ਨਵੀਂ ਦਿੱਲੀ, 14 ਮਈ 2024 (ਦੀ ਪੰਜਾਬ ਵਾਇਰ)। ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਮੋਦੀ ਦੀ ਸੋਮਵਾਰ ਸ਼ਾਮ ਨੂੰ ਦਿੱਲੀ ਏਮਜ਼ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਹ 72 ਸਾਲਾਂ ਦੇ ਸਨ। ਉਨ੍ਹਾਂ ਨੇ ਕਰੀਬ 7 ਮਹੀਨੇ ਪਹਿਲਾਂ ਗਲੇ ‘ਚ ਦਰਦ ਦੀ ਸ਼ਿਕਾਇਤ ‘ਤੇ ਟੈਸਟ ਕਰਵਾਇਆ ਸੀ, ਜਿਸ ‘ਚ ਕੈਂਸਰ ਦਾ ਪਤਾ ਲੱਗਾ ਸੀ। ਉਨ੍ਹਾਂ ਦਾ ਦਿੱਲੀ ਏਮਜ਼ ‘ਚ ਇਲਾਜ ਚੱਲ ਰਿਹਾ ਸੀ।
ਉਨ੍ਹਾਂ ਦੀ ਮ੍ਰਿਤਕ ਦੇਹ ਮੰਗਲਵਾਰ ਨੂੰ ਦੁਪਹਿਰ 12 ਵਜੇ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਤੋਂ ਪਟਨਾ ਪਹੁੰਚੇਗੀ। ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰਾਜਿੰਦਰ ਨਗਰ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਰੱਖਿਆ ਜਾਵੇਗਾ। ਉਨ੍ਹਾਂ ਦੀ ਅੰਤਿਮ ਯਾਤਰਾ ਭਾਜਪਾ ਦਫ਼ਤਰ, ਵਿਧਾਨ ਪ੍ਰੀਸ਼ਦ ਤੋਂ ਹੁੰਦੀ ਹੋਈ ਗੁਲਾਬੀ ਘਾਟ ਪਹੁੰਚੇਗੀ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ ਸ਼ਾਮ 4 ਵਜੇ ਪਟਨਾ ਪਹੁੰਚਣਗੇ।