ਗੁਰਦਾਸਪੁਰ, 23 ਸਤੰਬਰ 2026 (ਮੰਨਨ ਸੈਣੀ)। ਮੁੱਖ ਮੰਤਰੀ, ਪੰਜਾਬ ਦੁਆਰਾ ਚਲਾਈ ਗਈ ਮੁਹਿੰਮ ਤਹਿਤ ਅਤੇ ਮਾਨਯੋਗ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਇੰਸਪੈਕਟਰ ਜਨਰਲ ਆਫ਼ ਪੁਲਿਸ, ਬਾਰਡਰ ਰੇਂਜ, ਅੰਮ੍ਰਿਤਸਰ ਵੱਲੋਂ ਸਮੱਗਲਿੰਗ ਅਤੇ ਸੰਗਠਿਤ ਅਪਰਾਧ ਨੂੰ ਰੋਕਣ ਲਈ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਥਾਣਾ ਸਦਰ ਗੁਰਦਾਸਪੁਰ ਪੁਲਿਸ ਕਰਮਚਾਰੀਆਂ ਵੱਲੋਂ ਦੌਰਾਨੇ ਨਾਕਾ ਚੈਕਿੰਗ ਇੱਕ ਕਾਰ I-20 ਨੰਬਰ PB-10-FN-5432, ਜਿਸਨੂੰ ਇੱਕ ਨੌਜਵਾਨ ਚਲਾ ਰਿਹਾ ਸੀ, ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਕਾਰ ਵਿੱਚੋਂ 01 ਕਿਲੋ ਹੈਰੋਇਨ, ₹50,000/- ਰੁਪਏ ਡਰੱਗ ਮਨੀ, 02 ਪਿਸਟਲ ਸਮੇਤ ਮੈਗਜ਼ੀਨ (01 ਪਿਸਟਲ ਬਿਨ੍ਹਾਂ ਮਾਰਕਾ ਅਤੇ 01 ਪਿਸਟਲ ਗਲੋਕ) ਅਤੇ 05 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਸਦਰ ਗੁਰਦਾਸਪੁਰ ਵਿਖੇ ਮੁਕੱਦਮਾ ਨੰਬਰ 186, ਮਿਤੀ 22.09.2026, ਜੁਰਮ 21(ਸੀ)/27(ਏ)-61-85 ਐਨ.ਡੀ.ਪੀ.ਐਸ. ਐਕਟ ਅਤੇ 25(1ਬੀ) ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਹੈ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਨੂੰ ਵੈਰੀਫਾਈ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।
ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਆਦਿਤਿਆ ਨੇ ਦੱਸਿਆ ਕਿ ਇਹ ਬਰਾਮਦਗੀ ਨਸ਼ਾ ਤਸਕਰਾਂ ਲਈ ਇੱਕ ਵੱਡਾ ਝਟਕਾ ਹੈ। ਇਸ ਮਹੀਨੇ ਦੌਰਾਨ ਗੁਰਦਾਸਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਨੈੱਟਵਰਕ ਵਿਰੁੱਧ ਲਗਾਤਾਰ ਅਤੇ ਸਖ਼ਤ ਕਾਰਵਾਈ ਕੀਤੀ ਗਈ ਹੈ, ਜਿਸ ਦੇ ਨਤੀਜੇ ਵਜੋਂ ਵਪਾਰਕ ਮਾਤਰਾ (Commercial Quantity) ਦੀ ਹੈਰੋਇਨ ਦੇ 08 ਮੁਕੱਦਮੇ ਦਰਜ, 15 ਦੋਸ਼ੀ ਗ੍ਰਿਫ਼ਤਾਰ ਅਤੇ ਲਗਭਗ 8.5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਕਾਰਵਾਈਆਂ ਦੌਰਾਨ 11 ਪਿਸਟਲ ਅਤੇ 01 ਰਿਵਾਲਵਰ ਵੀ ਬਰਾਮਦ ਕੀਤਾ ਗਿਆ ਹੈ।
ਦੋਸ਼ੀ ਦਾ ਵੇਰਵਾ ਅਤੇ ਕ੍ਰਿਮੀਨਲ ਹਿਸਟਰੀ
ਅਕਾਸ਼ਦੀਪ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਫਤਿਹਪੁਰ, ਅੰਮ੍ਰਿਤਸਰ, ਉਮਰ 22 ਸਾਲ
(ਪਹਿਲਾਂ 01 ਮੁਕੱਦਮਾ ਐਨ.ਡੀ.ਪੀ.ਐਸ. ਐਕਟ ਦਾ ਦਰਜ ਹੈ।)
ਬਰਾਮਦਗੀ
ਇੱਕ ਕਾਰ I-20 ਨੰਬਰ PB-10-FN-5432
01 ਕਿਲੋ ਹੈਰੋਇਨ
₹50,000/- ਰੁਪਏ ਡਰੱਗ ਮਨੀ
02 ਪਿਸਟਲ ਸਮੇਤ ਮੈਗਜ਼ੀਨ (01 ਪਿਸਟਲ ਬਿਨ੍ਹਾਂ ਮਾਰਕਾ ਅਤੇ 01 ਪਿਸਟਲ ਗਲੋਕ)
05 ਜ਼ਿੰਦਾ ਰੌਂਦ