ਨਵੀਂ ਦਿੱਲੀ, 16 ਅਪ੍ਰੈਲ 2024 (ਦੀ ਪੰਜਾਬ ਵਾਇਰ)। ਅੱਜ ਪਤੰਜਲੀ ਇਸ਼ਤਿਹਾਰ ਮਾਮਲੇ ‘ਚ ਯੋਗ ਗੁਰੂ ਸਵਾਮੀ ਰਾਮਦੇਵ ਦੀ ਮੁਆਫੀ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਵੀ ਸੁਪਰੀਮ ਕੋਰਟ ਵਿੱਚ ਮੌਜੂਦ ਸਨ। ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੇ ਨਿੱਜੀ ਤੌਰ ‘ਤੇ ਸੁਪਰੀਮ ਕੋਰਟ ਤੋਂ ਮੁਆਫੀ ਮੰਗੀ ਹੈ। ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਪਤੰਜਲੀ ਦੀ ਮੁਆਫ਼ੀ ਅਜੇ ਸਵੀਕਾਰ ਨਹੀਂ ਕੀਤੀ ਗਈ ਹੈ।
ਸੁਪਰੀਮ ਕੋਰਟ ਨੇ ਸਵਾਮੀ ਰਾਮਦੇਵ ਨੂੰ ਪੁੱਛਿਆ ਕਿ ਤੁਸੀਂ ਕਿਹਾ ਸੀ ਕਿ ਤੁਸੀਂ ਕੁਝ ਹੋਰ ਫਾਈਲ ਕਰਨਾ ਚਾਹੁੰਦੇ ਹੋ, ਕੀ ਕੁਝ ਹੋਰ ਦਾਇਰ ਕੀਤਾ ਗਿਆ ਹੈ ? ਇਸ ‘ਤੇ ਰਾਮਦੇਵ ਲਈ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਅਸੀਂ ਅਜੇ ਕੁਝ ਵੀ ਦਾਇਰ ਨਹੀਂ ਕੀਤਾ ਹੈ, ਪਰ ਅਸੀਂ ਜਨਤਕ ਤੌਰ ‘ਤੇ ਮੁਆਫੀ ਮੰਗਣਾ ਚਾਹੁੰਦੇ ਹਾਂ। ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਅਖਬਾਰ ਵਿੱਚ ਜਨਤਕ ਮੁਆਫੀਨਾਮਾ ਛਾਪਣ ਦੀ ਪੇਸ਼ਕਸ਼ ਕੀਤੀ।
ਸੁਣਵਾਈ ਦੌਰਾਨ ਅਦਾਲਤ ਨੇ ਬਾਬਾ ਅਤੇ ਆਚਾਰੀਆ ਬਾਲਕ੍ਰਿਸ਼ਨ ਨਾਲ ਗੱਲਬਾਤ ਕੀਤੀ। ਜਸਟਿਸ ਕੋਹਲੀ ਨੇ ਸਵਾਮੀ ਰਾਮਦੇਵ ਨੂੰ ਕਿਹਾ ਕਿ ਤੁਸੀਂ ਮਸ਼ਹੂਰ ਹੋ। ਤੁਸੀਂ ਯੋਗ ਦੇ ਖੇਤਰ ਵਿੱਚ ਬਹੁਤ ਕੰਮ ਕੀਤਾ ਹੈ। ਫਿਰ ਤੁਸੀਂ ਵਪਾਰ ਵੀ ਕਰਨ ਲੱਗ ਪਏ। ਫਿਰ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਵੀਡੀਓ ਦੇ ਪ੍ਰਸਾਰਣ ਵਿੱਚ ਵਿਘਨ ਪਿਆ। ਤਿੰਨ ਮਿੰਟ ਬਾਅਦ ਸਿਰਫ ਆਡੀਓ ਹੀ ਆਈ। ਜਸਟਿਸ ਕੋਹਲੀ ਨੇ ਕਿਹਾ ਕਿ ਇਹ ਰੁਕਾਵਟ ਮਹਿਜ਼ ਇਤਫ਼ਾਕ ਹੈ, ਸਾਡੇ ਵੱਲੋਂ ਕੋਈ ਸੈਂਸਰਸ਼ਿਪ ਨਹੀਂ ਹੈ, ਅਦਾਲਤ ਨੇ ਬਾਬਾ ਰਾਮਦੇਵ ਨੂੰ ਸਿੱਧਾ ਸਵਾਲ ਕੀਤਾ ਕਿ ਤੁਹਾਨੂੰ ਮੁਆਫ਼ੀ ਕਿਉਂ ਦਿੱਤੀ ਜਾਵੇ ?
ਸਵਾਮੀ ਰਾਮਦੇਵ ਨੇ ਅਦਾਲਤ ਨੂੰ ਕਿਹਾ, ‘ਮੈਂ ਹੁਣ ਤੋਂ ਜਾਗਰੂਕ ਰਹਾਂਗਾ, ਮੈਨੂੰ ਪਤਾ ਹੈ ਕਿ ਮੇਰੇ ਨਾਲ ਕਰੋੜਾਂ ਲੋਕ ਜੁੜੇ ਹੋਏ ਹਨ।’ ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ, ‘ਤੁਸੀਂ ਇਹ ਸਭ ਸਾਡੇ ਹੁਕਮਾਂ ਤੋਂ ਬਾਅਦ ਕੀਤਾ। ਤੁਸੀਂ ਜਾਣਦੇ ਹੋ ਕਿ ਤੁਸੀਂ ਲਾ-ਇਲਾਜ ਬਿਮਾਰੀਆਂ ਦਾ ਇਸ਼ਤਿਹਾਰ ਨਹੀਂ ਦੇ ਸਕਦੇ। ਕਾਨੂੰਨ ਸਭ ਲਈ ਬਰਾਬਰ ਹੈ। ਇਸ ‘ਤੇ ਸਵਾਮੀ ਰਾਮਦੇਵ ਨੇ ਕਿਹਾ ਕਿ ਅਸੀਂ ਕਈ ਟੈਸਟ ਕੀਤੇ ਹਨ, ਜਿਸ ‘ਤੇ ਜਸਟਿਸ ਕੋਹਲੀ ਨੇ ਉਨ੍ਹਾਂ ਨੂੰ ਟੋਕਦਿਆਂ ਕਿਹਾ ਕਿ ਇਹ ਤੁਹਾਡੇ ਵੱਲੋਂ ਗੈਰ-ਜ਼ਿੰਮੇਵਾਰਾਨਾ ਰਵੱਈਆ ਹੈ।
ਆਚਾਰੀਆ ਬਾਲਕ੍ਰਿਸ਼ਨ ਨੇ ਕਿਹਾ, ‘ਇਹ ਗਲਤੀ ਅਗਿਆਨਤਾ ਕਾਰਨ ਹੋਈ, ਸਾਡੇ ਕੋਲ ਸਬੂਤ ਹਨ।’ ਜਸਟਿਸ ਅਮਾਨਉੱਲ੍ਹਾ ਨੇ ਕਿਹਾ ਕਿ ਤੁਸੀਂ ਐਲੋਪੈਥੀ ‘ਤੇ ਉਂਗਲ ਨਹੀਂ ਉਠਾ ਸਕਦੇ, ਇਹ ਸਹੀ ਨਹੀਂ ਹੈ। ਇਸ ‘ਤੇ ਸਵਾਮੀ ਰਾਮਦੇਵ ਨੇ ਕਿਹਾ, ‘ਅਸੀਂ ਇਹ ਜੋਸ਼ ‘ਚ ਆ ਕੇ ਕੀਤਾ ਹੈ। ਅਸੀਂ ਅੱਗੇ ਤੋਂ ਸੁਚੇਤ ਰਹਾਂਗੇ। ਅਸੀਂ ਐਲੋਪੈਥੀ ਬਾਰੇ ਕੁਝ ਨਹੀਂ ਕਹਾਂਗੇ।
ਜਸਟਿਸ ਕੋਹਲੀ ਨੇ ਕਿਹਾ, ‘ਅਦਾਲਤ ਐਵੇਂ ਨਹੀਂ ਚੱਲਦੀ ਕਿ ਅੱਜ ਤੁਸੀਂ ਮੁਆਫੀ ਮੰਗ ਰਹੇ ਹੋ, ਅਜਿਹਾ ਨਹੀਂ ਹੁੰਦਾ।’ ਇਸ ‘ਤੇ ਸਵਾਮੀ ਰਾਮਦੇਵ ਨੇ ਕਿਹਾ ਕਿ ਅਜਿਹੀ ਗਲਤੀ ਨਹੀਂ ਦੁਹਰਾਈ ਜਾਵੇਗੀ। ਇਸ ਤੋਂ ਬਾਅਦ ਜਸਟਿਸ ਕੋਹਲੀ ਨੇ ਕਿਹਾ ਕਿ ਤੁਹਾਡਾ ਪਿਛਲਾ ਇਤਿਹਾਸ ਖਰਾਬ ਹੈ, ਅਸੀਂ ਵਿਚਾਰ ਕਰਾਂਗੇ ਕਿ ਤੁਹਾਡੀ ਮੁਆਫੀ ਸਵੀਕਾਰ ਕੀਤੀ ਜਾਵੇ ਜਾਂ ਨਹੀਂ। ਤੁਸੀਂ ਵਾਰ-ਵਾਰ ਉਲੰਘਣਾ ਕੀਤੀ ਹੈ। ਜਸਟਿਸ ਅਮਾਨਉੱਲ੍ਹਾ ਨੇ ਕਿਹਾ ਕਿ ਤੁਸੀਂ ਦਿਲੋਂ ਮੁਆਫੀ ਨਹੀਂ ਮੰਗ ਰਹੇ। ਇਹ ਸਹੀ ਨਹੀਂ ਹੈ।
ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਅਖਬਾਰ ਵਿੱਚ ਜਨਤਕ ਮੁਆਫੀਨਾਮਾ ਛਾਪਣ ਦੀ ਪੇਸ਼ਕਸ਼ ਕੀਤੀ। ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਦੋਵਾਂ ਨੂੰ ਅਗਲੀ ਸੁਣਵਾਈ ਦੀ ਤਰੀਕ 23 ਅਪ੍ਰੈਲ ਨੂੰ ਹਾਜ਼ਰ ਹੋਣ ਲਈ ਕਿਹਾ ਹੈ।