ਪੰਜਾਬ

ਸਿੱਧੂ ਮੂਸੇਵਾਲਾ ਕਤਲਕਾਂਡ ਲਈ ਬਣ ਗਈ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਭਗਵੰਤ ਮਾਨ: ਜਾਖੜ

ਸਿੱਧੂ ਮੂਸੇਵਾਲਾ ਕਤਲਕਾਂਡ ਲਈ ਬਣ ਗਈ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਭਗਵੰਤ ਮਾਨ: ਜਾਖੜ
  • PublishedMay 4, 2024

ਪੁੱਛਿਆ ; ਕਬੂਲਨਾਮੇ ਮਗਰੋਂ ਸਕਿਊਰਟੀ ਲੈਪਸ ਦੇ ਮੁਲਜ਼ਮਾਂ ਉੱਤੇ ਕਾਰਵਾਈ ਦੀ ਪ੍ਰੈਸ ਕਾਨਫਰੰਸ ਕਦੋਂ ਕਰਨਗੇ ਸੀਐਮ ਭਗਵੰਤ ਮਾਨ ?

ਕਿਹਾ; ਸੁਪਰੀਮ ਕੋਰਟ ਚ ਐਡਵੋਕੇਟ ਜਨਰਲ ਦੇ ਸੱਚ ਨੇ ਆਪ ਸਰਕਾਰ ਦੇ ਝੂਠ ਤੋਂ ਪਰਦਾ ਚੁੱਕਿਆ

ਦੱਸਿਆ ; ਲੋਕ ਸਭਾ ਚੋਣਾਂ ਚ ਪੰਜਾਬ ਦੇ ਲੋਕ ਨਾ ਕਾਬਲ ਸਰਕਾਰ ਦੇ ਨੁਮਾਇੰਦਿਆਂ ਨੂੰ ਸੱਥਾਂ ਚ ਘੇਰਨਗੇ

ਚੰਡੀਗੜ੍ਹ 4 ਮਈ 2024 (ਦੀ ਪੰਜਾਬ ਵਾਇਰ)। ‘ਚੰਡੀਗੜ੍ਹ ਦੀ ਦਹਾਕਿਆਂ ਤੋਂ ਬੰਦ ਪਈ ਸੜਕ ਦੇ ਇੱਕ ਮਾਮਲੇ ਚ ਬੀਤੇ ਕੱਲ੍ਹ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਇਹ ਤੱਥ ਰੱਖ ਕੇ , ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਉਨ੍ਹਾਂ ਦੀ ਵਾਰਦਾਤ ਵਾਲੇ ਦਿਨ ਤੋਂ ਦੋ ਦਿਨ ਪਹਿਲਾਂ ਘਟਾਈ ਗਈ ਸਕਿਊਰਟੀ ਕਾਰਨ ਹੋਇਆ ਸੀ, ਨੇ ਭਗਵੰਤ ਮਾਨ ਸਰਕਾਰ ਦੇ ਉਸ ਝੂਠ ਦਾ ਭਾਂਡਾ ਭੰਨ ਦਿੱਤਾ ਹੈ, ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁਖੀ ਤੇ ਮੰਤਰੀਆਂ ਵੱਲੋਂ ਲਗਾਤਾਰ ਇਸ ਮਾਮਲੇ ਚ ਬੋਲਿਆ ਜਾ ਰਿਹਾ ਸੀ। ਹੁਣ ਭਗਵੰਤ ਮਾਨ ਸਿੱਧੂ ‌ਮੂਸੇਵਾਲਾ ਕਤਲ ਕਾਂਡ ਦੀ ਬਣ ਗਈ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ।’

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੱਡੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਦਲੀਲਾਂ ਕਿ ਪੰਜਾਬ ਦੀ ਸੁਰੱਖਿਆ ਵਿਵਸਥਾ ਸੰਭਾਲਣ ਚ ਸੂਬੇ ਦੀ ਸਰਕਾਰ ਅਸਫਲ ਰਹੀ ਹੈ, ਨੂੰ ਆਪਣੇ ਹੀ ਐਡਵੋਕੇਟ ਜਨਰਲ ਦੇ ਜ਼ਰੀਏ ਸੁਪਰੀਮ ਕੋਰਟ ਚ ਮੰਨਿਆ ਹੈ।

ਸੂਬਾ ਪ੍ਰਧਾਨ ਨੇ ਕਿਹਾ ਕਿ ਹੁਣ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਦੋਸ਼ੀਆਂ ਚ ਭਗਵੰਤ ਮਾਨ ਸਰਕਾਰ ਸਮੇਤ ਮੁੱਖ ਮੰਤਰੀ ਸਿੱਧੇ ਤੌਰ ਉੱਤੇ ਸ਼ਾਮਲ ਹੋ ਗਏ ਹਨ, ਜਿਸ ਸਬੰਧੀ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਨੇ ਮੰਗ ਵੀ ਕੀਤੀ ਹੈ ਕਿ ਉਸ ਦੇ ਪੁੱਤਰ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਸਕਿਊਰਟੀ ਘਟਾਉਣ ਤੇ ਇਸ ਨੂੰ ਜਨਤਕ ਤੌਰ ਉੱਤੇ ਪ੍ਰਚਾਰਨ ਦੇ ਮਾਮਲੇ ਚ ਸ਼ਾਮਲ ਅਧਿਕਾਰੀਆਂ ਖਿਲਾਫ ਐਫਆਈਆਰ ਕੀਤੀ ਜਾਵੇ।

ਸੂਬਾ ਪ੍ਰਧਾਨ ਜਾਖੜ ਨੇ ਸਵਾਲ ਕੀਤਾ ਕਿ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਇਸ ਹੱਤਿਆਕਾਂਡ ਦੇ ਨਵੇਂ ਅਧਿਆਇ ਦੇ ਮੁਤਾਬਕ ਸਿੱਧੇ ਜਾਂ ਅਸਿੱਧੇ ਰੂਪ ਚ ਸ਼ਾਮਲ ਪੰਜਾਬ ਸਰਕਾਰ ਦੇ ਅਧਿਕਾਰੀਆਂ ਐਫਆਈਆਰ ਦਰਜ ਕਰਨ ਤੇ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਨ ਦੀ ਜਲਦ ਤੋਂ ਜਲਦ ਖੇਚਲ ਕਰਨਗੇ।

ਜਾਖੜ ਨੇ ਕਿਹਾ ਕਿ ਸਭ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਸਿੱਧੂ ਮੂਸੇਵਾਲਾ ਦੀ ਸਕਿਊਰਿਟੀ ਘਟਾਈ, ਉਪਰੰਤ ਨਾਸਿਰਫ ਘੋਰ ਲਾਪ੍ਰਵਾਹੀ ਨਾਲ ਇਸ ਨੂੰ ਜਨਤਕ ਕੀਤਾ ਗਿਆ, ਇਸ ਫੈਸਲੇ ਦਾ ਪ੍ਰਚਾਰ ਕਰਕੇ ਆਪਣੇ ਸਿਰ ਸਿਹਰਾ ਵੀ ਬੰਨ੍ਹਿਆ ਗਿਆ।

ਪ੍ਰਧਾਨ ਜਾਖੜ ਨੇ ਕਿਹਾ ਕਿ ਨਾ ਸਿਰਫ ਸਿੱਧੂ ਮੂਸੇਵਾਲਾ ਕਤਲਕਾਂਡ ਚ ਖੁਦ ਨੂੰ ਜ਼ਿੰਮੇਵਾਰ ਮੰਨਣ ਤੇ ਸੂਬੇ ਦੀ ਸੁਰੱਖਿਆ ਵਿਵਸਥਾ ਸੰਭਾਲਣ ਚ ਆਪਣੀ ਅਸਫਲਤਾ ਨੂੰ ਲੈ ਕੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਇਸ ਨੈਤਿਕ ਜ਼ਿੰਮੇਵਾਰੀ ਤੋਂ ਕਿਵੇਂ ਮੁਨਕਰ ਹੋਣਗੇ ਕਿਉਂ ਜੋ ਉਹ ਇਸ ਘਟਨਾਚੱਕਰ ਮੌਕੇ ਸਰਕਾਰ ਦੇ ਮੁਖੀ ਸਨ। ਇਸ ਦੇ ਨਾਲ ਹੀ ਸੰਵਿਧਾਨਕ ਅਹੁਦੇ ਉੱਤੇ ਬਣੇ ਰਹਿੰਦਿਆਂ ਉਹ ਇਸ ਹੱਤਿਆਕਾਂਡ ਦੇ ਕਾਨੂੰਨੀ ਪਹਿਲੂਆਂ ਤੋਂ ਵੀ ਭੱਜ ਨਹੀਂ ਸਕਦੇ।

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੇ ਆਗੂਆਂ ਨੂੰ ਇਹ ਸਵਾਲ ਜ਼ਰੂਰ ਪੁੱਛਣਗੇ ਕਿ ਉਕਤ ਮਾਮਲਿਆਂ ਸਬੰਧੀ ਦੋ ਸਾਲ ਕੂੜ ਪ੍ਰਚਾਰ ਕਿਉਂ ਕੀਤਾ ਗਿਆ ਤੇ ਆਖਰ ਹੁਣ ਪੰਜਾਬ ਸਰਕਾਰ ਇਸ ਹਾਈ ਪ੍ਰੋਫਾਈਲ ਕਤਲ ਕਾਂਡ ਚ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਸ਼ਾਮਲ ਸਰਕਾਰੀ ਅਧਿਕਾਰੀਆਂ ਉੱਤੇ ਕਾਰਵਾਈ ਕਦੋਂ ਕਰਨ ਜਾ ਰਹੀ ਹੈ।

Written By
The Punjab Wire