ਪੰਜਾਬ ਮੁੱਖ ਖ਼ਬਰ

ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ‘ਤੇ ED ਦਾ ਛਾਪਾ: ਅਮਲੋਹ ‘ਚ ਸਾਧੂ ਸਿੰਘ ਧਰਮਸੋਤ ਦੇ ਘਰ ਪਹੁੰਚੀਆਂ ਟੀਮਾਂ; ਰਡਾਰ ‘ਤੇ ਕਰੀਬੀ

ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ‘ਤੇ ED ਦਾ ਛਾਪਾ: ਅਮਲੋਹ ‘ਚ ਸਾਧੂ ਸਿੰਘ ਧਰਮਸੋਤ ਦੇ ਘਰ ਪਹੁੰਚੀਆਂ ਟੀਮਾਂ; ਰਡਾਰ ‘ਤੇ ਕਰੀਬੀ
  • PublishedNovember 30, 2023

ਚੰਡੀਗੜ੍ਹ, 30 ਨਵੰਬਰ 2023 (ਦੀ ਪੰਜਾਬ ਵਾਇਰ)। ਕਾਂਗਰਸ ਸਰਕਾਰ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਦੇ ਅਮਲੋਹ ਸਥਿਤ ਘਰ ‘ਤੇ ਈਡੀ ਨੇ ਅੱਜ ਸਵੇਰੇ ਛਾਪਾ ਮਾਰਿਆ ਹੈ। ਸਵੇਰੇ ਈਡੀ ਦੀਆਂ ਗੱਡੀਆਂ ਅਤੇ ਕੇਂਦਰੀ ਰਿਜ਼ਰਵ ਫੋਰਸ ਦੇ ਜਵਾਨ ਉਸ ਦੇ ਘਰ ਪਹੁੰਚ ਗਏ। ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰਾਂ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਘਰ ਵੀ ਇਹ ਛਾਪੇਮਾਰੀ ਹੋਈ ਹੈ।

ਪਤਾ ਚਲਿਆ ਹੈ ਕਿ ਸਾਧੂ ਸਿੰਘ ਧਰਮਸੋਤ ਇਸ ਵੇਲੇ ਘਰ ਅੰਦਰ ਮੌਜੂਦ ਨਹੀਂ ਹਨ। ਜਦਕਿ ਉਨ੍ਹਾਂ ਦੀ ਪਤਨੀ ਅਤੇ ਪੁਤਰ ਗੁਰਪ੍ਰੀਤ ਸਿੰਘ ਘਰ ਅੰਦਰ ਮੌਜੂਦ ਹਨ।

ਫਿਲਹਾਲ ਈਡੀ ਦੀਆਂ ਟੀਮਾਂ ਘਰ ਦੇ ਅੰਦਰ ਮੌਜੂਦ ਹਨ ਅਤੇ ਤਲਾਸ਼ੀ ਲਈ ਜਾ ਰਹੀ ਹੈ। ਕਿਸੇ ਨੂੰ ਵੀ ਘਰ ਦੇ ਅੰਦਰ ਜਾਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ। ਧਰਮਸੋਤ ਦੇ ਇਕ ਕਰੀਬੀ, ਜੰਗਲਾਤ ਵਿਭਾਗ ਦੇ ਠੇਕੇਦਾਰ, ਖੰਨਾ ਦੇ ਇਕ ਕਰੀਬੀ ਅਤੇ ਕੁਝ ਅਧਿਕਾਰੀਆਂ ਦੇ ਘਰਾਂ ‘ਤੇ ਛਾਪੇਮਾਰੀ ਕਰਨ ਲਈ ਵੀ ਕੁਝ ਟੀਮਾਂ ਪਹੁੰਚੀਆਂ ਹਨ।

ਵਰਣਨਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਮਾਮਲਾ ਦਰਜ ਕਰਕੇ ਸਾਧੂ ਸਿੰਘ ਧਰਮਸੋਤ ਸਮੇਤ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਹੈ। ਪੰਜਾਬ ਵਿਜੀਲੈਂਸ ਦੇ ਰਡਾਰ ‘ਤੇ ਆਉਣ ਤੋਂ ਬਾਅਦ ਈਡੀ ਨੇ ਵੀ ਉਸ ਦੇ ਦਸਤਾਵੇਜ਼ਾਂ ਅਤੇ ਜਾਂਚ ਰਿਪੋਰਟਾਂ ਦੀ ਮੰਗ ਕੀਤੀ ਸੀ।

Written By
The Punjab Wire