ਗੁਰਦਾਸਪੁਰ, 22 ਜੁਲਾਈ 2025 (ਮੰਨਨ ਸੈਣੀ)। ਸਿਟੀ ਥਾਣਾ ਗੁਰਦਾਸਪੁਰ ਦੀ ਪੁਲਿਸ ਵੱਲੋਂ ਉੱਤਰ ਪ੍ਰਦੇਸ਼ ਦੇ ਦੋ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਬਾਲ ਸੁਰੱਖਿਆ ਯੂਨਿਟ ਦੀ ਸਰਗਰਮੀ ਨਾਲ ਬਾਲ ਮਜ਼ਦੂਰੀ ਦੇ ਮਾਮਲੇ ਵਿੱਚ ਦਰਜ਼ ਕੀਤਾ ਗਿਆ। ਜਿਸ ਤਹਿਤ ਬਾਲ ਸੁਰੱਖਿਆ ਯੂਨਿਟ ਗੁਰਦਾਸਪੁਰ ਦੇ ਸੁੱਚਾ ਸਿੰਘ ਮੁਲਤਾਨੀ ਦੀ ਸ਼ਿਕਾਇਤ ਅਤੇ ਅਗਵਾਈ ਵਿੱਚ, ਤਿੰਨ ਨਾਬਾਲਗ ਬੱਚਿਆਂ ਨੂੰ ਬਾਲ ਮਜ਼ਦੂਰੀ ਦੀ ਗ਼ੁਲਾਮੀ ਤੋਂ ਬਚਾਇਆ ਗਿਆ ਹੈ। ਬਚਾਏ ਗਏ ਦੋ ਬੱਚੇ ਜ਼ਿਲ੍ਹਾ ਕੁਸ਼ੀਨਗਰ (ਉੱਤਰ ਪ੍ਰਦੇਸ਼) ਅਤੇ ਇੱਕ ਨੇਪਾਲ ਦਾ ਵਸਨੀਕ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਦਵਿੰਦਰ ਪ੍ਰਕਾਸ ਨੇ ਦੱਸਿਆ ਕਿ ਇਸ ਸੰਬੰਧੀ ਤਫ਼ਤੀਸ਼ੀ ਅਫਸਰ ਐਸਆਈ ਅਜੇ ਕੁਮਾਰ ਨੂੰ ਲਗਾਇਆ ਗਿਆ ਹੈ। ਬਾਲ ਸੁਰੱਖਿਆ ਯੂਨਿਟ ਦੇ ਸੁੱਚਾ ਸਿੰਘ ਮੁਲਤਾਨੀ ਦੀ ਸ਼ਿਕਾਇਤ ਤੇ ਇਨ੍ਹਾਂ ਬੱਚਿਆਂ ਨੂੰ ਦੋਸ਼ੀਆਂ ਧਰਮਿੰਦਰ ਕੁਮਾਰ, ਪੁੱਤਰ ਸ਼ਿਵ ਪੂਜਨ, ਵਾਸੀ ਬੰਜਾਰੀਆ, ਜ਼ਿਲ੍ਹਾ ਦਿਓਰੀਆ, ਅਤੇ ਰਵੀ ਗੁਪਤਾ, ਪੁੱਤਰ ਵਿਸ਼ਵਨਾਥ, ਵਾਸੀ ਖੱਡਾ, ਜ਼ਿਲ੍ਹਾ ਕੁਸ਼ੀਨਗਰ, ਉੱਤਰ ਪ੍ਰਦੇਸ਼ ਦੀ ਨਿਗਰਾਨੀ ਹੇਠ ਬਾਲ ਮਜ਼ਦੂਰੀ ਦਾ ਕੰਮ ਕਰਦੇ ਹੋਏ ਪਾਇਆ ਗਿਆ। ਇਹ ਮਾਮਲਾ ਬਾਲ ਮਜ਼ਦੂਰੀ (ਨਿਯਮਨ ਅਤੇ ਰੋਕਥਾਮ) ਐਕਟ, 1986 ਦੀ ਧਾਰਾ 14 ਅਤੇ ਭਾਰਤੀ ਦੰਡ ਸੰਹਿਤਾ (BNS) ਦੀ ਧਾਰਾ 146 ਅਤੇ 374 ਦੇ ਤਹਿਤ ਰਜਿਸਟਰ ਕੀਤਾ ਗਿਆ ਹੈ।
ਬਾਲ ਸੁਰੱਖਿਆ ਦੇ ਸੁੱਚਾ ਸਿੰਘ ਮੁਲਤਾਨੀ ਨੇ ਦੱਸਿਆ ਕਿ ਬਚਾਏ ਗਏ ਇਹ ਬੱਚੇ ਫਿਸ ਪਾਰਕ ਦੇ ਬਾਹਰ ਭੂਜਿਆ ਵੇਚ ਰਹੇ ਸਨ ਅਤੇ ਬੱਚਿਆਂ ਨੂੰ ਬਚਾ ਕੇ ਗੁਰਦਾਸਪੁਰ ਸਥਿਤ ਚਿਲਡਰਨ ਹੋਮ ਵਿੱਚ ਅਸਥਾਈ ਸੁਰੱਖਿਆ ਅਤੇ ਪੁਨਰਵਾਸ ਲਈ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਕਾਰਵਾਈ ਨੂੰ ਬਾਲ ਭਲਾਈ ਕਮੇਟੀ, ਗੁਰਦਾਸਪੁਰ ਦੀ ਨਿਗਰਾਨੀ ਹੇਠ ਅੰਜਾਮ ਦਿੱਤਾ ਗਿਆ, ਜੋ ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਪੁਨਰਵਾਸ ਲਈ ਵਚਨਬੱਧ ਹੈ।