ਪੰਜਾਬ ਮੁੱਖ ਖ਼ਬਰ

ਨਵੀਂ ਸੋਚ ਨਵੀਂ ਉਡਾਨ- ਸਪੈਸ਼ਲ ਬੱਚਿਆਂ ਦੇ ਹੌਂਸਲਿਆਂ ਨੂੰ ਉਡਾਨ ਦੇਵੇਗਾ ਰੈੱਡ ਕਰਾਸ ਹੁਸ਼ਿਆਰਪੁਰ ਦਾ ‘ਵਿੰਗਜ਼’ ਪ੍ਰੋਜੈਕਟ

ਨਵੀਂ ਸੋਚ ਨਵੀਂ ਉਡਾਨ- ਸਪੈਸ਼ਲ ਬੱਚਿਆਂ ਦੇ ਹੌਂਸਲਿਆਂ ਨੂੰ ਉਡਾਨ ਦੇਵੇਗਾ ਰੈੱਡ ਕਰਾਸ ਹੁਸ਼ਿਆਰਪੁਰ ਦਾ ‘ਵਿੰਗਜ਼’ ਪ੍ਰੋਜੈਕਟ
  • PublishedDecember 21, 2023

ਕੈਬਨਿਟ ਮੰਤਰੀ ਜਿੰਪਾ ਨੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਖੋਲ੍ਹੀ ਗਈ 4 ਸਪੈਸ਼ਲ ਕੈਨਟੀਨ ਸ਼ਾਪਾਂ ਦਾ ਕੀਤਾ ਉਦਘਾਟਨ

ਸਪੈਸ਼ਲ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦਾ ਅਨੌਖਾ ਉਪਰਾਲਾ

8 ਸਪੈਸ਼ਲ ਬੱਚਿਆਂ ਨੂੰ ਢਾਈ ਮਹੀਨੇ ਦੀ ਟੇ੍ਰਨਿੰਗ ਉਪਰੰਤ ਸੌਂਪੀਆਂ ਗਈਆਂ ਕੈਨਟੀਨਾਂ

ਸਪੈਸ਼ਲ ਬੱਚਿਆਂ ਨੂੰ ਪੈਰ੍ਹਾਂ ’ਤੇ ਖੜ੍ਹਾ ਕਰਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਪ੍ਰੋਜੈਕਟ ਦਾ ਮੁੱਖ ਉਦੇਸ਼ : ਬ੍ਰਮ ਸ਼ੰਕਰ ਜਿੰਪਾ

ਸਪੈਸ਼ਲ ਬੱਚਿਆਂ ਦਾ ਮਨੋਬਲ ਵਧਾਇਆ ਜਾਵੇ ਤਾਂ ਜੋ ਉਹ ਸਮਰੱਥ ਹੋ ਕੇ ਕੈਨਟੀਨ ਸ਼ਾਪਾਂ ਨੂੰ ਚਲਾ ਸਕਣ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 21 ਦਸੰਬਰ 2023 (ਦੀ ਪੰਜਾਬ ਵਾਇਰ)। ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਸਪੈਸ਼ਲ ਬੱਚਿਆਂ ਲਈ ਸ਼ੁਰੂ ਕੀਤੇ ਗਏ ਇਕ ਅਨੌਖੇ ਪ੍ਰੋਜੈਕਟ ‘ਵਿੰਗਜ਼’ ਦਾ ਉਦਘਾਟਨ ਕੀਤਾ, ਜਿਸ ਤਹਿਤ ਹੁਸ਼ਿਆਰਪੁਰ ਵਿਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਦਫ਼ਤਰ ਤੋਂ ਇਲਾਵਾ ਤਿੰਨ ਪ੍ਰਮੁੱਖ ਵਿਦਿਅਕ ਸੰਸਥਾਵਾਂ ਵਿਚ ਸਪੈਸ਼ਲ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਵਿਸ਼ੇਸ਼ ਕੈਨਟੀਨਾਂ ਖੋਲ੍ਹੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਵਿਸ਼ੇਸ਼ ਬੱਚਿਆਂ ਦੇ ਮਨੋਬਲ ਨੂੰ ‘ਵਿੰਗਜ਼’ ਪ੍ਰੋਜੈਕਟ ਰਾਹੀਂ ਵਧਾਇਆ ਗਿਆ ਹੈ ਅਤੇ ਇਹ ਵਿਸ਼ੇਸ਼ ਬੱਚੇ ਖੁਦ ਕੈਨਟੀਨਾਂ ਚਲਾ ਕੇ ਆਤਮ ਨਿਰਭਰ ਬਣਨਗੇ।

ਉਨ੍ਹਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦਫ਼ਤਰ, ਸਰਕਾਰੀ ਕਾਲਜ, ਸਰਕਾਰੀ ਆਈ.ਟੀ.ਆਈ ਅਤੇ ਸਵਾਮੀ ਸਰਵਾਨੰਦ ਗਿਰੀ ਰਿਜਨਲ ਇੰਸਟੀਚਿਊਟ ਪੰਜਾਬ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਵਿਚ ਇਨ੍ਹਾਂ ਕੈਨਟੀਨਾਂ ਦਾ ਉਦਘਾਟਨ ਕਰਕੇ ਸਪੈਸ਼ਲ ਬੱਚਿਆਂ ਦਾ ਹੌਂਸਲਾ ਵਧਾਇਆ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਸਾਰੀਆਂ ਕੈਨਟੀਨਾਂ ਨੂੰ ਚਲਾਉਣ ਵਾਲੇ ਸਪੈਸ਼ਲ ਬੱਚਿਆਂ ਨੂੰ ਟ੍ਰੇਨਿੰਗ ਪੀਰਿਅਡ ਦਾ 5100-5100 ਰੁਪਏ ਮਾਣਭੱਤਾ ਵੀ ਪ੍ਰਦਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਹੈ, ਸ਼ਾਇਦ ਹੀ ਪੂਰੇ ਦੇਸ਼ ਵਿਚ ਇਸ ਤਰ੍ਹਾਂ ਦਾ ਪ੍ਰੋਜੈਕਟ ਕਿਤੇ ਹੋਵੇਗਾ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਬਕਾਇਦਾ ਟ੍ਰੇਨਿੰਗ ਦੇ ਕੇ ਇਨ੍ਹਾਂ ਕੈਨਟੀਨਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ, ਕਿ ਇਨ੍ਹਾਂ ਬੱਚਿਆਂ ਦਾ ਹੌਂਸਲਾ ਵਧਾਈਏ ਅਤੇ ਆਤਮ ਨਿਰਭਰ ਦੇ ਰੂਪ ਵਿਚ ਉਨ੍ਹਾਂ ਵਲੋਂ ਵਧਾਏ ਗਏ ਕਦਮ ਵਿਚ ਸਹਿਯੋਗ ਕਰੀਏ। ਉਨ੍ਹਾਂ ਕਿਹਾ ਕਿ ਸਪੈਸ਼ਲ ਬੱਚਿਆਂ ਲਈ ਖੋਲ੍ਹੀਆਂ ਗਈਆਂ ਇਨ੍ਹਾਂ ਕੈਨਟੀਨਾਂ ਦਾ ਉਦੇਸ਼ ਹੀ ਬੱਚਿਆਂ ਨੂੰ ਉਨ੍ਹਾਂ ਦੇ ਪੈਰਾਂ ’ਤੇ ਖੜ੍ਹਾ ਕਰਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਅਤੇ ਇਸ ਦੇ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਪੂਰੀ ਟੀਮ ਪ੍ਰਸ਼ੰਸਾ ਦੀ ਪਾਤਰ ਹੈ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਸ਼ਹਿਰ ਦੇ 4 ਪ੍ਰਮੁੱਖ ਸਥਾਨਾਂ ਜਿਸ ਵਿਚ ਤਿੰਨ ਵਿਦਿਅਕ ਸੰਸਥਾਵਾਂ ਵਿਚ ਇਹ ਕੈਨਟੀਨਾਂ ਬਣਾਈਆਂ ਹਨ। ਜਿਸ ਵਿਚ ਆਤਮ ਦੇਵ ਆਤਮ ਸੁਖ ਆਸ਼ਰਮ ਅਤੇ ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਦੇ 21 ਬੱਚਿਆਂ ਵਿਚੋਂ 8 ਬੱਚਿਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਅਤੇ ਇਨ੍ਹਾਂ ਦੀ ਢਾਈ ਮਹੀਨੇ ਦੀ ਸਰਵਿਸ, ਹੋਸਪੀਟੈਲਟੀ, ਕਰੰਸੀ ਪਹਿਚਾਨਣ, ਯੂ.ਪੀ.ਆਈ ਸਬੰਧੀ ਟੇ੍ਰਨਿੰਗ ਦਿੱਤੀ ਗਈ, ਜਿਸ ਉਪਰੰਤ ਅੱਜ ਹਰ ਕੈਨਟੀਨ ਵਿਚ ਦੋ ਸਪੈਸ਼ਲ ਬੱਚੇ ਆਤਮ ਨਿਰਭਰ ਹੋ ਕੇ ਤਿਆਰ ਹਨ। ਉਨ੍ਹਾਂ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਨ੍ਹਾਂ ਬੱਚਿਆਂ ਨੂੰ ਸਪੋਰਟ ਕਰਨ ਤਾਂ ਜੋ ਇਨ੍ਹਾਂ ਦਾ ਮਨੋਬਲ ਵਧੇ ਅਤੇ ਇਹ ਸਮਰੱਥ ਹੋ ਕੇ ਇਨ੍ਹਾਂ ਕੈਨਟੀਨ ਸ਼ਾਪਾਂ ਨੂੰ ਚਲਾ ਸਕਣ। ਇਨ੍ਹਾਂ ਵਿਚ ਹੋਰ ਅੱਗੇ ਵੱਧਣ ਦੀ ਰੁਚੀ ਪੈਦਾ ਹੋਵੇ। ਉਨ੍ਹਾਂ ਦੱਸਿਆ ਕਿ ਕੈਨਟੀਨ ਚਲਾਉਣ ਵਾਲੇ ਸਾਰੇ ਸਪੈਸ਼ਲ ਬੱਚਿਆਂ ਦਾ ਬੈਂਕ ਖਾਤਾ ਵੀ ਖੁੱਲ੍ਹਵਾ ਦਿੱਤਾ ਗਿਆ ਹੈ, ਜਿਸ ਵਿਚ ਇਨ੍ਹਾਂ ਦਾ ਮਾਸਿਕ ਵੇਤਨ ਪਾਇਆ ਜਾਵੇਗਾ।

ਇਸ ਮੌਕੇ ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਦੀਕੀ, ਪਰਮਜੀਤ ਸਿੰਘ ਸਚਦੇਵ, ਕਰਨਲ (ਰਿਟਾ:) ਮਨਦੀਪ ਗਰੇਵਾਲ, ਆਈ.ਜੇ.ਐਮ.ਐਸ ਸਿੱਧੂ, ਆਗਿਆਪਾਲ ਸਿੰਘ ਸਾਹਨੀ, ਜੇ.ਐਸ ਚੌਹਾਨ, ਸ਼ੈਲੀ ਸ਼ਰਮਾ, ਕੌਂਸਲਰ ਪ੍ਰਦੀਪ ਬਿਟੂ, ਕੈਰਿਅਰ ਕੌਂਸਲਰ ਅਦਿਤਿਆ ਰਾਣਾ, ਰਾਜੀਵ ਬਜਾਜ, ਕੁਮਕੁਮ ਸੂਦ, ਕਰਮਜੀਤ ਆਹਲੂਵਾਲੀਆ, ਆਸ਼ਾ ਅਗਰਵਾਲ, ਕੀਰਤੀ ਜੇ. ਸਿੰਘ, ਡੋਲੀ ਚੀਮਾ, ਸਰਬਜੀਤ ਸਿੰਘ, ਪ੍ਰੇਮ ਸੈਣੀ, ਪ੍ਰੀਤੀ ਸਿੰਘ ਤੋਂ ਇਲਾਵਾ ਸਾਰੇ ਵਿਦਿਅਕ ਸੰਸਥਾਵਾਂ ਦੇ ਮੁੱਖੀ ਅਤੇ ਸਟਾਫ਼ ਵੀ ਮੌਜੂਦ ਸੀ।

Written By
The Punjab Wire