ਲੌਂਗੋਵਾਲ ਵਾਸੀਆਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਪਿਆ ਬੂਰ, ਕੈਬਨਿਟ ਮੰਤਰੀ ਅਮਨ ਅਰੋੜਾ ਨੇ 1.31 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਨਵੇਂ ਆਧੁਨਿਕ ਬੱਸ ਅੱਡੇ ਦਾ ਕੀਤਾ ਉਦਘਾਟਨ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਨਵੇਂ ਬਣਾਏ ਗਏ ਬੱਸ ਅੱਡੇ ਦਾ ਨਾਂ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਂ ‘ਤੇ ਰੱਖਣ ਦਾ ਕੀਤਾ ਐਲਾਨ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਲੌਂਗੋਵਾਲ ਨੇੜਲੇ 11 ਪਿੰਡਾਂ ਵਿੱਚ ਸੋਲਰ ਲਾਈਟਾਂ ਦੇ ਪ੍ਰੋਜੈਕਟ ਦਾ ਵੀ ਆਗਾਜ਼
ਲੌਂਗੋਵਾਲ/ ਸੁਨਾਮ ਊਧਮ ਸਿੰਘ ਵਾਲਾ, 16 ਫਰਵਰੀ 2025 ( ਦੀ ਪੰਜਾਬ ਵਾਇਰ) — ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ਲਿਖਣ ਸਮੱਗਰੀ, ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਣ ਅਤੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਸਥਾਨਕ ਕਸਬੇ ਲੌਂਗੋਵਾਲ ਵਿਖੇ 1.31 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਨਵੇਂ ਆਧੁਨਿਕ ਬੱਸ ਅੱਡੇ ਦਾ ਉਦਘਾਟਨ ਕੀਤਾ ਗਿਆ। ਇਲਾਕਾ ਵਾਸੀਆਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਬੂਰ ਪਾਉਣ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਨਿੱਜੀ ਪੱਧਰ ‘ਤੇ ਅਣਥੱਕ ਯਤਨ ਕੀਤੇ ਗਏ ਜਿਸ ਸਦਕਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਵਾਰੀਆਂ ਨੂੰ ਬੱਸ ਅੱਡੇ ਦੀ ਸਹੂਲਤ ਨਸੀਬ ਹੋਈ। ਇਸਦੇ ਨਾਲ ਹੀ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਨਵੇਂ ਬਣਾਏ ਗਏ ਬੱਸ ਅੱਡੇ ਦਾ ਨਾਂ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਂ ‘ਤੇ ਰੱਖਣ ਦਾ ਵੀ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਇਸ ਮੌਕੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਲੌਂਗੋਵਾਲ ਨੇੜਲੇ 11 ਪਿੰਡਾਂ ਦੀਆਂ ਪੰਚਾਇਤਾਂ ਨੂੰ ਸੋਲਰ ਲਾਈਟਾਂ ਦੀ ਵੰਡ ਕੀਤੀ ਗਈ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਅ ਰਹੇ ਹਨ ਅਤੇ ਇਸੇ ਤਹਿਤ ਸਿਰਫ ਇੱਕ ਸਾਲ ਦੇ ਅੰਦਰ-ਅੰਦਰ ਹੀ ਲੌਂਗੋਵਾਲ ਦੇ ਲੋਕਾਂ ਨੂੰ ਆਧੁਨਿਕ ਬੱਸ ਅੱਡਾ ਤਿਆਰ ਕਰਵਾ ਕੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਆਗੂਆਂ ਦੀ ਨੀਅਤ ਸਿੱਧੀ ਹੋਵੇ ਤਾਂ ਵੱਡੇ ਵੱਡੇ ਕੰਮ ਸੌਖਿਆਂ ਹੋ ਜਾਂਦੇ ਹਨ ਅਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਾਰੇ ਨੁਮਾਇੰਦੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਹਾਕਿਆਂ ਪੁਰਾਣੀ ਇਸ ਮੰਗ ਨੂੰ ਪੂਰਾ ਕਰਨ ਲਈ ਉਨ੍ਹਾਂ ਵੱਲੋਂ ਮੰਡੀ ਬੋਰਡ ਦੀ ਲਗਭਗ 0.54 ਏਕੜ ਜਗ੍ਹਾ ਨੂੰ ਨਗਰ ਕੌਂਸਲ ਲੌਂਗੋਵਾਲ ਨੂੰ ਪਟੇਨਾਮੇ ‘ਤੇ ਦਿੱਤਾ ਗਿਆ ਅਤੇ ਲੋਕ ਨਿਰਮਾਣ ਵਿਭਾਗ ਤੋਂ ਬੱਸ ਅੱਡਾ ਤਿਆਰ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਅੱਡਾ ਤਿਆਰ ਹੋਣ ਨਾਲ ਸਥਾਨਕ ਨਗਰ ਕੌਂਸਲ ਨੂੰ ਸ਼ੁਰੂਆਤੀ ਤੌਰ ‘ਤੇ 90,000 ਪ੍ਰਤੀ ਮਹੀਨਾ ਆਮਦਨੀ ਸ਼ੁਰੂ ਹੋ ਜਾਵੇਗੀ ਜਿਸਨੂੰ ਲੌਂਗੋਵਾਲ ਦੇ ਵਿਕਾਸ ‘ਤੇ ਹੀ ਖਰਚਿਆ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਜਲਦ ਹੀ ਲੌਂਗੋਵਾਲ ਦੇ ਪਟਵਾਰਖ਼ਾਨੇ ਦਾ ਵੀ ਜਲਦ ਹੀ ਨਵੀਨੀਕਰਨ ਕਰਵਾਇਆ ਜਾਵੇਗਾ ਜਿਸ ਲਈ 34 ਲੱਖ ਰੁਪਏ ਮਨਜ਼ੂਰ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਸਰਕਾਰ ਦੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਕੀਤਾ ਹਰ ਇੱਕ ਵਾਅਦਾ ਪੂਰਾ ਕਰਨ ਲਈ ਵਚਨਬੱਧ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਕਸੀਅਨ ਲੋਕ ਨਿਰਮਾਣ ਅਜੇ ਗਰਗ, ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ, ਈ.ਓ. ਬਾਲਕ੍ਰਿਸ਼ਨ, ਕਮਲਪਾਲ ਸਿੰਘ ਬਰਾੜ, ਕੈਬਨਿਟ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪਾਲ ਸਿੱਧੂ, ਰਾਜ ਸਿੰਘ ਰਾਜੂ, ਵਿੱਕੀ ਵਸ਼ਿਸ਼ਟ, ਬਲਕਾਰ ਸਿੰਘ ਸਿੱਧੂ, ਐਮ.ਸੀ. ਵਿੱਕੀ ਸਿੰਘ, ਐਮ.ਸੀ. ਗੁਰਮੀਤ ਸਿੰਘ ਫੌਜੀ, ਸੁਖਪਾਲ ਸਿੰਘ ਬਾਜਵਾ, ਸੂਬੇਦਾਰ ਮੇਲਾ ਸਿੰਘ, ਰਣਜੀਤ ਸਿੰਘ ਕੁੱਕਾ, ਸ਼ਮਿੰਦਰ ਕੌਰ ਗਿੱਲ, ਐਮ.ਸੀ. ਬਲਜਿੰਦਰ ਕੌਰ, ਗੁਰਜੰਟ ਖਾਨ, ਨਰਿੰਦਰ ਸ਼ਰਮਾ, ਬਲਵਿੰਦਰ ਸਿੰਘ ਢਿੱਲੋਂ, ਹਰਦੀਪ ਸਿੰਘ ਸਿੱਪੀ, ਸਰਪੰਚ ਦਰਸ਼ਨ ਸਿੰਘ, ਸਰਪੰਚ ਨਿਹਾਲ ਸਿੰਘ, ਸਰਪੰਚ ਜਰਨੈਲ ਸਿੰਘ, ਸਰਪੰਚ ਸਤਗੁਰ ਸਿੰਘ ਸ਼ੇਰੋਂ, ਅਵਤਾਰ ਸਿੰਘ ਦੁਲੱਟ, ਸੁਖ ਸਾਹੋਕੇ, ਦਵਿੰਦਰ ਭੁੱਲਰ, ਅੰਮ੍ਰਿਤਪਾਲ ਸਿੰਗਲਾ, ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।