ਵਲਟੋਹਾ ਨੇ ਆਪ ਹੀ ਛੱਡੀ ਅਕਾਲੀ ਦਲ ਦੀ ਮੱਢਲੀ ਮੈਂਬਰਸ਼ਿਪ, ਕਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਵੀ ਸੰਕਟ ਚ ਨਹੀਂ ਪਾਉਣਾ ਚਾਹੁੰਦਾ, ਆਦੇਸ਼ ਨੂੰ ਸਿਰ ਝੁਕਾਕੇ ਪ੍ਰਵਾਨ ਕਰਦਾ
ਅ੍ਰਮਿਤਸਰ, 15 ਅਕਤੂਬਰ 2024 (ਦੀ ਪੰਜਾਬ ਵਾਇਰ)। ਵਿਰਸਾ ਸਿੰਘ ਵਲਟੋਹਾ ਨੇ ਖੁਦ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤੀ ਹੈ। ਇਹ ਸ਼ਬਦ ਅਤੇ ਵੀਡੀਓ ਵਿਰਸਾ ਸਿੰਘ ਵਲਟੋਹਾ ਵੱਲੋ ਸ਼ੋਸ਼ਲ ਮੀਡਿਆ ਤੇ ਸ਼ੇਅਰ ਕੀਤੇ ਗਏ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ‘ਤੋਂ ਅੱਜ ਸਿੰਘ ਸਾਹਿਬਾਨ ਸਾਮਣੇ ਹੋਈ ਮੇਰੀ ਪੇਸ਼ੀ ਤੋਂ ਬਾਦ ਮੇਰੇ ਬਾਰੇ ਜੋ ਆਦੇਸ਼ ਜਾਰੀ ਕੀਤਾ ਗਿਆ ਹੈ ਉਸਨੂੰ ਸਿਰ ਝੁਕਾਕੇ ਪ੍ਰਵਾਨ ਕਰਦਾ ਹਾਂ।
ਇਸ ਆਦੇਸ਼ ਨੂੰ ਲਾਗੂ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਸੇ ਵੀ ਸੰਕਟ ‘ਚ ਪਾਏ ਬਿਨਾਂ ਮੈਂ ਖੁਦ ਹੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਨੂੰ ਛੱਡਦਾ ਹਾਂ।ਮੈਨੂੰ ਪਤਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਮੈਨੂੰ ਬਹੁਤ ਪਿਆਰ ਕਰਦੀ ਹੈ ਤੇ ਉਹ ਮੈਨੂੰ ਹਮੇਸ਼ਾਂ ਹੀ ਪੰਥਕ ਸੋਚ ਵਾਲੇ ਟਕਸਾਲੀ ਅਕਾਲੀ ਦਾ ਦਰਜਾ ਦੇਂਦੀ ਹੈ।
ਮੇਰੀਆਂ ਰਗਾਂ ‘ਚ ਅਕਾਲੀ ਖੂਨ ਵਗਦਾ ਹੈ ਤੇ ਹਮੇਸ਼ਾਂ ਵਗਦਾ ਰਹੇਗਾ।
ਮੈਨੂੰ ਸਿੰਘ ਸਾਹਿਬਾਨ ਦਾ ਆਦੇਸ਼ ਇੱਕ ਨਿਮਾਣੇ ਸਿੱਖ ਦੇ ਤੌਰ ‘ਤੇ ਰੂਹ ਤੋਂ ਪ੍ਰਵਾਨ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹਮੇਸ਼ਾਂ ਸੰਗਤ ਨੂੰ ਅਕਾਲੀ ਦਲ ਦੇ ਨਾਲ ਜੋੜਿਆ ਹੀ ਜਾਂਦਾ ਰਿਹਾ ਹੈ।ਮੇਰੀ ਜ਼ਿੰਦਗੀ ਵਿੱਚ ਇੱਕ ਅਕਾਲੀ ਨੂੰ ਅਕਾਲੀ ਦਲ ਨਾਲੋਂ ਤੋੜਣ ਲਈ ਸ਼ਾਇਦ ਸਿੱਖ ਰਾਜਨੀਤੀ ਵਿੱਚ ਇਹ ਪਹਿਲਾ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਆਦੇਸ਼ ਆਇਆ ਹੈ।ਅੱਜ ਅਕਾਲੀ ਵਿਰੋਧੀ ਸ਼ਕਤੀਆਂ ਜਰੂਰ ਖੁਸ਼ ਹੋਣਗੀਆਂ।ਹਾਂ ਗਿਆਨੀ ਹਰਪ੍ਰੀਤ ਹੋਰਾਂ ਨੇ ਅਜਿਹਾ ਆਦੇਸ਼ ਕਰਵਾਕੇ ਅਕਾਲੀ ਸਫਾਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਜਰੂਰ ਕੋਸ਼ਿਸ਼ ਕੀਤੀ ਹੈ।ਪਰ ਤਖਤਾਂ ਤੋਂ ਸਿੱਖਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਕਦਮ ਨਹੀਂ ਚੁੱਕੇ ਜਾਂਦੇ ਸਗੋਂ ਸਿੱਖੀ ਨਾਲ ਜੋੜਣ ਤੇ ਅਕਾਲੀ ਸੋਚ ਨਾਲ ਜੋੜਨ ਦੇ ਯਤਨ ਕੀਤੇ ਜਾਂਦੇ ਰਹੇ ਹਨ।
ਮੈਂ ਤਾਂ ਅੱਜ ਆਪਣਾ ਪੱਖ ਨਿਮਰਤਾ ਨਾਲ ਸਿੰਘ ਸਾਹਿਬਾਨ ਅੱਗੇ ਰੱਖਿਆ ਸੀ।ਜਿਸਦੀ ਸਾਰੀ ਵੀਡੀਓਗ੍ਰਾਫੀ ਕੀਤੀ ਗਈ ਸੀ।ਮੈਨੂੰ ਸਿੰਘ ਸਾਹਿਬਾਨ ਨੇ ਪੇਸ਼ੀ ਦੀ ਮੀਟਿੰਗ ਸ਼ੁਰੂ ਹੋਣ ਵੇਲੇ ਕਿਹਾ ਸੀ ਕਿ,ਤੁਹਾਡੀ ਸਾਰੀ ਸੁਣਵਾਈ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਜੋ ਬਾਦ ਵਿੱਚ ਮੀਡੀਆ ਨੂੰ ਜਾਰੀ ਕੀਤੀ ਜਾਵੇਗੀ।ਮੇਰੀ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਵੀਡੀਓਗ੍ਰਾਫੀ ਦੀ ਵੀਡੀਓ ਮੀਡੀਆ ਨੂੰ ਜਨਤਕ ਕਰਨ ਦੀ ਕਿਰਪਾਲਤਾ ਕਰਨ।
ਮੇਰੀ ਬੇਨਤੀ ਹੈ ਕਿ ਮੇਰੇ ਸਪਸ਼ਟੀਕਰਨ ਦੀ ਚਿੱਠੀ ਤੇ ਪੈਨਡਰਾਈਵ (pendrive) ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ BJP ਤੇ ਕੇਂਦਰ ਸਰਕਾਰ ਨਾਲ ਸਾਂਝ ਨੂੰ ਸਾਬਤ ਕਰਦੇ ਹੋਏ ਡਾਕੂਮੈਂਟਸ ਪੇਸ਼ ਕੀਤੇ ਗਏ ਸੀ ਉਹ ਵੀ ਜਨਤਕ ਕਰਨ ਦੀ ਕਿਰਪਾਲਤਾ ਕਰਨ।
ਜੇਕਰ ਕਿਸੇ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਮੇਰੀ ਸਪੱਸ਼ਟੀਕਰਨ ਵਾਲੀ ਪੱਤ੍ਰਿਕਾ ਤੇ ਸਬੂਤਾਂ ਵਾਲੀ pendrive ਨਹੀਂ ਜਾਰੀ ਹੁੰਦੀ ਤਾਂ ਮੈਂ ਕੱਲ ਨੂੰ ਇਹ ਸਭ ਕੁੱਝ ਆਪ ਜਨਤਕ ਕਰਾਂਗਾ।
ਭੁੱਲ ਚੁੱਕ ਦੀ ਮਾਫੀ।
(ਹਲਕਾ ਖੇਮਕਰਨ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਮੈਂ ਤੇ ਮੇਰਾ ਪਰਿਵਾਰ ਪਹਿਲਾਂ ਦੀ ਤਰਾਂ ਹੀ ਰਾਜਨੀਤੀ ਵਿੱਚ ਸਰਗਰਮ ਰਹਾਂਗੇ।ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਤੇ ਕੰਮਾਂ ਲਈ ਹਮੇਸ਼ਾਂ ਹਾਜਰ ਰਹਾਂਗੇ।
ਦਾਸ :- ਵਿਰਸਾ ਸਿੰਘ ਵਲਟੋਹਾ