ਨਾਮਜ਼ਦਗੀਆਂ ਦੇ ਪਹਿਲੇ ਦਿਨ ਇੱਕ ਅਜ਼ਾਦ ਉਮੀਦਵਾਰ ਨੇ ਆਪਣੇ ਪੇਪਰ ਦਾਖਲ ਕੀਤੇ
14 ਮਈ ਤੱਕ ਭਰੀਆਂ ਜਾ ਸਕਦੀਆਂ ਹਨ ਨਾਮਜ਼ਦਗੀਆਂ – ਰਿਟਰਨਿੰਗ ਅਫ਼ਸਰ
ਗੁਰਦਾਸਪੁਰ, 7 ਮਈ 2024 (ਮੰਨਨ ਸੈਣੀ )। ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਅੱਜ ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਲੋਕ ਸਭਾ ਹਲਕਾ 01-ਗੁਰਦਾਸਪੁਰ ਤੋਂ ਅਜ਼ਾਦ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 01-ਗੁਰਦਾਸਪੁਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਅੱਜ ਨਾਮਜ਼ਦਗੀਆਂ ਦੇ ਪਹਿਲੇ ਦਿਨ ਅਜ਼ਾਦ ਉਮੀਦਵਾਰ ਸ੍ਰੀ ਤਰਸੇਮ ਮਸੀਹ ਪੁੱਤਰ ਪਿਆਰਾ ਮਸੀਹ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਲਈ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ 01-ਗੁਰਦਾਸਪੁਰ ਲਈ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ, 01 ਗੁਰਦਾਸਪੁਰ ਲੋਕ ਸਭਾ ਹਲਕਾ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਜਾਂ ਸ੍ਰੀ ਕਰਮਜੀਤ ਸਿੰਘ, ਪੀ.ਸੀ.ਐੱਸ., ਉਪ ਮੰਡਲ ਮੈਜਿਸਟ੍ਰੇਟ ਗੁਰਦਾਸਪੁਰ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਕੋਲ ਉਮੀਦਵਾਰ ਜਾਂ ਉਸ ਦੇ ਕਿਸੇ ਤਜਵੀਜ਼ਕਾਰ ਦੁਆਰਾ ਅਦਾਲਤ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ, ਗੁਰਦਾਸਪੁਰ ਦੇ ਕਮਰਾ ਨੰਬਰ 213, ਪਹਿਲੀ ਮੰਜ਼ਿਲ, ਬਲਾਕ ਬੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ 8, 9, 10, 13 ਅਤੇ 14 ਮਈ 2024 ਨੂੰ ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਦਰਮਿਆਨ ਦਾਖ਼ਲ ਕਰਵਾਏ ਜਾ ਸਕਦੇ ਹਨ।
ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 15 ਮਈ (ਬੁੱਧਵਾਰ) ਨੂੰ ਹੋਵੇਗੀ। ਉਮੀਦਵਾਰ 17 ਮਈ, 2024 (ਸ਼ੁੱਕਰਵਾਰ) ਤੱਕ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ।