ਪੀ.ਸੀ.ਐਸ. ਸੇਵਾਮੁਕਤ ਆਫੀਸਰਜ਼ ਐਸੋਸੀਏਸ਼ਨ ਵੱਲੋਂ ਸੈਕਟਰ 17 ਪਲਾਜ਼ਾ ਵਿੱਚ ਰੋਸ ਪ੍ਰਦਰਸ਼ਨ
ਕੋਲਕਾਤਾ ਦੀ ਮੈਡੀਕਲ ਵਿਦਿਆਰਥਣ ਨਾਲ ਬਲਾਤਕਾਰ ਅਤੇ ਕਤਲ ਦੇ ਵਹਿਸ਼ੀਆਨਾ ਕਾਰੇ ਦੀ ਕੀਤੀ ਸਖ਼ਤ ਨਿਖੇਧੀ
ਚੰਡੀਗੜ੍ਹ, 19 ਅਗਸਤ 2024 (ਦੀ ਪੰਜਾਬ ਵਾਇਰ)। ਪੰਜਾਬ ਸਿਵਲ ਸਰਵਿਸ (ਈ.ਬੀ.) ਸੇਵਾਮੁਕਤ ਆਫੀਸਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਅੱਜ ਸੈਕਟਰ 17 ਚੰਡੀਗੜ੍ਹ ਪਲਾਜ਼ਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਐਸੋਸੀਏਸ਼ਨ ਨੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ, ਕੋਲਕਾਤਾ ਦੀ ਮੈਡੀਕਲ ਵਿਦਿਆਰਥਣ ਨਾਲ ਕੀਤੇ ਗਏ ਬਲਾਤਕਾਰ ਅਤੇ ਕਤਲ ਦੇ ਵਹਿਸ਼ੀਆਨਾ ਕਾਰੇ ਦੀ ਸਖ਼ਤ ਨਿਖੇਧੀ ਕੀਤੀ।
ਚੇਅਰਮੈਨ ਜੀ.ਐਸ. ਬਾਹੀਆ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਮੈਂਬਰਾਂ ਨੇ ਅਹਿਦ ਲਿਆ ਕਿ ਐਸੋਸੀਏਸ਼ਨ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ। ਉਨ੍ਹਾਂ ਭਾਰਤ ਸਰਕਾਰ ਅਤੇ ਪੱਛਮੀ ਬੰਗਾਲ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਅਣਮਨੁੱਖੀ ਤੇ ਦਿਲ-ਦਹਿਲਾਊ ਘਟਨਾ ਦੇ ਸਬੰਧ ’ਚ ਫੌਰੀ ਅਤੇ ਸਖ਼ਤ ਕਦਮ ਚੁੱਕੇ ਜਾਣ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਦਾਇਰੇ ’ਚ ਲਿਆਂਦਾ ਜਾਵੇ ਤਾਂ ਜੋ ਮਾਮਲੇ ’ਚ ਜਲਦ ਇਨਸਾਫ਼ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਐਸੋਸੀਏਸ਼ਨ ਨੇ ਡਿਊਟੀ ਦੌਰਾਨ ਡਾਕਟਰਾਂ ਦੀ ਸੁਰੱਖਿਆ ਦੀ ਵੀ ਮੰਗ ਕੀਤੀ।