ਚੰਡੀਗੜ੍ਹ, 16 ਅਪ੍ਰੈਲ 2024 (ਦੀ ਪੰਜਾਬ ਵਾਇਰ)। ਪੰਜਾਬ ਦੀ ਰੂਪਨਗਰ ਪੁਲਿਸ ਨੇ SSOC ਮੋਹਾਲੀ ਦੇ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਵਿਕਾਸ ਪ੍ਰਭਾਕਰ ਕਤਲ ਕਾਂਡ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਪਾਕਿਸਤਾਨ ਸਥਿਤ ਅੱਤਵਾਦੀ ਮਾਸਟਰਮਾਈਂਡ ਦੁਆਰਾ ਸਮਰਥਤ ਅੱਤਵਾਦੀ ਮਾਡਿਊਲ ਦੇ ਸੰਚਾਲਕ ਹਨ।
ਮੁਲਜ਼ਮਾਂ ਦੀ ਪਛਾਣ ਮਨਦੀਪ ਕੁਮਾਰ ਉਰਫ ਮੰਗੀ ਅਤੇ ਸੁਰਿੰਦਰ ਕੁਮਾਰ ਉਰਫ਼ ਰਿੱਕਾ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਦੋ 32 ਬੋਰ ਦੇ ਪਿਸਤੌਲ, 16 ਕਾਰਤੂਸ, ਇੱਕ ਖੋਲ ਅਤੇ ਜੁਰਮ ਵਿੱਚ ਵਰਤਿਆ ਗਿਆ ਇੱਕ ਸਕੂਟਰ ਬਰਾਮਦ ਕੀਤਾ ਗਿਆ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਇੱਕ ਦਹਿਸ਼ਤੀ ਮਾਡਿਊਲ ਹੈ, ਜੋ ਪੁਰਤਗਾਲ ਅਤੇ ਹੋਰ ਥਾਵਾਂ ਤੋਂ ਚੱਲ ਰਿਹਾ ਹੈ। ਮਨਦੀਪ ਅਤੇ ਸੁਰਿੰਦਰ ਪੈਸਿਆਂ ਦੇ ਲਾਲਚ ਵਿੱਚ ਉਨ੍ਹਾਂ ਤੋਂ ਕੰਮ ਕਰਵਾਉਂਦੇ ਸਨ।
ਸ਼ਨੀਵਾਰ ਸ਼ਾਮ ਨੰਗਲ ਦੇ ਰੇਲਵੇ ਰੋਡ ‘ਤੇ ਐਕਟਿਵਾ ਸਵਾਰ ਦੋ ਨੌਜਵਾਨਾਂ ਵੱਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਵਿਕਾਸ ਆਪਣੀ ਦੁਕਾਨ ‘ਤੇ ਬੈਠਾ ਸੀ। ਇਸ ਦੌਰਾਨ ਅਣਪਛਾਤੇ ਨੌਜਵਾਨਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਨਜ਼ਦੀਕੀ ਦੁਕਾਨ ਦਾ ਮੁਲਾਜ਼ਮ ਜਦੋਂ ਵਿਕਾਸ ਦੀ ਦੁਕਾਨ ਤੋਂ ਸਾਮਾਨ ਲੈਣ ਗਿਆ ਤਾਂ ਉਸ ਨੇ ਵਿਕਾਸ ਨੂੰ ਜ਼ਖਮੀ ਹਾਲਤ ‘ਚ ਦੇਖਿਆ ਅਤੇ ਆਪਣੇ ਮਾਲਕ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਦੁਕਾਨਦਾਰ ਮਨੀਸ਼ ਅਤੇ ਹੋਰ ਦੁਕਾਨਦਾਰਾਂ ਨੇ ਵਿਕਾਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।