ਪੰਜਾਬ ਮੁੱਖ ਖ਼ਬਰ ਰਾਜਨੀਤੀ

ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਗੁਰਦਾਸਪੁਰ ਆਮਦ ਨੂੰ ਲੈ ਕੇ ਆਪ ਵਰਕਰਾਂ ਅੰਦਰ ਭਾਰੀ ਉਤਸ਼ਾਹ

ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਗੁਰਦਾਸਪੁਰ ਆਮਦ ਨੂੰ ਲੈ ਕੇ ਆਪ ਵਰਕਰਾਂ ਅੰਦਰ ਭਾਰੀ ਉਤਸ਼ਾਹ
  • PublishedNovember 30, 2023

ਰੈਲੀ ਨੂੰ ਇਤਿਹਾਸਿਕ ਬਣਾਉਣ ਲਈ ਦਿਨ ਰਾਤ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਆਪ ਆਗੂ, ਮਿਲ ਰਿਹਾ ਲੋਕਾਂ ਦਾ ਭਰਪੂਰ ਸਾਥ

ਪੂਰੇ ਮਾਝੇ ਖੇਤਰ ਤੇ ਪਵੇਗਾ ਮੁੱਖ ਮੰਤਰੀ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਗੁਰਦਾਸਪੁਰ ਰੈਲੀ ਦਾ ਪ੍ਰਭਾਵ, ਆਪ ਦਾ ਹੋਰ ਉੱਚਾ ਹੋਵੇਗਾ ਕੱਦ- ਰਮਨ ਬਹਿਲ

ਗੁਰਦਾਸਪੁਰ,29 ਨਵੰਬਰ 2023 (ਮੰਨਨ ਸੈਣੀ)। ਗੁਰਦਾਸਪੁਰ ਅੰਦਰ ਬਣੇ ਨਵੇਂ ਬੱਸ ਸਟੈਡ ਦੇ ਉਦਘਾਟਨ ਮੌਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਨੂੰ ਲੈ ਕੇ ਸਮੁੱਚੇ ਜ਼ਿਲੇ ਦੇ ਵਰਕਰਾਂ ਅੰਦਰ ਜਿੱਥੇ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਆਮ ਆਦਮੀ ਪਾਰਟੀ ਦੇ ਆਗੂ ਪੱਬਾਂ ਭਾਰ ਹੋ ਕੇ ਤਿਆਰੀਆਂ ਕਰਨ ਵਿਚ ਜੁੱਟ ਗਏ ਹਨ।

ਗੁਰਦਾਸਪੁਰ ਵਿੱਚ ਨਵੇਂ ਅਡੇ ਦੇ ਉਦਘਾਟਨ ਮੌਕੇ ਹੋਣ ਵਾਲੀ ਰੈਲੀ ਨੂੰ ਲੈ ਕੇ ਜਿੱਥੇ ਆਪ ਦੀ ਸਮੂਚੀ ਲੀਡਰਸ਼ਿਪ ਨੇ ਆਪਣੇ ਆਪਣੇ ਮੌਰਚੇ ਸਾਂਭ ਲਏ ਹਨ ਅਤੇ ਇਸ ਰੈਲੀ ਨੂੰ ਇਤਿਹਾਸਿਕ ਬਣਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਹਰ ਹਲਕੇ ਦੇ ਇੰਚਾਰਜਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਰਟੀ ਦੇ ਸੁਪਰੀਮੇ ਦੇ ਸਾਹਮਣੇ ਵਾਲੰਟੀਅਰਾਂ ਦੀ ਸ਼ਮੂਲੀਅਤ ਦੇ ਮਾਮਲੇ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਫਿਕੀ ਨਾ ਪੈ ਜਾਵੇ, ਜਿਸ ਕਾਰਨ ਹਰ ਵਿਧਾਇਕ ਤੇ ਹਲਕਾ ਇੰਚਾਰਜ ਵੱਲੋਂ ਆਪਣੇ ਹਲਕਿਆਂ ਅੰਦਰ ਮੀਟਿੰਗਾਂ ਕਰਕੇ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ।

ਇਸ ਰੈਲੀ ਨੂੰ ਲੈ ਕੇ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਅਤੇ ਵੱਕਾਰ ਦਾ ਸਵਾਲ ਗੁਰਦਾਸਪੁਰ ਹਲਕੇ ਲਈ ਬਣਿਆ ਹੋਇਆ ਹੈ ਕਿਉਂਕਿ ਇਸ ਹਲਕੇ ਵਿਚ ਹੀ ਰੈਲੀ ਅਤੇ ਉਦਘਾਟਨ ਸਮਾਗਮ ਹੋਣ ਕਾਰਨ ਇਸ ਹਲਕੇ ਦੇ ਲੋਕਾਂ ਦੀ ਸ਼ਮੂਲੀਅਤ ਹੋਰ ਹਲਕਿਆਂ ਦੇ ਮੁਕਾਬਲੇ ਜ਼ਿਆਦਾ ਹੋਣੀ ਲਾਜ਼ਮੀ ਮੰਨੀ ਜਾ ਰਹੀ ਹੈ। ਇਸ ਕਾਰਨ ਹਲਕੇ ਦੀ ਅਗਵਾਈ ਕਰ ਰਹੇ ਪਾਰਟੀ ਦੇ ਹਲਕਾ ਇੰਚਾਰਜ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਵੀ ਪਿਛਲੇ 3 ਦਿਨਾਂ ਤੋਂ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ ਕਰਕੇ ਆਪਣੇ ਸਾਥੀਆਂ ਸਮਰਥਕਾਂ ਨੂੰ ਉਕਤ ਰੈਲੀ ‘ਚ ਪਹੁੰਚਣ ਲਈ ਸੱਦਾ ਦਿੱਤਾ ਜਾ ਰਿਹਾ ਹੈ।

ਕੱਲ ਪਿੰਡ ਨਬੀਪੁਰ, ਹਰਦੋਛੰਨੀ, ਬੱਬੇਹਾਲੀ ਸਮੇਤ ਹੋਰ ਅਨੇਕਾਂ ਪਿੰਡਾਂ ‘ਚ ਆਯੋਜਿਤ ਮੀਟਿੰਗਾਂ ਦੌਰਾਨ ਰਮਨ ਬਹਿਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੁਰਦਾਸਪੁਰ ਫੇਰੀ ਇਸ ਹਲਕੇ ਸਮੁੱਚੇ ਜ਼ਿਲੇ ਲਈ ਵਰਦਾਨ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ ਸਦਕਾ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਹਰਮਨ ਪਿਆਰਤਾ ਵਿਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਲੋਕ ਗੁਰਦਾਸਪੁਰ ਵਿਖੇ ਕੀਤੀ ਜਾਣ ਵਾਲੀ ਰੈਲੀ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿਖੇ ਹੋਣ ਵਾਲੀ ਇਹ ਰੈਲੀ ਜ਼ਿਲੇ ਦੇ ਵਿਕਾਸ ਲਈ ਵੀ ਮੀਲ ਪੱਥਰ ਸਾਬਿਤ ਹੋਵੇਗੀ ਕਿਉਂਕਿ ਇਸ ਰੈਲੀ ਵਿਚ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲੇ ਲਈ ਅਨੇਕਾਂ ਅਹਿਮ ਐਲਾਨ ਵੀ ਕੀਤੇ ਜਾਣਗੇ।

ਰਮਨ ਬਹਿਲ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਵੱਲੋਂ ਲਏ ਗਏ ਲੋਕ ਪੱਖੀ ਫੈਸਲੇਆਂ ਤੋਂ ਭਾਰੀ ਖੁਸ਼ ਹਨ ਜਿਨ੍ਹਾਂ ਵਿੱਚ ਮੁਫ਼ਤ ਬਿਜ਼ਲੀ, ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ, ਆਮ ਆਦਮੀ ਕਲੀਨਿਕ, ਸਕੂਲ ਆਫ ਐਮੀਨੈਂਸ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਆਪ ਕਨਵੀਨਰ ਭਗਵੰਤ ਮਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਰੈਲੀ ਦਾ ਪ੍ਰਭਾਵ ਪੂਰੇ ਮਾਝੇ ਖੇਤਰ ਵਿੱਚ ਪਵੇਗਾ ਅਤੇ ਮਾਝੇ ਅੰਦਰ ਆਮ ਆਦਮੀ ਪਾਰਟੀ ਦਾ ਕੱਦ ਹੋਰ ਵੱਡਾ ਹੋਵੇਗਾ। ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 2 ਦਸੰਬਰ ਨੂੰ ਹੁੰਮ-ਹੁਮਾਕੇ ਉਕਤਰੈਲੀ ਵਿਚ ਸ਼ਮੂਲੀਅਤ ਕਰਨ।

Written By
The Punjab Wire