ਸੰਪਰਕ ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਨਸ਼ਿਆਂ ਅਤੇ ਬਦਮਾਸ਼ਵਾਦ ਖ਼ਿਲਾਫ਼ ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ
ਅੰਮ੍ਰਿਤਸਰ, 31 ਅਗਸਤ 2026 (ਦੀ ਪੰਜਾਬ ਵਾਇਰ)– ਅੱਜ ਮਿਤੀ 31-08-2026 ਨੂੰ ਸਬ-ਡਵੀਜ਼ਨ ਈਸਟ ਦੇ ਖੇਤਰ ਵਿੱਚ ਓਪਰੇਸ਼ਨ ਸੰਪਰਕ ਤਹਿਤ ਮੀਟਿੰਗ ਕਰਵਾਈ ਗਈ। ਇਸ ਸੰਪਰਕ ਮੀਟਿੰਗ ਵਿੱਚ ਪੁਲਿਸ ਅਧਿਕਾਰੀਆਂ ਅਤੇ ਇਲਾਕੇ ਦੇ ਸਮੂਹ ਮੋਤਬਰ ਵਿਅਕਤੀਆਂ, ਪਤਵੰਤੇ ਸੱਜਣ ਸ਼ਾਮਲ ਹੋਏ। ਸ੍ਰੀ ਹਰਮਨਬੀਰ ਸਿੰਘ ਗਿੱਲ,ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਜੀ ਨੇ ਸਾਰਿਆ ਦਾ ਧੰਨਵਾਦ ਕਰਦੇ ਹੋਏ ਕਿਹਾ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਬਿਹਤਰ ਤਾਲਮੇਲ ਅਤੇ ਸਹਿਯੋਗ ਨਾਲ ਹੀ ਸਮਾਜ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਸਾਹਮਣੇ ਦੋ ਵੱਡੀਆਂ ਚੁਣੌਤੀਆਂ ਨਸ਼ਿਆਂ ਦੀ ਸਮੱਸਿਆ ਅਤੇ ਬਦਮਾਸ਼ਵਾਦ ਹਨ। ਇਹ ਦੋਵੇਂ ਸਮੱਸਿਆਵਾਂ ਸਿਰਫ਼ ਕਾਨੂੰਨ-ਵਿਵਸਥਾ ਨਾਲ ਸਬੰਧਤ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ, ਉਨ੍ਹਾਂ ਦੇ ਭਵਿੱਖ ਅਤੇ ਸਮੁੱਚੇ ਸਮਾਜ ਦੀ ਸੁਰੱਖਿਆ ਨਾਲ ਜੁੜੀਆਂ ਹੋਈਆਂ ਹਨ।
ਪੰਜਾਬ ਪਹਿਲਾਂ ਵੀ ਅੱਤਵਾਦ ਦੇ ਦੌਰ ਵਿੱਚੋਂ ਗੁਜ਼ਰ ਚੁੱਕਾ ਹੈ ਅਤੇ ਉਸ ਸਮੇਂ ਪੰਜਾਬ ਦੀ ਜਵਾਨੀ, ਕਾਰੋਬਾਰ ਅਤੇ ਉਦਯੋਗ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਕਈ ਵੱਡੀਆਂ ਉਦਯੋਗਿਕ ਇਕਾਈਆਂ ਪੰਜਾਬ ਤੋਂ ਬਾਹਰ ਚਲੀਆਂ ਗਈਆਂ, ਜਿਸ ਨਾਲ ਰੁਜ਼ਗਾਰ ਅਤੇ ਨੌਜਵਾਨਾਂ ਦੇ ਭਵਿੱਖ ’ਤੇ ਵੀ ਮਾੜਾ ਪ੍ਰਭਾਵ ਪਿਆ।
ਅੱਜ ਵੀ ਪੰਜਾਬ ਨੂੰ ਕਮਜ਼ੋਰ ਕਰਨ ਲਈ ਵੱਖ-ਵੱਖ ਤਰੀਕਿਆਂ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਰਾਹੀਂ ਨੌਜਵਾਨਾਂ ਨੂੰ ਗੁਮਰਾਹ ਕਰਕੇ ਅਪਰਾਧ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਾਜ਼ਿਸ਼ ਦਾ ਮੁਕਾਬਲਾ ਸਿਰਫ਼ ਪੁਲਿਸ ਨਹੀਂ, ਸਗੋਂ ਸਮੁੱਚੇ ਸਮਾਜ ਦੇ ਸਾਂਝੇ ਯਤਨਾਂ ਨਾਲ ਹੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਸਭ ਤੋਂ ਵੱਡੀ ਤਾਕਤ ਇੱਥੋਂ ਦੀ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਹੈ। ਪੰਜਾਬ ਦੇ ਲੋਕਾਂ ਨੇ ਹਮੇਸ਼ਾ ਧਰਮ, ਜਾਤ-ਪਾਤ ਅਤੇ ਹੋਰ ਵੰਡਾਂ ਤੋਂ ਉੱਪਰ ਉੱਠ ਕੇ ਇੱਕ-ਦੂਜੇ ਦਾ ਸਾਥ ਦਿੱਤਾ ਹੈ। ਇਸੇ ਏਕਤਾ ਨੂੰ ਕਾਇਮ ਰੱਖਦਿਆਂ ਨਸ਼ਿਆਂ ਅਤੇ ਬਦਮਾਸ਼ਵਾਦ ਖ਼ਿਲਾਫ਼ ਵੀ ਇਕਜੁੱਟ ਹੋਣ ਦੀ ਲੋੜ ਹੈ।
ਉਨ੍ਹਾਂ ਖਾਸ ਤੌਰ ’ਤੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ’ਤੇ ਪੂਰਾ ਧਿਆਨ ਰੱਖਣ, ਬੱਚਿਆਂ ਨਾਲ ਰੋਜ਼ਾਨਾ ਗੱਲਬਾਤ ਕਰਨ, ਉਨ੍ਹਾਂ ਨਾਲ ਇਕੱਠੇ ਸਮਾਂ ਬਿਤਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਲੋੜ ਹੈ। ਅੱਜ ਦੇ ਮੋਬਾਈਲ ਅਤੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਮਾਪਿਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਗੁਆਢੀ ਮੁਲਕ ਵਿੱਚ ਬੈਠੇ ਨਸ਼ਾ ਤਸਕਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਨੌਜਵਾਨਾਂ ਅਤੇ ਨਾਬਾਲਗ ਬੱਚਿਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪੈਸੇ, ਗੱਡੀ ਜਾਂ ਹੋਰ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦੇ ਹਨ। ਪਹਿਲਾਂ ਛੋਟੇ-ਮੋਟੇ ਕੰਮ ਕਰਵਾਏ ਜਾਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਗੰਭੀਰ ਅਪਰਾਧਾਂ ਵਿੱਚ ਧੱਕਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਲਗਭਗ ਦੋ ਮਹੀਨਿਆਂ ਦੌਰਾਨ ਬਾਰਡਰ ਖੇਤਰ ਵਿੱਚ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕਰਦਿਆਂ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਵਿੱਚੋਂ ਬਹੁਤਿਆਂ ਦੀ ਉਮਰ ਲਗਭਗ 17 ਤੋਂ 25 ਸਾਲ ਦੇ ਵਿਚਕਾਰ ਹੈ। ਉਨ੍ਹਾਂ ਕਿਹਾ ਕਿ ਇਹ ਗਿਣਤੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਸਮਾਜ ਨੂੰ ਖਾਸ ਤੌਰ ’ਤੇ ਆਪਣੇ ਨੌਜਵਾਨਾਂ ਦੀ ਸੰਭਾਲ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਆਪਣੇ ਨਾਲ ਜੋੜਿਆ ਜਾਂਦਾ ਹੈ ਅਤੇ ਬਾਅਦ ਵਿੱਚ ਉਨ੍ਹਾਂ ਤੋਂ ਗੈਰ-ਕਾਨੂੰਨੀ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਜੇ ਕੋਈ ਨੌਜਵਾਨ ਇਸ ਜਾਲ ਵਿੱਚ ਫਸ ਜਾਂਦਾ ਹੈ ਅਤੇ ਬਾਅਦ ਵਿੱਚ ਇਸ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ ਤਾਂ ਉਸ ਨੂੰ ਡਰਾ-ਧਮਕਾ ਕੇ ਮੁੜ ਅਪਰਾਧ ਦੀ ਦੁਨੀਆ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਕੋਈ ਨੌਜਵਾਨ ਨਸ਼ਿਆਂ ਜਾਂ ਗੈਂਗਸਟਰਵਾਦ ਦੇ ਜਾਲ ਵਿੱਚ ਫਸ ਗਿਆ ਹੈ ਪਰ ਆਪਣੀ ਜ਼ਿੰਦਗੀ ਬਦਲਣਾ ਚਾਹੁੰਦਾ ਹੈ, ਤਾਂ ਉਹ ਪੁਲਿਸ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਮਸਲੇ ਦਾ ਹੱਲ ਹੁੰਦਾ ਹੈ ਅਤੇ ਪੁਲਿਸ ਵੱਲੋਂ ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆ ਤੋਂ ਬਾਹਰ ਕੱਢ ਕੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਮੁੜ ਸੰਵਾਰਨ ਦਾ ਮੌਕਾ ਦੇਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੁਲਿਸ ਦਾ ਮਕਸਦ ਸਿਰਫ਼ ਅਪਰਾਧ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨਾ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਅਪਰਾਧ ਤੋਂ ਬਚਾਉਣਾ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਵੀ ਹੈ। ਇਸ ਲਈ ਜੇਕਰ ਕਿਸੇ ਪਰਿਵਾਰ ਨੂੰ ਆਪਣੇ ਬੱਚੇ ਦੀਆਂ ਗਤੀਵਿਧੀਆਂ ਸਬੰਧੀ ਕੋਈ ਸ਼ੱਕ ਜਾਂ ਚਿੰਤਾ ਹੈ ਤਾਂ ਉਹ ਬਿਨਾਂ ਕਿਸੇ ਡਰ ਦੇ ਪੁਲਿਸ ਨਾਲ ਸੰਪਰਕ ਕਰੇ।
ਅੰਤ ਵਿੱਚ ਕਮਿਸ਼ਨਰ ਪੁਲਿਸ ਨੇ ਸੰਪਰਕ ਮੀਟਿੰਗ ਵਿੱਚ ਸ਼ਾਮਲ ਸਾਰੇ ਮੋਤਬਰ ਵਿਅਕਤੀਆਂ ਅਤੇ ਪਤਵੰਤੇ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੇ ਹੋਰ ਲੋਕਾਂ ਤੱਕ ਵੀ ਇਹ ਸੰਦੇਸ਼ ਪਹੁੰਚਾਉਣ ਕਿ ਹਰੇਕ ਵਿਅਕਤੀ ਘੱਟੋ-ਘੱਟ 8-10 ਵਿਅਕਤੀਆਂ ਨੂੰ ਇਸ ਮੁਹਿੰਮ ਨਾਲ ਜੋੜਨ, ਤਾਂ ਜੋ ਸਾਂਝੇ ਯਤਨਾਂ ਨਾਲ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ, ਬਦਮਾਸ਼ਵਾਦ ਅਤੇ ਅਪਰਾਧ ਦੀ ਦੁਨੀਆ ਤੋਂ ਬਚਾਇਆ ਜਾ ਸਕੇ।
ਸਮਾਜ ਦੀ ਸ਼ਾਤੀ ਭੰਗ ਕਰਨ ਵਾਲੇ ਮਾੜੇ ਅਨਸਰਾਂ ਬਾਰੇ ਕੋਈ ਸੂਚਨਾਂ ਹੋਵੇ ਤਾਂ ਇਹ ਸੂਚਨਾਂ ਅੰਮ੍ਰਿਤਸਰ ਪੁਲਿਸ ਦੇ ਡਰੱਗ ਹੈਲਪਲਾਈਨ ਨੰਬਰ 77101-04818 ਜਾਂ ਸੇਫ ਪੰਜਾਬ ਐਂਟੀ ਡਰੱਗ ਹੈਲਪਲਾਈਨ ਨੰਬਰ 97791-00200 ਤੇ 24/7 ਦਿੱਤੀ ਜਾਵੇ। ਸੂਚਨਾਂ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਪੂਰਨ ਤੌਰ ਤੇ ਗੁਪਤ ਰੱਖੀ ਜਾਵੇਗੀ ਤੇ ਮਿਲੀ ਸੂਚਨਾਂ ਦੇ ਅਧਾਰ ਤੇ ਪੁਲਿਸ ਵੱਲੋਂ ਤੁਰੰਤ ਐਕਸ਼ਨ ਲਿਆ ਜਾਵੇਗਾ। ਪੰਜਾਬ ਪੁਲਿਸ ਪਬਲਿਕ ਦੀ ਸੇਵਾ ਲਈ 24 ਘੰਟੇ ਤੱਤਪਰ ਹੈ।
ਇਸ ਸੰਪਰਕ ਮੀਟਿੰਗ ਵਿੱਚ ਸ੍ਰੀਮਤੀ ਆਕਰਸ਼ੀ ਜੈਨ, ਡੀ.ਸੀ.ਪੀ ਸਥਾਨਿਕ, ਅੰਮ੍ਰਿਤਸਰ, ਸ੍ਰੀ ਜਸਕਿਰਨ ਜੀਤ ਸਿੰਘ ਤੇਜਾ, ਡੀ.ਸੀ.ਪੀ ਸਿਟੀ, ਅੰਮ੍ਰਿਤਸਰ, ਸ੍ਰੀ ਮਨਮੋਹਨ ਸਿੰਘ, ਏ.ਡੀ.ਸੀ.ਪੀ ਸਿਟੀ-3, ਅਤੇ ਸ੍ਰੀ ਲਖਵਿੰਦਰ ਸਿੰਘ, ਏ.ਸੀ.ਪੀ ਈਸਟ ਅੰਮ੍ਰਿਤਸਰ ਹਾਜ਼ਰ ਸਨ।