Close

Recent Posts

ਗੁਰਦਾਸਪੁਰ

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੁਭਾਸ਼ ਚੰਦਰ ਵੱਲੋਂ ਐੱਮ.ਸੀ.ਐੱਮ.ਸੀ. ਸੈੱਲ ਦਾ ਦੌਰਾ

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੁਭਾਸ਼ ਚੰਦਰ ਵੱਲੋਂ ਐੱਮ.ਸੀ.ਐੱਮ.ਸੀ. ਸੈੱਲ ਦਾ ਦੌਰਾ
  • PublishedMay 7, 2024

ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ, ਬਲਕ ਐੱਸ.ਐੱਮ.ਐੱਸ, ਈ-ਪੇਪਰ ਵਿੱਚ ਕੋਈ ਵੀ ਸਿਆਸੀ ਇਸ਼ਤਿਹਾਰ  ਐੱਮ.ਸੀ.ਐੱਮ.ਸੀ. ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਨਾ ਲਗਾਇਆ ਜਾਵੇ – ਏ.ਡੀ.ਸੀ.

ਸਿਆਸੀ ਇਸ਼ਤਿਹਾਰਬਾਜ਼ੀ, ਮੁੱਲ ਦੀਆਂ ਅਤੇ ਝੂਠੀਆਂ ਖ਼ਬਰਾਂ ‘ਤੇ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ

ਗੁਰਦਾਸਪੁਰ, 7 ਮਈ 2024 ( ਦੀ ਪੰਜਾਬ ਵਾਇਰ)। ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਵੱਲੋਂ ਅੱਜ ਮੀਡੀਆ ਸਰਟੀਫ਼ਿਕੇਸ਼ਨ ਤੇ ਮੋਨੀਟਰਿੰਗ ਕਮੇਟੀ (ਐੱਮ.ਸੀ.ਐੱਮ.ਸੀ) ਸੈੱਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਐੱਮ.ਸੀ.ਐੱਮ.ਸੀ. ਸੈੱਲ ਦੀ ਟੀਮ ਨੂੰ ਸਿਆਸੀ ਇਸ਼ਤਿਹਾਰਬਾਜ਼ੀ, ਮੁੱਲ ਦੀਆਂ ਖ਼ਬਰਾਂ ਅਤੇ ਝੂਠੀਆਂ ਖ਼ਬਰਾਂ ‘ਤੇ ਤਿੱਖੀ ਨਜ਼ਰ ਰੱਖਣ ਦੀਆਂ ਹਦਾਇਤਾਂ ਦਿੱਤੀਆਂ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰ ‘ਤੇ ਬਣੀ ਮੀਡੀਆ ਸਰਟੀਫ਼ਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਵੱਲੋਂ ਪ੍ਰਿੰਟ, ਇਲੈੱਕਟ੍ਰਾਨਿਕ ਅਤੇ ਸੋਸ਼ਲ ਮੀਡੀਆ ‘ਤੇ 24 ਘੰਟੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐੱਮ.ਸੀ.ਐੱਮ.ਸੀ. ਸੈੱਲ ਵੱਲੋਂ ਚੋਣਾਂ ਨਾਲ ਸਬੰਧਿਤ ਸਾਰੀਆਂ ਖ਼ਬਰਾਂ ਨੂੰ ਬਰੀਕੀ ਨਾਲ ਵਾਚਿਆ ਜਾ ਰਿਹਾ ਹੈ ਤਾਂ ਜੋ ਪੇਡ ਨਿਊਜ਼ ਨੂੰ ਰੋਕਿਆ ਜਾ ਸਕੇ।

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਬਲਕ ਐੱਸ.ਐੱਮ.ਐੱਸ ਤੇ ਵਾਈਸ ਮੈਸੇਜ, ਇਲੈਕਟ੍ਰੋਨਿਕ ਮੀਡੀਆ ਟੀ.ਵੀ. ਤੇ ਕੇਬਲ ਚੈਨਲ, ਜਨਤਕ ਥਾਵਾਂ ‘ਤੇ ਆਡੀਓ-ਵੀਜ਼ੂਅਲ ਰਾਜਨੀਤਿਕ ਮੁਹਿੰਮ, ਇੰਟਰਨੈੱਟ ਅਤੇ ਸੋਸ਼ਲ ਮੀਡੀਆ, ਰੇਡੀਓ, ਈ-ਪੇਪਰ, ਸਿਨੇਮਾ ਹਾਲ ਵਿੱਚ ਕੋਈ ਵੀ ਸਿਆਸੀ ਇਸ਼ਤਿਹਾਰਬਾਜ਼ੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਜਾਰੀ ਨਹੀਂ ਕੀਤੀ ਜਾ ਸਕਦੀ। ਇਸੇ ਤਰਾਂ ਪ੍ਰਿੰਟ ਮੀਡੀਆ ਵਿੱਚ ਵੋਟਾਂ ਵਾਲੇ ਦਿਨ ਅਤੇ ਵੋਟਾਂ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਕੋਈ ਵੀ ਸਿਆਸੀ ਇਸ਼ਤਿਹਾਰ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਛਪ ਸਕਦਾ ਹੈ।

ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਅਤੇ ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ, ਬਲਕ ਐੱਸ.ਐੱਮ.ਐੱਸ, ਈ-ਪੇਪਰ ਵਿੱਚ ਕੋਈ ਵੀ ਸਿਆਸੀ ਇਸ਼ਤਿਹਾਰ  ਐੱਮ.ਸੀ.ਐੱਮ.ਸੀ. ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਨਾ ਲਗਾਇਆ ਜਾਵੇ। ਇਸ ਤੋਂ ਬਾਅਦ ਏ.ਆਰ.ਓ. ਵਿਧਾਨ ਸਭਾ ਹਲਕਾ ਕਾਦੀਆਂ-ਕਮ-ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਸ਼ਵਨੀ ਅਰੋੜਾ ਵੱਲੋਂ ਵੀ ਐੱਮ.ਸੀ.ਐੱਮ.ਸੀ. ਸੈੱਲ ਦਾ ਦੌਰਾ ਕੀਤਾ ਗਿਆ।

ਇਸ ਮੌਕੇ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ (ਐੱਮ.ਸੀ.ਐੱਮ.ਸੀ) ਸੈੱਲ ਦੇ ਮੈਂਬਰ ਸਕੱਤਰ ਡੀ.ਪੀ.ਆਰ.ਓ. ਇੰਦਰਜੀਤ ਸਿੰਘ ਤੋਂ ਇਲਾਵਾ ਐੱਮ.ਸੀ.ਐੱਮ.ਸੀ. ਟੀਮ ਦੇ ਕਰਮਚਾਰੀ ਹਾਜ਼ਰ ਸਨ।

Written By
The Punjab Wire