ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਫੀਡ ਬੈਂਕ ਫਾਊਂਡੇਸ਼ਨ ਵਲੋਂ ਸਥਾਪਤ ਕੀਤੇ ਜਾ ਰਹਿ ਪਰਾਲੀ ਪ੍ਰਬੰਧਨ ਪਾਰਕ ਬਾਰੇ ਜਾਗਰੂਕਤਾ ਕੈਂਪ ਲਗਾਏ- ਮੁੱਖ ਖੇਤੀਬਾੜੀ ਅਫ਼ਸਰ

ਪਿੰਡ ਜੱਟੁਵਾਲ,ਪੰਡੋਰੀ ਬੈਂਸਾਂ ਅਤੇ ਕਤੋਵਾਲ਼ ਦੇ ਕਿਸਾਨਾਂ ਦੇ ਸ਼ੰਕੇ ਦੂਰ ਕੀਤੇ
ਗੁਰਦਾਸਪੁਰ 16 ਫਰਵਰੀ 2025। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਕੀਤੇ ਜਾ ਰਹੇ ਉਪਰਾਲਿਆਂ ਵਜੋਂ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਉਮਾ ਸ਼ੰਕਰ ਦੇ ਦਿਸ਼ਾ-ਨਿਰਦੇਸ਼ਾਂ ਤੇ ਫੀਡ ਬੈਕ ਫਾਊਂਡੇਸ਼ਨ ਦੀ ਭਾਗੀਦਾਰੀ ਨਾਲ ਪਿੰਡ ਜਟੂਵਾਲ ਅਤੇ ਭਗਵਾਨਪੁਰ ਵਿਚ ਪਰਾਲੀ ਪ੍ਰਬੰਧਨ ਪਾਰਕ ਬਣਾਇਆ ਜਾ ਰਿਹਾ ਜਿਸ ਵਿਚ ਸਿਰਫ ਪਰਾਲੀ ,ਪਸ਼ੂਆਂ ਦਾ ਗੋਬਰ ਅਤੇ ਬਾਇਓ ਡੀਕੰਮਪੋਜ਼ਰ ਦੀ ਵਰਤੋਂ ਕਰਕੇ ਦੇਸੀ ਖਾਦ ਤਿਆਰ ਕੀਤੀ ਜਾਣੀ ਹੈ।
ਇਸ ਮੌਕੇ ਡਾਕਟਰ ਗਗਨਦੀਪ ਸਿੰਘ , ਡਾਕਟਰ ਬਲਜਿੰਦਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਦੀਨਾਨਗਰ , ਡਾਕਟਰ ਪ੍ਰਭਜੋਤ ਸਿੰਘ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ,ਪ੍ਰਭਜੋਤ ਕੌਰ ਖੇਤੀਬਾੜੀ ਵਿਸਥਾਰ ਅਫ਼ਸਰ,ਗੁਰਮਿੰਦਰ ਸਿੰਘ ਖੇਤੀਬਾੜੀ ਤਕਨਾਲੋਜੀ ਪ੍ਰਬੰਧਕ ਸਮੇਤ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ। ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਅਤੇ ਫੀਡ ਬੈਕ ਫਾਊਂਡੇਸ਼ਨ ਵਲੋਂ ਪਿੰਡ ਜੱਟੂਵਾਲ਼ ਅਤੇ ਭਗਵਾਨਪੁਰ ਦੇ 10 ਏਕੜ ਰਕਬੇ ਵਿੱਚ ਪਰਾਲੀ ਪ੍ਰਬੰਧਨ ਪਾਰਕ ਬਣਾਇਆ ਜਾਣਾ ਹੈ ਜਿਸ ਵਿਚ ਝੋਨੇ ਦੀ ਪਰਾਲੀ ,ਪਸ਼ੂਆਂ ਦਾ ਗੋਬਰ ਅਤੇ ਬਾਇਓ ਡੀ ਕੰਪੋਜ਼ਰ ਦੀ ਵਰਤੋਂ ਕਰਦੀਆਂ ਦੇਸੀ ਖਾਦ ਬਣਾਈ ਜਾਣੀ ਹੈ। ਉਨਾਂ ਕਿਹਾ ਕਿ ਇਸ 10 ਏਕੜ ਜਮੀਨ ਦਾ ਪਟਾ ਪੰਡੋਰੀ ਧਾਮ ਨਾਲ 10 ਸਾਲ ਲਈ ਕੀਤਾ ਗਿਆ ਹੈ।ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਪਾਰਕ ਵਿੱਚ 80 ਪ੍ਰਤੀਸ਼ਤ ਪਰਾਲੀ ਅਤੇ 20 ਪ੍ਰਤੀਸ਼ਤ ਪਸ਼ੂਆਂ ਦਾ ਗੋਬਰ ਦੀ ਵਰਤੋਂ ਕਰਦੀਆਂ ਦੇਸੀ ਖਾਦ ਬਣਾਈ ਜਾਣੀ ਹੈ। ਉਨਾਂ ਦੱਸਿਆ ਕਿ ਕੁਝ ਸਮਾਜਿਕ ਸ਼ਰਾਰਤੀ ਅੰਸਰਾਂ ਵੱਲੋ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਇਸ ਪਰਾਲੀ ਪ੍ਰਬੰਧਨ ਪਾਰਕ ਵਿੱਚ ਗੁਰਦਾਸਪੁਰ ਅਤੇ ਦੀਨਾਨਗਰ ਸ਼ਹਿਰ ਦਾ ਕੂੜਾ ਸੁਟਿਆ ਜਾਣਾ ਹੈ ਪਰ ਇਹ ਬਿਲਕੁਲ ਗਲਤ ਹੈ ਇਸ ਸਥਾਨ ਤੇ ਨਰੋਲ ਪਰਾਲੀ ਪ੍ਰਬੰਧਨ ਦਾ ਪ੍ਰੋਜੈਕਟ ਹੀ ਲਗਾਇਆ ਜਾਣਾ ਹੈ ਅਤੇ ਇਸ ਸਥਾਨ ਤੇ ਇਸ ਤੋਂ ਇਲਾਵਾ ਕੋਈ ਵੀ ਕੰਮ ਹੁਣ ਜਾਂ ਭਵਿੱਖ ਵਿੱਚ ਨਹੀਂ ਕੀਤਾ ਜਾਵੇਗਾ । ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਮਨਰੇਗਾ ਤਹਿਤ ਜੋ ਲੇਬਰ ਸਾਰਾ ਸਾਲ ਕੰਮ ਕਰੇਗੀ ਜੋ ਕਿ 15 ਤੋਂ 20 ਵਿਅਕਤੀ ਪ੍ਰਤੀ ਦਿਨ ਬਣਦੇ ਹਨ ਉਹ ਸਾਰੀ ਲੇਬਰ ਪਿੰਡ ਭਗਵਾਨਪੁਰ ਅਤੇ ਜੱਟੂਵਾਲ ਤੋਂ ਲੈਣ ਦੀ ਪਹਿਲ ਹੋਵੇਗੀ। ਇਹ ਕੰਮ ਸਾਲ ਭਰ ਲਈ ਜਾਰੀ ਰਹੇਗਾ ਇਸ ਪ੍ਰੋਜੈਕਟ ਤੋਂ ਬਣਨ ਵਾਲੀ ਖਾਦ ਇਹਨਾਂ ਪਿੰਡਾਂ ਦੇ ਕਿਸਾਨਾਂ ਨੂੰ 60 ਪ੍ਰਤੀਸ਼ਤ ਸਬਸਿਡੀ ਤੇ ਦਿੱਤੀ ਜਾਵੇਗੀ ਜੋ ਕਿ ਕਿਸਾਨ ਆਪਣਾ ਆਧਾਰ ਕਾਰਡ ਦਿਖਾ ਕੇ ਪ੍ਰਾਪਤ ਕਰ ਸਕਣਗੇ ਇਹ ਪ੍ਰੋਜੈਕਟ ਅਧੀਨ ਪਿੰਡ ਭਗਵਾਨਪੁਰ ਅਤੇ ਜੱਟੂਵਾਲ ਦੇ ਸਾਰੇ ਰਕਬੇ ਦੀ ਪਰਾਲੀ ਦੀ ਬੇਲਿੰਗ ਦੀ ਫੀਡਬੈਕ ਫਾਊਂਡੇਸ਼ਨ’ ਵੱਲੋਂ ਬੇਲਰ ਮੁਹਈਆ ਕਰਵਾ ਕੇ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਬਣਨ ਵਾਲੀ ਭੌ ਪਰਖ ਪ੍ਰਯੋਗਸ਼ਾਲਾ ਵੱਲੋਂ ਕੇਵਲ ਇਹਨਾਂ ਪਿੰਡਾਂ ਦੇ ਕਿਸਾਨਾਂ ਦੀ ਮਿੱਟੀ ਪਰਖ ਕੀਤੀ ਜਾਵੇਗੀ,ਜਿਸ ਦੀ ਰਿਪੋਰਟ ਦੇ ਅਧਾਰ ਤੇ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋਂ ਰਸਾਇਣਕ ਖਾਦਾਂ ਤੇ ਨਿਰਭਰਤਾ ਘਟਾਈ ਜਾ ਸਕੇ। ਇਸ ਦੇ ਨਾਲ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋਂ ਛੋਟੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।ਉਨਾਂ ਪਰਾਲੀ ਪ੍ਰਬੰਧਨ ਪਾਰਕ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਵੱਲ ਧਿਆਨ ਨਾਂ ਦੇਣ ਦੀ ਕਿਸਾਨਾਂ ਨੁੰ ਅਪੀਲ ਕੀਤੀ ਗਈ ਕਿਉਂਕਿ ਇਹ ਪ੍ਰੋਜੈਕਟ ਕੇਵਲ ਤੇ ਕੇਵਲ ਪਰਾਲੀ ,ਗੋਬਰ ਤੋਂ ਦੇਸੀ ਖਾਦ ਬਣਾਉਣ ਨਾਲ ਹੀ ਸਬੰਧਤ ਹੈ।