇ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਬਚਾਅ ਕਾਰਜਾਂ ਦਾ ਲਿਆ ਜਾਇਜ਼ਾ
  • PublishedSeptember 22, 2026

ਇਸ ਸਾਲ ਡੇਂਗੂ ਕਾਰਨ ਇੱਕ ਵੀ ਮੌਤ ਨਹੀਂ ਹੋਈ: ਸਿਹਤ ਮੰਤਰੀ

‘‘ਡੇਂਗੂ ਦੇ ਕੇਸਾਂ ਦਾ ਪਤਾ ਲਗਾਉਣ ਦੀ ਬਜਾਏ ਡੇਂਗੂ ਲਾਰਵਾ ਨੂੰ ਖ਼ਤਮ ਕਰਨਾ ਸਾਡੀ ਤਰਜੀਹ’’: ਡਾ. ਬਲਬੀਰ ਸਿੰਘ

ਡਿਪਟੀ ਕਮਿਸ਼ਨਰਾਂ ਨੂੰ ਨਿਯਮਿਤ ਨਜ਼ਰਸਾਨੀ ਕਰਨ ਅਤੇ ਆਸ਼ਾ ਵਰਕਰਾਂ ਤੇ ਨਰਸਿੰਗ ਵਿਦਿਆਰਥੀਆਂ ਨੂੰ ਘਰੋ-ਘਰੀ ਜਾ ਕੇ ਸਰਵੇਖਣ ਕਰਨ ਦੇ ਨਿਰਦੇਸ਼

ਸਿਹਤ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਤੇ ਸਿਹਤ ਅਧਿਕਾਰੀਆਂ ਨੂੰ ਸੁਚੱਜੇ ਢੰਗ ਨਾਲ  ਐਮ.ਐਮ.ਐਸ.ਵਾਈ. ਕਾਰਡ ਵੰਡਣ ਦੀ ਕੀਤੀ ਹਦਾਇਤ

ਚੰਡੀਗੜ੍ਹ, 22 ਸਤੰਬਰ 2026 (ਦੀ ਪੰਜਾਬ ਵਾਇਰ)– ਲੋਕਾਂ ਦੀ ਸਿਹਤ ਦੀ ਰਾਖੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦ੍ਰਿੜ੍ਹ ਸੰਕਲਪ ਨੂੰ ਦੁਹਰਾਉਂਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਡਾਇਰੈਕਟੋਰੇਟ ਆਫ਼ ਹੈਲਥ ਸਰਵਿਸਿਜ਼ (ਡੀਐਚਐਸ) ਵਿਖੇ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਦਾ ਉਦੇਸ਼ ਸੂਬੇ ਭਰ ਵਿੱਚ ਵੈਕਟਰ-ਬੋਰਨ ਅਤੇ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਬਚਾਅ ਲਈ ਕੀਤੇ ਜਾ ਰਹੇ ਉਪਾਵਾਂ ਦਾ ਜਾਇਜ਼ਾ ਲੈਣਾ ਸੀ।

ਇਸ ਦੌਰਾਨ ਸਿਹਤ ਮੰਤਰੀ ਦੇ ਨਾਲ ਪ੍ਰਮੁੱਖ ਸਕੱਤਰ (ਸਿਹਤ) ਕੁਮਾਰ ਰਾਹੁਲ, ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਅਨੁਰਾਗ ਕੁੰਡੂ, ਵਿਸ਼ੇਸ਼ ਸਕੱਤਰ (ਸਿਹਤ) ਅਤੇ ਨੈਸ਼ਨਲ  ਹੈਲਥ ਮਿਸ਼ਨ ਦੀ ਐਮ.ਡੀ. ਸਾਕਸ਼ੀ ਸਾਹਨੀ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਹਿਤਿੰਦਰ ਕੌਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਅਦਿਤੀ ਸਲਾਰੀਆ ਮੌਜੂਦ ਸਨ। ਇਸ ਤੋਂ ਇਲਾਵਾ ਡਿਪਟੀ ਡਾਇਰੈਕਟਰ ਡਾ. ਰੋਹਿਣੀ ਗੋਇਲ, ਸਹਾਇਕ ਡਾਇਰੈਕਟਰ ਡਾ. ਮਨਮੀਤ ਕੌਰ ਅਤੇ ਸਟੇਟ ਪ੍ਰੋਗਰਾਮ ਅਫਸਰ ਡਾ. ਅਰਸ਼ਦੀਪ ਕੌਰ ਵੀ ਹਾਜ਼ਰ ਸਨ। ਜਦਕਿ ਡਿਪਟੀ ਕਮਿਸ਼ਨਰ, ਸਿਵਲ ਸਰਜਨ ਅਤੇ ਜ਼ਿਲ੍ਹਾ ਐਪੀਡੈਮਿਓਲੋਜਿਸਟ (ਮਹਾਮਾਰੀ ਵਿਗਿਆਨੀ)  ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਸ਼ਿਰਕਤ ਕੀਤੀ ।

ਬਿਮਾਰੀ  ਸਬੰਧੀ ਅੰਕੜਿਆਂ ਦੀ ਸਮੀਖਿਆ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਮਾਂ ਰਹਿੰਦਿਆਂ ਕੀਤੇ ਗਏ ਰੋਕਥਾਮ ਉਪਾਵਾਂ ਸਦਕਾ ਪੰਜਾਬ ਵਿੱਚ ਇਸ ਸਾਲ, ਹੁਣ ਤੱਕ ਡੇਂਗੂ ਕਾਰਨ ਕੋਈ ਵੀ ਮੌਤ ਨਹੀਂ ਹੋਈ ਹੈ। 21 ਸਤੰਬਰ ਤੱਕ ਕੁੱਲ 1,00,414 ਡੇਂਗੂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ (ਜਿਨ੍ਹਾਂ ਵਿੱਚੋਂ 64,049 ਨਮੂਨਿਆਂ ਦੀ ਜਾਂਚ ਆਮ ਆਦਮੀ ਕਲੀਨਿਕਾਂ ਵਿੱਚ ਕੀਤੀ ਗਈ), ਜਿਸ ਵਿੱਚ ਪੌਜ਼ੀਟਿਵਿਟੀ ਦਰ ਕਾਫ਼ੀ ਘੱਟ ਯਾਨੀ 0.45ਫੀਸਦੀ (451 ਪੌਜ਼ੀਟਿਵ ਕੇਸ) ਦਰਜ ਕੀਤੀ ਗਈ ਹੈ। ਸਿਹਤ ਮੰਤਰੀ ਨੇ ਅੰਮ੍ਰਿਤਸਰ ਅਤੇ ਜਲੰਧਰ ਵੱਲੋਂ ਡੇਂਗੂ ਦੀ ਜਾਂਚ ਕਰਨ ਵਿੱਚ ਦਿਖਾਈ ਸਰਗਰਮ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਸਾਲ ਸੂਬੇ ਵਿੱਚ ਸਾਹਮਣੇ ਆਏ ਚਿਕਨਗੁਨੀਆ ਦੇ 16 ਕੇਸਾਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ।

ਡਾ. ਬਲਬੀਰ ਸਿੰਘ ਨੇ ਕਿਹਾ, ‘‘ਸਿਰਫ਼ ਡੇਂਗੂ ਦੇ ਕੇਸਾਂ ਦਾ ਪਤਾ ਲਗਾਉਣ ਹੁਣ ਸਾਡੀ ਤਰਜੀਹ ਨਹੀਂ ਸਗੋਂ ਅਸੀਂ ਡੇਂਗੂ ਦੇ ਲਾਰਵੇ ਦੀ ਸਰਗਰਮੀ ਨਾਲ ਪਛਾਣ ਕਰਕੇ ਉਸਨੂੰ ਖਤਮ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ’’ ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਅਤੇ ਸਿਹਤ ਅਧਿਕਾਰੀਆਂ ਨੂੰ ਨਿਯਮਤ ਜਾਂਚ ਕਰਨ ਲਈ ਕਿਹਾ ਅਤੇ ਹਦਾਇਤ ਕੀਤੀ ਕਿ ਐਪੀਡੈਮਿਓਲੋਜੀ  ਟੀਮਾਂ ਵੱਲੋਂ ਫੀਲਡ ਨਿਗਰਾਨੀ ਅਤੇ ਪਛਾਣੇ ਗਏ ਡੇਂਗੂ ਹੌਟਸਪੌਟਸ ਦੇ ਨਿਯਮਤ ਦੌਰੇ ਕੀਤੇ ਜਾਣ, ਅਤੇ ਫਾਲੋ-ਅੱਪ ਵਿਧੀਆਂ ਵਿੱਚ ਤੇਜ਼ੀ ਲਿਆਂਦੀ ਜਾਵੇ।

ਵੱਖ-ਵੱਖ ਵਿਭਾਗਾਂ ਦਰਮਿਆਨ ਆਪਸੀ ਤਾਲਮੇਲ ਅਤੇ ਸਰਗਰਮ ਭਾਈਚਾਰਕ ਸ਼ਮੂਲੀਅਤ ’ਤੇ ਜ਼ੋਰ ਦਿੰਦਿਆਂ, ਮੰਤਰੀ ਨੇ ਜ਼ਿਲਿ੍ਹਆਂ ਨੂੰ ਹਦਾਇਤ ਕੀਤੀ ਕਿ ਮੱਛਰਾਂ ਦੇ ਪੈਦਾ ਹੋਣ ਵਾਲੇ ਸਰੋਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਖਤਮ ਕਰਨ ਲਈ ਘਰੋ-ਘਰੀ ਜਾ ਕੇ ਸਰਵੇਖਣ ਕਰਨ ਵਾਸਤੇ ਆਸ਼ਾ  ਵਰਕਰਾਂ ਅਤੇ ਨਰਸਿੰਗ ਵਿਦਿਆਰਥੀਆਂ ਦੀਆਂ ਸੇਵਾਵਾਂ ਲਈਆਂ ਜਾਣ। ਉਨ੍ਹਾਂ ਨੇ ਪਿੰਡ ਪੱਧਰ ’ਤੇ ’ਪਿੰਡ ਸਿਹਤ, ਸਫਾਈ ਅਤੇ ਪੋਸ਼ਣ ਕਮੇਟੀਆਂ’ (ਵੀਐਚਐਸਐਨਸੀ) ਦੀਆਂ ਸਰਗਰਮੀ ਨਾਲ ਮੀਟਿੰਗਾਂ ਕਰਨ ਲਈ ਵੀ ਨਿਰਦੇਸ਼ ਦਿੱਤੇ। ਇਨ੍ਹਾਂ ਵਰਕਰਾਂ ਦੀ ਅਹਿਮ ਭੂਮਿਕਾ ਨੂੰ ਮਾਨਤਾ ਦਿੰਦਿਆਂ, ਮੰਤਰੀ ਨੇ ਕਿਹਾ ਕਿ ਘਰ-ਘਰ ਜਾ ਕੇ ਸਰਵੇਖਣ ਦਾ ਕੰਮ ਕਰਨ ਬਦਲੇ ਆਸ਼ਾ ਵਰਕਰਾਂ ਨੂੰ ਢੁਕਵੇਂ ਭੁਗਤਾਨ ਅਤੇ ਉਤਸ਼ਾਹਜਨਕ ਭੱਤੇ ਦਿੱਤੇ ਜਾ ਰਹੇ ਹਨ।

ਐਂਟੀ-ਡੇਂਗੂ ਗਤੀਵਿਧੀਆਂ ਵਿੱਚ ਨਰਸਿੰਗ ਵਿਦਿਆਰਥੀਆਂ ਦੀ 100 ਫੀਸਦ ਸ਼ਮੂਲੀਅਤ ਯਕੀਨੀ ਬਣਾਉਣ ਲਈ ਫਰੀਦਕੋਟ ਜ਼ਿਲ੍ਹੇ ਦੀ ਸ਼ਲਾਘਾ ਕਰਦਿਆਂ ਸਿਹਤ ਮੰਤਰੀ ਨੇ ਹੋਰ ਜ਼ਿਲਿ੍ਹਆਂ ਨੂੰ ਵੀ ਵਿਦਿਆਰਥੀਆਂ ਦੀ ਭਾਗੀਦਾਰੀ ਵਧਾਉਣ ਲਈ ਕਿਹਾ। ਉਨ੍ਹਾਂ ਨੇ ਲੁਧਿਆਣਾ, ਕਪੂਰਥਲਾ, ਫਰੀਦਕੋਟ ਅਤੇ ਤਰਨ ਤਾਰਨ ਸਮੇਤ ਵੱਧ ਕੇਸਾਂ ਵਾਲੇ ਜ਼ਿਲਿ੍ਹਆਂ ਵਿੱਚ ਵੀ.ਐਚ.ਐਸ.ਐਨ.ਸੀ. ਮੀਟਿੰਗਾਂ, ਖੇਤਰੀ ਨਿਰੀਖਣਾਂ ਅਤੇ ਆਸ਼ਾ ਵਰਕਰਾਂ ਦੀ ਸ਼ਮੂਲੀਅਤ ਦੇ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ। ਮੰਤਰੀ ਨੇ ਸਥਾਨਕ ਅਧਿਕਾਰੀਆਂ ਨੂੰ ਲੋੜ ਅਨੁਸਾਰ ਘਰਾਂ ਦੇ ਅੰਦਰ ਅਤੇ ਬਾਹਰ ਫੋਗਿੰਗ ਕਰਨ ਲਈ ਵੀ ਕਿਹਾ।

ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਵੱਲ ਧਿਆਨ ਦਿੰਦਿਆਂ, ਮੰਤਰੀ ਨੇ ਦਸਤ, ਹੈਜ਼ਾ ਅਤੇ ਹੈਪੇਟਾਈਟਸ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਪਾਣੀ ਦੀ ਗੁਣਵੱਤਾ ’ਤੇ ਸਖ਼ਤ ਨਜ਼ਰ ਰੱਖਣ, ਪੀਣ ਵਾਲੇ ਪਾਣੀ ਦੇ ਸਰੋਤਾਂ ਦੀ ਨਿਯਮਤ ਜਾਂਚ ਕਰਨ, ਲੀਕ ਹੋ ਰਹੀਆਂ ਪਾਈਪਲਾਈਨਾਂ ਜਾਂ ਦੂਸ਼ਿਤ ਸਪਲਾਈ ਲਾਈਨਾਂ ਨੂੰ ਤੁਰੰਤ ਠੀਕ ਕਰਨ ਅਤੇ ਸਾਰੇ ਸਿਹਤ ਸੰਸਥਾਵਾਂ ਵਿੱਚ ਓਆਰਐਸ, ਆਈਵੀ ਫਲੂਡਜ਼, ਕਲੋਰੀਨ ਦੀਆਂ ਗੋਲੀਆਂ ਅਤੇ ਜ਼ਰੂਰੀ ਦਵਾਈਆਂ ਦਾ ਲੋੜੀਂਦਾ ਭੰਡਾਰ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ।

ਸਿਹਤ ਮੰਤਰੀ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ (ਐਮਐਮਐਸਵਾਈ) ਕਾਰਡਾਂ ਦੀ ਵੰਡ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੂੰ ਪਿੰਡ ਅਤੇ ਮੁਹੱਲਾ ਪੱਧਰ ’ਤੇ ਐਮਐਮਐਸਵਾਈ ਕਾਰਡਾਂ ਦੀ ਦਾ ਸੁਚੱਜੇ ਢੰਗ ਨਾਲ ਵੰਡ ਕਰਨ ਲਈ ਕਿਹਾ।

ਡਾ. ਬਲਬੀਰ ਸਿੰਘ ਨੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਨਾਗਰਿਕਾਂ ਨੂੰ ਬਿਮਾਰੀ ਦੇ ਸਰੋਤਾਂ ਨੂੰ ਖਤਮ ਕਰਨ ਸਬੰਧੀ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ: ‘‘ਬਿਮਾਰੀਆਂ ਦੀ ਰੋਕਥਾਮ ਦੀ ਸਫਲਤਾ ਭਾਈਚਾਰਕ ਸ਼ਮੂਲੀਅਤ ਅਤੇ ਜ਼ਿੰਮੇਵਾਰੀ ’ਤੇ ਨਿਰਭਰ ਕਰਦੀ ਹੈ। ਆਲੇ-ਦੁਆਲੇ ਦੀ ਸਫਾਈ ਯਕੀਨੀ ਬਣਾ ਕੇ ਅਤੇ ਖੜ੍ਹੇ ਪਾਣੀ ਦੀ ਜਾਂਚ ਕਰਕੇ, ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਸਿਹਤਮੰਦ ਅਤੇ ਬਿਮਾਰੀ-ਮੁਕਤ ਰੱਖ ਸਕਦੇ ਹਾਂ।’

Written By
The Punjab Wire