ਪੰਜਾਬ

ਬਾਜਵਾ ਨੇ ਔਰਤਾਂ ਲਈ ਰਾਹੁਲ ਗਾਂਧੀ ਦੀਆਂ ਪੰਜ ਗਰੰਟੀਆਂ ਦੀ ਸ਼ਲਾਘਾ ਕੀਤੀ

ਬਾਜਵਾ ਨੇ ਔਰਤਾਂ ਲਈ ਰਾਹੁਲ ਗਾਂਧੀ ਦੀਆਂ ਪੰਜ ਗਰੰਟੀਆਂ ਦੀ ਸ਼ਲਾਘਾ ਕੀਤੀ
  • PublishedMarch 13, 2024

ਚੰਡੀਗੜ, 13 ਮਾਰਚ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦੇਸ਼ ਦੀਆਂ ਔਰਤਾਂ ਲਈ ਪੰਜ ਢੁਕਵੀਆਂ ਗਰੰਟੀਆਂ ਦੀ ਸ਼ਲਾਘਾ ਕੀਤੀ।

ਰਾਹੁਲ ਗਾਂਧੀ ਵੱਲੋਂ ਐਲਾਨੀਆਂ ਪੰਜ ਨਾਰੀ ਨਿਆਂ ਗਰੰਟੀਆਂ ਵਿੱਚ ਮਹਾਲਕਸ਼ਮੀ, ਆਧੀ ਆਬਾਦੀ-ਪੁਰਾ ਹੱਕ, ਸ਼ਕਤੀ ਦਾ ਸਨਮਾਨ, ਅਧਿਕਾਰ ਮੈਤਰੀ ਅਤੇ ਸਵਤਰੀਬਾਈ ਫੂਲੇ ਹੋਸਟਲ ਸਕੀਮ ਸ਼ਾਮਲ ਹਨ। ਕਾਂਗਰਸ ਦਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਔਰਤਾਂ ਦੇ ਸਸ਼ਕਤੀਕਰਨ ਤੋਂ ਬਿਨਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਇਹੀ ਕਾਰਨ ਹੈ ਕਿ ਪਾਰਟੀ ਵਿਸ਼ੇਸ਼ ਤੌਰ ‘ਤੇ ਔਰਤਾਂ ਲਈ ਪੰਜ ਸ਼ਾਨਦਾਰ ਗਰੰਟੀਆਂ ਲੈ ਕੇ ਆਈ ਹੈ।

ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਮਹਾਂਲਕਸ਼ਮੀ ਗਾਰੰਟੀ ਵਿੱਚ ਗਰੀਬ ਪਰਿਵਾਰ ਦੀ ਔਰਤ ਨੂੰ ਪ੍ਰਤੀ ਸਾਲ ਇੱਕ ਲੱਖ ਰੁਪਏ ਦੀ ਮਦਦ ਸ਼ਾਮਲ ਹੈ। ਇਸ ਰਕਮ ਨਾਲ ਔਰਤਾਂ ਆਰਥਿਕ ਤੌਰ ‘ਤੇ ਸੁਤੰਤਰ ਹੋ ਸਕਦੀਆਂ ਹਨ। ਇਸ ਤੋਂ ਇਲਾਵਾ, ਆਧੀ ਆਬਾਦੀ-ਪੁਰਾ ਹੱਕ ਕੇਂਦਰ ਸਰਕਾਰ ਦੀਆਂ ਨਵੀਆਂ ਨਿਯੁਕਤੀਆਂ ਵਿੱਚ ਔਰਤਾਂ ਦੀ 50 ਪ੍ਰਤੀਸ਼ਤ ਹਿੱਸੇਦਾਰੀ / ਅਧਿਕਾਰਾਂ ਨੂੰ ਯਕੀਨੀ ਬਣਾਏਗਾ।

“ਅਸੀਂ ਅਕਸਰ ਆਂਗਣਵਾੜੀ, ਆਸ਼ਾ ਅਤੇ ਮਿਡ-ਡੇਅ ਮੀਲ ਵਰਕਰਾਂ ਨੂੰ ਆਪਣੀ ਤਨਖਾਹ ਵਾਧੇ ਲਈ ਵਿਰੋਧ ਪ੍ਰਦਰਸ਼ਨ ਕਰਦੇ ਦੇਖਿਆ ਹੈ। ‘ਸ਼ਕਤੀ ਕਾ ਸੰਮਾਨ’ ਤਹਿਤ ਇਨ੍ਹਾਂ ਔਰਤਾਂ ਦੀ ਮਹੀਨਾਵਾਰ ਤਨਖਾਹ ‘ਚ ਕੇਂਦਰ ਸਰਕਾਰ ਦਾ ਯੋਗਦਾਨ ਦੁੱਗਣਾ ਕੀਤਾ ਜਾਵੇਗਾ। ਔਰਤਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਅਧਿਕਾਰ ਮੈਤਰੀ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਔਰਤਾਂ ਨੂੰ ਜਾਗਰੂਕ ਕਰਨ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਹਰੇਕ ਪੰਚਾਇਤ ਵਿੱਚ ਇੱਕ ਪੈਰਾ-ਲੀਗਲ ਜਾਂ ਕਾਨੂੰਨੀ ਸਹਾਇਕ ਨਿਯੁਕਤ ਕੀਤਾ ਜਾਵੇਗਾ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਔਰਤਾਂ ਅਕਸਰ ਉਨ੍ਹਾਂ ਮੌਕਿਆਂ ਨੂੰ ਲੈਣ ਤੋਂ ਝਿਜਕਦੀਆਂ ਹਨ ਜੋ ਉਨ੍ਹਾਂ ਦੇ ਜੱਦੀ ਸ਼ਹਿਰਾਂ ਤੋਂ ਦੂਰ ਹੁੰਦੀਆਂ ਹਨ। ਕਾਂਗਰਸ ਸਵਿਤਰੀ ਬਾਈ ਫੂਲੇ ਹੋਸਟਲ ਸਕੀਮ ਨਾਲ ਇਸ ਮੁੱਦੇ ਨੂੰ ਹੱਲ ਕਰਨ ਲਈ ਵਚਨਬੱਧ ਹੈ। ਕੇਂਦਰ ਦੇਸ਼ ਭਰ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਘੱਟੋ ਘੱਟ ਇੱਕ ਕੰਮਕਾਜੀ ਮਹਿਲਾ ਹੋਸਟਲ ਬਣਾਏਗਾ ਅਤੇ ਬਾਅਦ ਵਿੱਚ ਦੇਸ਼ ਭਰ ਵਿੱਚ ਇਨ੍ਹਾਂ ਹੋਸਟਲਾਂ ਦੀ ਗਿਣਤੀ ਦੁੱਗਣੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਭਰ ‘ਚ ਜ਼ਮੀਨੀ ਪੱਧਰ ‘ਤੇ ਖੋਜ਼ ਕਰਨ ਤੋਂ ਬਾਅਦ ਔਰਤਾਂ ਲਈ ਇਹ ਗਰੰਟੀਆਂ ਦਿੱਤੀਆਂ ਹਨ। ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਆਪਣੇ ਕਹਿਣ ‘ਤੇ ਕਾਇਮ ਹੈ।

Written By
The Punjab Wire