ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਸਵਾਲਾਂ ਦੇ ਜਵਾਬ ਵਿੱਚ ਮੰਤਰੀਆਂ ਦੇ ਜਵਾਬ ਤੋਂ ਹੋਇਆ ਖੁਲਾਸਾ
ਸਾਂਸਦ ਸੁਖਜਿੰਦਰ ਰੰਧਾਵਾ ਦਾ ਕਹਿਣਾ- ਐਲੀਵੇਟਿਡ ਰੇਲ ਟ੍ਰੈਕ ਮੁੱਖ ਮੰਗ ਹੈ, ਜਲਦੀ ਹੀ ਮੰਤਰੀ ਨੂੰ ਮਿਲ ਕੇ ਮੁੱਦਾ ਚੱਕਣਗੇ
ਕਾਂਗਰਸ ਸਰਕਾਰ ਨੇ 2019 ਵਿੱਚ 240 ਕਰੋੜ ਰੁਪਏ ਦੀ ਲਾਗਤ ਨਾਲ ਐਲੀਵੇਟਿਡ ਰੇਲ ਟ੍ਰੈਕ ਦੀ ਬਣਾਈ ਸੀ ਯੋਜਨਾ
ਗੁਰਦਾਸਪੁਰ, 19 ਅਗਸਤ 2024 (ਮੰਨਣ ਸੈਣੀ)। ਗੁਰਦਾਸਪੁਰ ਲੋਕ ਸਭਾ ਹਲਕੇ ਦੇ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਲੋਕ ਸਭਾ ਵਿੱਚ ਹਾਲ ਹੀ ਵਿੱਚ ਪੁੱਛੇ ਸਵਾਲਾਂ ਦੇ ਆਧਾਰ ’ਤੇ ਪ੍ਰਾਪਤ ਜਾਣਕਾਰੀ ਨੇ ਪਠਾਨਕੋਟ ਸ਼ਹਿਰ ਦੇ ਅੰਦਰ ਆਵਾਗਮਨ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਵੱਡੀ ਨਿਰਾਸ਼ਾ ਪ੍ਰਗਟਾਈ ਹੈ। ਸਾਂਸਦ ਸੁਖਜਿੰਦਰ ਰੰਧਾਵਾ ਦੇ ਸਵਾਲਾ ਦੇ ਜਵਾਬ ਵਿੱਚ ਕੇਂਦਰ ਦੇ ਸ਼ਹਿਰੀ ਹਵਾਬਾਜ਼ੀ ਅਤੇ ਰੇਲਵੇ ਮੰਤਰਾਲੇ ਨੇ ਹਾਲ ਹੀ ਵਿੱਚ ਪਠਾਨਕੋਟ ਦੇ ਹਵਾਈ ਅੱਡੇ ਅਤੇ ਪਠਾਨਕੋਟ-ਜੋਗਿੰਦਰ ਨਗਰ ਐਲੀਵੇਟਿਡ ਰੇਲ ਪ੍ਰਾਜੈਕਟਾਂ ਦੀ ਸਥਿਤੀ ਬਾਰੇ ਜਵਾਬ ਦਿੱਤਾ ਹੈ, ਜੋ ਕਿ ਸਥਾਨਕ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਹਾਲਾਕਿ ਸੰਸਦ ਰੰਧਾਵਾ ਦਾ ਕਹਿਣਾ ਹੈ ਕਿ ਐਲੀਵੇਟਿਡ ਰੇਲਵੇ ਟ੍ਰੈਕ ਪਠਾਨਕੋਟ ਅਤੇ ਹਲਕੇ ਲਈ ਬਹੁਤ ਜਰੂਰੀ ਹੈ ਅਤੇ ਇਸ ਪ੍ਰੋਜੇਕਟ ਨੂੰ ਉਹ ਠੰਡੇ ਬਸਤੇ ਵਿੱਚ ਨਹੀਂ ਪੈਣ ਦੇਣਗੇ ਅਤੇ ਜਲਦੀ ਹੀ ਰੇਲ ਮੰਤਰੀ ਨੂੰ ਮਿਲਣਗੇ। ਰੰਧਾਵਾ ਦਾ ਕਹਿਣਾ ਹੈ ਕਿ ਜੇਕਰ ਗੁਰਦਾਸਪੁਰ ਦੇ ਸਾਬਕਾ ਸਾਂਸਦ ਜੋਕਿ ਭਾਜਪਾ ਦੇ ਹੀ ਸਨ ਵੱਲੋਂ ਇਸ ਬਾਬਤ ਕੋਈ ਪੈਰਵੀ ਕੀਤੀ ਗਈ ਹੁੰਦੀ ਤਾਂ ਅੱਜ ਇੰਝ ਨਾ ਹੁੰਦਾ ਪਰ ਉਹ ਦੇਸ਼ ਦੀ ਮਹਾਪੰਚਾਇਤ (ਲੋਕ ਸਭਾ ) ਅੰਦਰ ਹਲਕੇ ਦੇ ਮੁੱਦੇ ਚੁੱਕਦੇ ਰਹਿਣਗੇ ਅਤੇ ਇਸ ‘ਤੇ ਕੰਮ ਕਰਵਾਉਣਗੇ।
ਦੱਸਣਯੋਗ ਹੈ ਕਿ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਲੋਕ ਸਭਾ ਵਿੱਚ ਕਿਸਾਨਾਂ ਦੀ ਸਾਲਾਨਾ ਆਮਦਨ ਅਤੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਬਾਰੇ ਸਵਾਲ ਪੁੱਛੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਪਠਾਨਕੋਟ ਏਅਰਪੋਰਟ ਵੱਲੋਂ ਸੇਵਾਵਾਂ ਪ੍ਰਦਾਨ ਕਰਨੇ ਸੰਬੰਧੀ ਸ਼ਹਿਰੀ ਹਵਾਬਾਜ਼ੀ ਮੰਤਰੀ ਅਤੇ ਰੇਲਵੇ ਮੰਤਰੀ ਤੋਂ ਪਠਾਨਕੋਟ-ਜੋਗਿੰਦਰ ਨਗਰ ਐਲੀਵੇਟਿਡ ਰੇਲਵੇ ਟ੍ਰੈਕ ਬਾਰੇ ਵੀ ਸਵਾਲ ਪੁੱਛੇ ਗਏ ਸਨ।
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਕਿਹਾ ਕਿ ਪਠਾਨਕੋਟ ਹਵਾਈ ਅੱਡੇ ‘ਤੇ ਏਅਰ ਇੰਡੀਆ ਦੀਆਂ ਉਡਾਣਾਂ, ਜੋ ਕਿ ਖੇਤਰੀ ਸੰਪਰਕ ਯੋਜਨਾ (ਆਰ.ਸੀ.ਐਸ.) ਤਹਿਤ 5 ਅਪ੍ਰੈਲ, 2018 ਨੂੰ ਸ਼ੁਰੂ ਕੀਤੀਆਂ ਗਈਆਂ ਸਨ, ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਅਲਾਇੰਸ ਏਅਰ ਦੁਆਰਾ ਸੰਚਾਲਿਤ ਸੇਵਾ, ਦਿੱਲੀ-ਪਠਾਨਕੋਟ-ਦਿੱਲੀ ਰੂਟ ‘ਤੇ ਹਵਾਈ ਸੰਪਰਕ ਪ੍ਰਦਾਨ ਕਰਦੀ ਸੀ। ਏਅਰਲਾਈਨ ਨੇ ਤਿੰਨ ਸਾਲਾਂ ਦੀ ਵਿਏਬਿਲਟੀ ਗੈਪ ਫੰਡਿੰਗ ਦੀ ਮਿਆਦ ਖਤਮ ਹੋਣ ਤੋਂ ਬਾਅਦ ਇਹ ਉਡਾਣਾਂ ਬੰਦ ਕਰ ਦਿੱਤੀਆਂ ਹਨ।
ਮੰਤਰੀ ਨੇ ਅੱਗੇ ਦੱਸਿਆ ਕਿ ਪਠਾਨਕੋਟ ਨੂੰ ਅਨਸਰਵਡ ਹਵਾਈ ਅੱਡਿਆਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ ਅਤੇ ਉਡਾਨ ਸਕੀਮ ਤਹਿਤ ਇਸ ਲਈ ਟੈਂਡਰ ਮੰਗੇ ਗਏ ਹਨ। ਹਾਲਾਂਕਿ ਪਠਾਨਕੋਟ ਨੂੰ ਜੋੜਨ ਵਾਲੇ ਰੂਟਾਂ ਲਈ ਅਜੇ ਤੱਕ ਕੋਈ ਜਾਇਜ਼ ਬੋਲੀ ਪ੍ਰਾਪਤ ਨਹੀਂ ਹੋਈ ਹੈ। ਇਸ ਸਥਿਤੀ ਨੇ ਪਠਾਨਕੋਟ ਦੇ ਨਾਗਰਿਕਾਂ ਦੀਆਂ ਹਵਾਈ ਯਾਤਰਾ ਸਹੂਲਤਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਭਵਿੱਖ ਵਿੱਚ ਹਵਾਈ ਸੇਵਾਵਾਂ ਮੁੜ ਸ਼ੁਰੂ ਕਰਨ ਲਈ ਕੋਈ ਨਿਸ਼ਚਿਤ ਸਮਾਂ ਸੀਮਾ ਨਹੀਂ ਹੈ।
ਸੁਖਜਿੰਦਰ ਸਿੰਘ ਰੰਧਾਵਾ ਦੇ ਦੂਜੇ ਸਵਾਲ ਦਾ ਜਵਾਬ ਦਿੰਦਿਆਂ ਰੇਲਵੇ ਮੰਤਰਾਲੇ ਨੇ ਪਠਾਨਕੋਟ ਦੇ ਸ਼ਹਿਰੀ ਖੇਤਰ ਤੋਂ ਜੋਗਿੰਦਰ ਨਗਰ ਰੇਲ ਲਾਈਨ ਤੱਕ 240 ਕਰੋੜ ਰੁਪਏ ਦੇ ਪ੍ਰਸਤਾਵਿਤ ਐਲੀਵੇਟਿਡ ਟਰੈਕ ਪ੍ਰਾਜੈਕਟ ਨੂੰ ਅਵਿਵਹਾਰਕ ਕਰਾਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰੋਜੈਕਟ ਨੂੰ ਪੰਜਾਬ ਦੀ ਤਤਕਾਲੀ ਕਾਂਗਰਸ ਸਰਕਾਰ ਨੇ 2019 ਵਿੱਚ ਉਲਿਕਿਆ ਸੀ ਦਿੱਤੀ ਸੀ, ਅਤੇ ਇਸ ਨੂੰ ਰੇਲਵੇ ਮੰਤਰਾਲੇ ਅਤੇ ਪੰਜਾਬ ਸਰਕਾਰ ਵਿਚਕਾਰ 50% ਲਾਗਤ ਸ਼ੇਅਰਿੰਗ ਦੇ ਅਧਾਰ ‘ਤੇ ਲਾਗੂ ਕੀਤਾ ਜਾਣਾ ਸੀ।
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਪ੍ਰਾਜੈਕਟ ਦੀ ਪੂਰੀ ਸਮੀਖਿਆ ਤੋਂ ਬਾਅਦ ਇਹ ਅਵਿਵਹਾਰਕ ਪਾਇਆ ਗਿਆ ਹੈ। ਮੰਤਰੀ ਨੇ ਕਿਹਾ ਕਿ ਪ੍ਰੋਜੈਕਟਾਂ ਦੀ ਮਨਜ਼ੂਰੀ ਸੁਰੱਖਿਆ, ਰੇਲ ਸੰਚਾਲਨ ਦੀ ਗਤੀ ਅਤੇ ਨਿਰਮਾਣ ਦੀ ਸੰਭਾਵਨਾ ਵਰਗੇ ਮਹੱਤਵਪੂਰਨ ਕਾਰਕਾਂ ‘ਤੇ ਨਿਰਭਰ ਕਰਦੀ ਹੈ। ਇਸ ਤੋਂ ਇਲਾਵਾ, ਭਾਰਤੀ ਰੇਲਵੇ ਨੇ 31 ਜਨਵਰੀ 2019 ਤੱਕ ਸਾਰੇ ਮਾਨਵ ਰਹਿਤ ਪੱਧਰੀ ਕਰਾਸਿੰਗਾਂ (UMLC) ਨੂੰ ਖਤਮ ਕਰ ਦਿੱਤਾ ਹੈ, ਜੋ ਕਿ ਰੇਲਵੇ ਦੇ ਆਧੁਨਿਕੀਕਰਨ ਅਤੇ ਯਾਤਰੀ ਸੁਰੱਖਿਆ ਵੱਲ ਇੱਕ ਵੱਡਾ ਕਦਮ ਹੈ।
ਇਨ੍ਹਾਂ ਦੋਵਾਂ ਜਵਾਬੇ ਨੇ ਲੋਕ ਸਭਾ ਹਲਕੇ ਦੇ ਵਿਕਾਸ ਅਤੇ ਸਥਾਨਕ ਨਾਗਰਿਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹਵਾਈ ਸੇਵਾਵਾਂ ਦੇ ਬੰਦ ਹੋਣ ਅਤੇ ਐਲੀਵੇਟਿਡ ਰੇਲ ਟ੍ਰੈਕ ਪ੍ਰੋਜੈਕਟ ਦੇ ਰੁਕਣ ਨਾਲ ਸਥਾਨਕ ਲੋਕਾਂ ਦੀਆਂ ਉਮੀਦਾਂ ‘ਤੇ ਅਸਰ ਪੈਂਦਾ ਹੈ। ਇਸ ਨਾਲ ਹਲਕੇ ਦੇ ਵਿਕਾਸ ਤੇ ਕਾਫ਼ੀ ਅਸਰ ਪੈ ਰਿਹਾ ਹੈ।
ਉਧਰ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਐਲੀਵੇਟਿਡ ਰੇਲਵੇ ਟ੍ਰੈਕ ਪ੍ਰਾਜੈਕਟ ਹਲਕੇ ਦੇ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਪ੍ਰਾਜੈਕਟ ਹੈ ਅਤੇ ਉਹ ਇਸ ਨੂੰ ਕਦੇ ਵੀ ਉਹ ਠੰਡੇ ਬਸਤੇ ਵਿੱਚ ਨਹੀਂ ਪੈਣ ਦੇਣਗੇ। ਇਸ ਦੇ ਲਈ ਉਹ ਰੇਲ ਮੰਤਰੀ ਨਾਲ ਮੁਲਾਕਾਰ ਕਰ ਉਨ੍ਹਾਂ ਦੇ ਧਿਆਨ ਵਿੱਚ ਇਸ ਪ੍ਰੋਜੇਕਟ ਦੀ ਮਹੱਤਤਾ ਨੂੰ ਲਿਆਉਣਗੇ। ਉਨ੍ਹਾਂ ਦੱਸਿਆ ਕਿ ਪਠਾਨਕੋਟ ਹਵਾਈ ਅੱਡੇ ਦੀਆਂ ਸੇਵਾਵਾਂ ਨੂੰ ਮੁੜ ਚਾਲੂ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਜੰਮੂ ਤੱਕ ਸੇਵਾਵਾਂ ਸ਼ੁਰੂ ਹੋਣਗੀਆਂ ਅਤੇ ਹੋਰ ਸੂਬਿਆਂ ਲਈ ਸੇਵਾਵਾਂ ਸ਼ੁਰੂ ਕਰਵਾਉਣ ਲਈ ਉਹ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਵੀ ਮਿਲਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲ੍ਹਾਂ ਭਾਜਪਾ ਦੇ ਸਾਂਸਦ ਵੱਲੋਂ ਅਗਰ ਇਹਨ੍ਹਾਂ ਪ੍ਰੋਜੇਕਟਾਂ ਦੀ ਮਹੱਤਤਾ ਤੇ ਗੌਰ ਕੀਤਾ ਗਿਆ ਹੁੰਦਾ ਤਾਂ ਅੱਜ ਇਹ ਜਆਬ ਨਾ ਆਉਂਦੇ।