ਨਗਰ ਕੌਂਸਲ ਡੇਰਾ ਬਾਬਾ ਨਾਨਕ ਦੀਆਂ ਆਮ ਚੋਣਾਂ-2025 ਲਈ ਚੋਣ ਪ੍ਰੋਗਰਾਮ ਜਾਰੀ – ਵਧੀਕ ਜ਼ਿਲਾ ਚੋਣ ਅਫਸਰ

ਗੁਰਦਾਸਪੁਰ, 16 ਫਰਵਰੀ (ਸਰਬਜੀਤ ਸਿੰਘ) – ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੀਆਂ ਆਮ ਚੋਣਾਂ-2025 ਲਈ ਚੋਣ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਨਗਰ ਕੌਂਸਲ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਸ਼ੁਰੂਆਤ 17 ਫਰਵਰੀ, ਦਿਨ (ਸੋਮਵਾਰ), (ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ) ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 20 ਫਰਵਰੀ, (ਵੀਰਵਾਰ), (ਬਾਅਦ ਦੁਪਹਿਰ 3 ਵਜੇ ਤੱਕ) ਹੋਵੇਗੀ। ਉਨ੍ਹਾਂ ਦੱਸਿਆ ਕਿ 21 ਫਰਵਰੀ (ਸ਼ੁੱਕਰਵਾਰ) ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ 22 ਫਰਵਰੀ, ਦਿਨ (ਸ਼ਨੀਵਾਰ) ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਹੋਵੇਗੀ। ਉਹਨਾਂ ਦੱਸਿਆ ਕਿ 2 ਮਾਰਚ ਦਿਨ ਐਤਵਾਰ ਨੂੰ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੀਆਂ ਵੋਟਾਂ ਪੈਣਗੀਆਂ। ਉਨ੍ਹਾਂ ਦੱਸਿਆ ਕਿ ਵੋਟਾਂ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਦਾ ਹੋਵੇਗਾ। ਵੋਟਾਂ ਦੀ ਗਿਣਤੀ ਉਸੇ ਦਿਨ (2 ਮਾਰਚ ਦਿਨ ਐਤਵਾਰ) ਨੂੰ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋਣ ਉਪਰੰਤ ਕੀਤੀ ਜਾਵੇਗੀ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ 17 ਫਰਵਰੀ 2025 ਤੋਂ 3 ਮਾਰਚ 2025 ਤੱਕ ਮਾਡਲ ਕੋਡ ਆਫ ਕੰਡਕਟ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੀ ਰੈਵੀਨਿਊ ਹਦੂਦ ਅੰਦਰ ਲਾਗੂ ਰਹੇਗਾ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਇਹਨਾਂ ਚੋਣਾਂ ਨੂੰ ਨੇਪਰੇ ਚੜਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਅਤੇ ਪ੍ਰਸ਼ਾਸਨ ਵੱਲੋਂ ਹਰ ਪੱਖੋਂ ਮੁਕੰਮਲ ਤਿਆਰੀ ਕੀਤੀ ਜਾ ਚੁੱਕੀ ਹੈ।