‘ਸੀ.ਐਮ ਦੀ ਯੋਗਸ਼ਾਲਾ’ ਤਹਿਤ ਜ਼ਿਲ੍ਹੇ ’ਚ ਵੱਖ-ਵੱਖ ਸਥਾਨਾਂ ’ਤੇ ਲੱਗ ਰਹੀਆਂ ਹਨ ਯੋਗ ਕਲਾਸਾਂ : ਕੋਮਲ ਮਿੱਤਲ
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਯੋਗ ਕਲਾਸਾਂ ’ਚ ਹਿੱਸਾ ਲੈਣ ਲਈ ਕੀਤਾ ਪ੍ਰੇਰਿਤ
ਕਿਹਾ, 44 ਪ੍ਰਤੀਸ਼ਤ ਯੋਗ ਟੇ੍ਰਨਰਾਂ ਵਲੋਂ ਜ਼ਿਲ੍ਹੇ ’ਚ 153 ਸਥਾਨਾ ’ਤੇ ਰੋਜ਼ਾਨਾ ਵੱਖ-ਵੱਖ ਸੈਸ਼ਨਾਂ ਵਿਚ ਦਿੱਤੀ ਜਾ ਰਹੀ ਹੈ ਮੁਫ਼ਤ ਯੋਗ ਟ੍ਰੇਨਿੰਗ
ਲੋਕ ਫੋਨ ਨੰਬਰ 76694 00500 ’ਤੇ ਮਿਸਡ ਕਾਲ ਦੇ ਕੇ ਲੈ ਸਕਦੇ ਹਨ ਯੋਗ ਕਲਾਸਾਂ ਦਾ ਮੁੱਖ ਲਾਭ
ਹੁਸ਼ਿਆਰਪੁਰ, 21 ਦਸੰਬਰ 2023 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟ ‘ਸੀ.ਐਮ ਦੀ ਯੋਗਸ਼ਾਲਾ’ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਵਿਚ 44 ਯੋਗ ਟੇ੍ਰਨਰ 153 ਸਥਾਨਾਂ ’ਤੇ ਯੋਗ ਕਲਾਸਾਂ ਚਲਾ ਰਹੇ ਹਨ, ਜਿਥੇ ਟੇ੍ਰਂਡ ਯੋਗ ਟ੍ਰੇਨਰ ਲੋਕਾਂ ਨੂੰ ਮੁਫਤ ਯੋਗ ਸਿਖਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੋਗ ਕਲਾਸਾਂ ਲੈਣ ਲਈ 25 ਨਾਗਰਿਕਾਂ ਦਾ ਸਮੂਹ ਹੋਣਾ ਚਾਹੀਦਾ ਹੈ ਅਤੇ ਇਸ ਪ੍ਰੋਗਰਾਮ ਨਾਲ ਜੁੜਨ ਲਈ ਟੈਲੀਫੋਨ ਨੰਬਰ 76694 00500 ’ਤੇ ਮਿਸਡ ਕਾਲ ਦੇ ਕੇ ਇਸ ਦਾ ਲਾਭ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ‘ਸੀ.ਐਮ ਦੀ ਯੋਗਸ਼ਾਲਾ’ ਰਾਹੀਂ ਲੋਕਾਂ ਨੂੰ ਉਨ੍ਹਾਂ ਦੁਆਰਾ ਚੁਣੇ ਗਏ ਸਥਾਨਾਂ ’ਤੇ ਜਿਵੇਂ ਪਾਰਕ, ਜਨਤਕ ਸਥਾਨ ’ਤੇ ਮੁਫ਼ਤ ਯੋਗ ਟੇ੍ਰਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਇਸ ਦੇ ਲਈ ਯੋਗ ਟੇ੍ਰਨਰ ਨਿਯੁਕਤ ਕੀਤੇ ਗਏ ਹਨ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਵਿਚ ਜਾ ਕੇ ਲੋਕਾਂ ਨੂੰ ਯੋਗ ਦੀਆਂ ਵਿਧੀਆਂ ਬਾਰੇ ਜਾਗਰੂਕ ਕਰ ਰਹੇ ਹਨ।
ਕੋਮਲ ਮਿੱਤਲ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਕੋਲ ਯੋਗ ਕਲਾਸ ਕਰਨ ਲਈ ਸਥਾਨ ਉਪਲਬੱਧ ਹੈ ਅਤੇ ਘੱਟ ਤੋਂ ਘੱਟ 25 ਲੋਕਾਂ ਦਾ ਸਮੂਹ ਹੈ, ਤਾਂ ਪੰਜਾਬ ਸਰਕਾਰ ਟੇ੍ਰਂਡ ਯੋਗ ਟ੍ਰੇਨਰ ਘਰ ਭੇਜੇਗੀ ਅਤੇ ਜੇਕਰ ਲੋਕ ਚਾਹੁਣ ਤਾਂ ਉਹ ਖੁਦ ਲਈ ਵੀ ਰਜਿਸਟ੍ਰੇਸ਼ਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਯੋਗ ਸਿੱਖਿਆ ਦੇਣ ਦੀ ਇਕ ਪਹਿਲ ਕੀਤੀ ਗਈ ਹੈ। ਇਸ ਯੋਜਨਾ ਤਹਿਤ ਪੰਜਾਬ ਵਿਚ ਪ੍ਰਮਾਣਿਤ ਯੋਗ ਅਧਿਆਪਕਾਂ ਦੀ ਇਕ ਟੀਮ ਸਥਾਪਿਤ ਕੀਤੀ ਗਈ ਹੈ, ਤਾਂ ਜੋ ਯੋਗ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ।
ਯੋਗ ਸੁਪਰਵਾਈਜ਼ਰ ਮਾਧਵੀ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਮੁੱਖ ਸਥਾਨਾਂ ’ਤੇ 44 ਯੋਗ ਟੇ੍ਰਨਰ ਯੋਗ ਕਲਾਸਾਂ ਦਾ ਆਯੋਜਨ ਕਰ ਰਹੇ ਹਨ। ਜਿਸ ਵਿਚ ਹੁਸ਼ਿਆਰਪੁਰ ਸ਼ਹਿਰ ਵਿਚ 78 ਸਥਾਨਾਂ ’ਤੇ, ਭੂੰਗਾ ਵਿਚ 6, ਦਸੂਹਾ ਵਿਚ 10, ਗੜ੍ਹਸ਼ੰਕਰ ਵਿਚ 10, ਮਾਹਿਲਪੁਰ ਵਿਚ 5, ਚੱਬੇਵਾਲ ਵਿਚ 10, ਮੁਕੇਰੀਆਂ ਵਿਚ 11, ਹਾਜੀਪੁਰ ਵਿਚ 7, ਤਲਵਾੜਾ ਵਿਚ 8 ਅਤੇ ਟਾਂਡਾ ਵਿਚ 8 ਸਥਾਨਾਂ ’ਤੇ ਯੋਗ ਕਲਾਸਾਂ ਚੱਲ ਰਹੀਆਂ ਹਨ।