ਅੰਮ੍ਰਿਤਸਰ, 20 ਫਰਵਰੀ 2024 (ਦੀ ਪੰਜਾਬ ਵਾਇਰ)।ਪੱਛਮੀ ਬੰਗਾਲ ਦੇ ਭਾਜਪਾ ਆਗੂ ਸੁਵੇਂਦੂ ਅਧਿਕਾਰੀ ਨੂੰ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਅਸ਼ਾਂਤ ਸੰਦੇਸ਼ਖਾਲੀ ਦਾ ਦੌਰਾ ਕਰਨ ਤੋਂ ਰੋਕਣ ਲਈ ਧਮਾਖਾਲੀ ਵਿੱਚ ਤਾਇਨਾਤ ਇੱਕ ਸਿੱਖ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਭਗਵਾ ਪਾਰਟੀ ਦੇ ਵਰਕਰਾਂ ਦੇ ਇੱਕ ਸਮੂਹ ਵੱਲੋਂ ਕਥਿਤ ਤੌਰ ‘ਤੇ ‘ਖਾਲਿਸਤਾਨੀ’ ਸ਼ਬਦ ਕਹੇ ਜਾਣ ਤੋਂ ਬਾਅਦ ਭੜਕ ਉੱਠੇ।
ਅਧਿਕਾਰੀ ਦੇ ਨਾਲ ਮੌਜੂਦ ਭਾਜਪਾ ਵਿਧਾਇਕ ਅਗਨੀਮਿੱਤਰਾ ਪਾਲ ਨੇ ਦਾਅਵਾ ਕੀਤਾ ਕਿ ਪੁਲਿਸ ਅਧਿਕਾਰੀ ਆਪਣੀ ਡਿਊਟੀ ਨਹੀਂ ਨਿਭਾ ਰਿਹਾ ਅਤੇ ਭਾਜਪਾ ਸਮਰਥਕਾਂ ਵੱਲੋਂ ਉਸ ਨੂੰ ‘ਖਾਲਿਸਤਾਨੀ’ ਕਹਿਣ ਦੇ ਦੋਸ਼ ਨੂੰ ਰੱਦ ਕੀਤਾ।
ਇਸ ਸਬੰਧੀ ਪੰਜਾਬ ਦੇ ਸੀਨੀਅਰ ਕਾਂਗਰਸੀ ਲੀਡਰ ਅਤੇ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਬਾਜਵਾ ਵੱਲੋਂ ਬਕਾਇਦਾ ਆਪਣੇ ਐਕਸ ਤੇ ਵੀਡੀਓ ਸਾਂਝੀ ਕੀਤੀ ਗਈ ਅਤੇ ਇਸ ਨੂੰ ਬੇਹੱਦ ਸ਼ਰਮਨਾਕ ਕਰਾਰ ਦਿੱਤਾ ਗਿਆ। ਬਾਜਵਾ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਵਰਕਰ ਇੱਕ ਸਿੱਖ ਆਈਪੀਐਸ ਅਧਿਕਾਰੀ ਨੂੰ ਖਾਲਿਸਤਾਨੀ ਕਹਿ ਰਹੇ ਹਨ ਕਿਉਂਕਿ ਉਹ ਆਪਣੀ ਡਿਊਟੀ ਕਰ ਰਿਹਾ ਹੈ। ਕੀ ਭਾਜਪਾ ਸਿੱਖਾਂ ਬਾਰੇ ਇਹੀ ਸੋਚਦੀ ਹੈ?
ਇਹ ਗੁੰਡਾਗਰਦੀ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਤੇ ਸਿੱਖਾਂ ਨੂੰ ਖਾਲਿਸਤਾਨੀਆਂ ਵਜੋਂ ਪੇਸ਼ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ
ਉਧਰ ਇਸ ਸਬੰਧੀ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਕੜੀ ਨਿੰਦਾ ਕੀਤੀ ਗਈ ਅਤੇ ਕਿਹਾ ਕਿ “ਪੱਛਮ ਬੰਗਾਲ ਵਿੱਚ ਭਾਜਪਾ ਦੇ ਆਗੂਆਂ ਵੱਲੋਂ ਉੱਥੇ ਡਿਊਟੀ ਨਿਭਾ ਰਹੇ ਇੱਕ ਸਿੱਖ ਆਈਪੀਐੱਸ ਅਫ਼ਸਰ ਸ. ਜਸਪ੍ਰੀਤ ਸਿੰਘ ਦੀ ਜਾਣਬੁੱਝ ਕਿਰਦਾਰਕੁਸ਼ੀ ਕਰਨੀ ਬੇਹੱਦ ਨਿੰਦਣਯੋਗ ਹੈ। ਇਹ ਬਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਆਪਣੇ ਐਕਸ ਪੋਸਟ ਤੇ ਪਾਇਆ ਗਿਆ।
ਧਾਮੀ ਨੇ ਕਿਹਾ ਕਿ ਦੇਸ਼ ਵਿੱਚ ਅਜਿਹੀ ਸੋਚ ਰੱਖਣ ਵਾਲੇ ਆਗੂਆਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਦੀ ਅਜ਼ਾਦੀ ਅਤੇ ਰਖਵਾਲੀ ਲਈ ਸਿੱਖਾਂ ਨੇ ਹੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਸਿੱਖਾਂ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ, ਸਗੋਂ ਇਹ ਆਪਣੀ ਰਵਾਇਤਾਂ ਅਤੇ ਪਰੰਪਰਾਵਾਂ ਦੀ ਸੇਧ ਵਿੱਚ ਮਾਨਵ ਦੇਸ਼ ਕੌਮ ਲਈ ਸੇਵਾਵਾਂ ਨਿਭਾਉਣੀਆਂ ਜਾਣਦੇ ਹਨ।
ਇਹ ਵੱਡਾ ਸਵਾਲ ਹੈ ਕਿ ਦੇਸ਼ ਦੇ ਵਿੱਚ ਅਜਿਹੇ ਲੋਕ ਜਾਣਬੁੱਝ ਕੇ ਨਫ਼ਰਤੀ ਹਵਾ ਨੂੰ ਤੂਲ ਦਿੰਦੇ ਹਨ ਪਰ ਸਰਕਾਰਾਂ ਖਾਮੋਸ਼ ਰਹਿੰਦੀਆਂ ਹਨ। ਅਜਿਹਾ ਮਾਹੌਲ ਪੈਦਾ ਕਰਨ ਵਾਲੇ ਲੋਕਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਇਮਾਨਦਾਰੀ ਨਾਲ ਵੱਖ-ਵੱਖ ਖੇਤਰਾਂ ਵਿੱਚ ਡਿਊਟੀ ਨਿਭਾਉਣ ਵਾਲੇ ਲੋਕਾਂ ਨੂੰ ਨਫ਼ਰਤੀ ਹਿੰਸਾ ਦਾ ਸ਼ਿਕਾਰ ਨਾ ਹੋਣਾ ਪਵੇ।”
ਇਸੇ ਤਰ੍ਹਾਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਵੀ ਕੜ੍ਹੇ ਸ਼ਬਦਾ ਵਿੱਚ ਨਿਖੇਦੀ ਕਰਦੇ ਹੋਏ ਕਿਹਾ ਗਿਆ ਕਿ “ਅੱਜ, ਭਾਜਪਾ ਦੀ ਵੰਡਵਾਦੀ ਰਾਜਨੀਤੀ ਨੇ ਬੇਸ਼ਰਮੀ ਨਾਲ ਸੰਵਿਧਾਨਕ ਸੀਮਾਵਾਂ ਨੂੰ ਪਾਰ ਕਰ ਦਿੱਤਾ ਹੈ। @BJP4India ਅਨੁਸਾਰ ਦਸਤਾਰ ਪਹਿਨਣ ਵਾਲਾ ਹਰ ਵਿਅਕਤੀ ਖਾਲਿਸਤਾਨੀ ਹੈ। ਮੈਂ ਸਾਡੇ ਸਿੱਖ ਭਰਾਵਾਂ ਅਤੇ ਭੈਣਾਂ ਦੀ ਸਾਖ ਨੂੰ ਕਮਜ਼ੋਰ ਕਰਨ ਦੀ ਇਸ ਦਲੇਰਾਨਾ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦੀ ਹਾਂ, ਜੋ ਸਾਡੀ ਕੌਮ ਲਈ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਅਟੁੱਟ ਦ੍ਰਿੜ ਇਰਾਦੇ ਲਈ ਸਤਿਕਾਰੇ ਜਾਂਦੇ ਹਨ, ”ਉਹਨਾਂ ਐਕਸ ‘ਤੇ ਪੋਸਟ ਕੀਤਾ।