Close

Recent Posts

ਪੰਜਾਬ

ਰਾਜ ਪੱਧਰੀ ਸਮਾਗਮ ਦੌਰਾਨ ਸਵੈ-ਇੱਛੁਕ ਖੂਨਦਾਨੀਆਂ ਨੂੰ ਕੀਤਾ ਸਨਮਾਨਤ

ਰਾਜ ਪੱਧਰੀ ਸਮਾਗਮ ਦੌਰਾਨ ਸਵੈ-ਇੱਛੁਕ ਖੂਨਦਾਨੀਆਂ ਨੂੰ ਕੀਤਾ ਸਨਮਾਨਤ
  • PublishedOctober 1, 2023

99 ਫ਼ੀਸਦੀ ਖੂਨਦਾਨੀਆਂ ਵੱਲੋਂ ਸਵੈ ਇੱਛਾ ਨਾਲ ਕੀਤਾ ਜਾ ਰਿਹਾ ਹੈ ਖੂਨਦਾਨ

ਪੰਜਾਬ ਰਾਜ ਨੂੰ ਜਲਦ ਬਣਾਇਆ ਜਾਵੇਗਾ ਥੈਲੀਸੀਮਿਆ ਮੁਕਤ :  ਡਾ. ਬਲਬੀਰ ਸਿੰਘ

ਪਟਿਆਲਾ 01 ਅਕਤੂਬਰ 2023 (ਦੀ ਪੰਜਾਬ ਵਾਇਰ)। ਸਵੈ ਇੱਛੁਕ ਖੂਨਦਾਨ ਕਰਨ ਅਤੇ ਖੂਨਦਾਨ ਇਕੱਠਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਸਨਮਾਨਤ ਕਰਨ ਲਈ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਰਾਸ਼ਟਰੀ ਸਵੈ ਇੱਛੁਕ ਖੂਨਦਾਨ ਦਿਵਸ ਦਾ ਰਾਜ ਪੱਧਰੀ ਸਮਾਗਮ ਅੱਜ ਲਕਸ਼ਮੀ ਫਾਰਮ ਵਿੱਚ ਕੀਤਾ ਗਿਆ। ਜਿਸ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਮੁੱਖ ਮਹਿਮਾਨ ਵੱਜੋ ਸ਼ਾਮਲ ਹੋਏ।

ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਨੁੱਖੀ ਖੂਨ ਦਾ ਕੋਈ ਬਦਲ ਨਹੀਂ। ਬਹੁਤ ਸਾਰੇ ਲੋਕ ਜੋ ਗੁਪਤਦਾਨ ਵਿੱਚ ਵਿਸ਼ਵਾਸ ਰੱਖਦੇ ਹਨ ਇਨ੍ਹਾਂ ਦਾਨੀਆਂ ਲਈ ਖੂਨਦਾਨ ਅਜਿਹਾ ਦਾਨ ਹੈ ਜੋ ਬਿਨਾਂ ਆਪਣੀ ਪਛਾਣ ਦੱਸੇ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਕੇ ਅਸੀਂ ਸਹੀ ਅਰਥਾਂ ਵਿੱਚ ਸਮਾਜ ਅਤੇ ਮਾਨਵਤਾ ਦੀ ਸੇਵਾ ਕਰ ਰਹੇ ਹਾਂ। ਹੁਣ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਲਗਭਗ 99 ਫ਼ੀਸਦੀ ਖੂਨਦਾਨੀ ਸਵੈ ਇੱਛੁਕ ਤੌਰ ਤੇ ਖੂਨਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਾਲ 2022—23 ਦੌਰਾਨ ਸਰਕਾਰੀ ਤੇ ਲਾਇਸੈਂਸ—ਸ਼ੁਦਾ ਪ੍ਰਾਈਵੇਟ ਬਲੱਡ ਸੈਂਟਰਾਂ ਵਿੱਚ ਲਗਭਗ 3 ਲੱਖ 60 ਹਜ਼ਾਰ ਯੂਨਿਟ ਖੂਨ ਇਕੱਠਾ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰੀ ਤੇ ਲਾਇਸੈਂਸ—ਸ਼ੁਦਾ ਪ੍ਰਾਈਵੇਟ ਬਲੱਡ ਸੈਂਟਰਾਂ ਵਿੱਚ ਪ੍ਰਮੁੱਖ ਪੰਜ ਬਿਮਾਰੀਆਂ ਦੀ ਜਾਂਚ ਤੋਂ ਬਾਅਦ ਹੀ ਖੂਨ ਚੜ੍ਹਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜਲਦ ਹੀ ਥੈਲਾਸੀਮਿਆ ਬਿਮਾਰੀ ਤੋਂ ਮੁਕਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਿਸ ਲਈ ਟੈਸਟਿੰਗ, ਕਾਊਂਸਲਿੰਗ ਅਤੇ ਜਾਗਰੂਕਤਾ ਵਧਾਉਣ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਕੋਈ ਵੀ 18 ਤੋਂ 65 ਸਾਲ ਦਾ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ । ਇੱਕ ਤੰਦਰੁਸਤ ਮਰਦ ਹਰ ਤਿੰਨ ਅਤੇ ਔਰਤ ਚਾਰ ਮਹੀਨੇ ਬਾਅਦ ਖੂਨਦਾਨ ਕਰ ਸਕਦੀ ਹੈ। ਖੂਨਦਾਨ ਕਰਨ ਨਾਲ ਸਿਹਤ ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਖੂਨਦਾਨ ਕਰਨ ਤੋਂ ਤੁਰੰਤ ਮਗਰੋਂ ਸਰੀਰ ਵਿੱਚ ਇਸ ਦੀ ਪੂਰਤੀ ਆਰੰਭ ਹੋ ਜਾਂਦੀ ਹੈ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵੱਲੋਂ ਪੰਜਾਬ ਸਟੇਟ ਬਲੱਡ ਟਰਾਂਸਫਿਊਜਨ ਕੌਂਸਲ ਵੱਲੋਂ ਤਿਆਰ ਕੀਤਾ ਸੋਵੀਨਰ ਅਤੇ ਸੁਰਿੰਦਰ ਸਿੰਘ ਸਹਾਇਕ ਡਾਇਰੈਕਟਰ ਪੀ.ਐਸ.ਬੀ.ਟੀ.ਸੀ. ਵੱਲੋਂ ਲਿਖੀ ਪੁਸਤਕ “ਖੂਨ, ਖੂਨਦਾਨ, ਖੂਨਦਾਨੀ” ਨੂੰ ਰਿਲੀਜ਼ ਕੀਤਾ ਗਿਆ ਅਤੇ ਸਮਾਗਮ ਦੌਰਾਨ ਸਿਹਤ ਮੰਤਰੀ ਵੱਲੋਂ 12 ਸਵੈ—ਇੱਛਾ ਨਾਲ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਜਿਨ੍ਹਾਂ ਨੇ ਪਿਛਲੇ ਸਾਲ 2000 ਤੋਂ ਵੱਧ ਬਲੱਡ ਯੂਨਿਟਾਂ ਦਾ ਪ੍ਰਬੰਧ ਕਰਕੇ ਵੱਖ ਵੱਖ ਬਲੱਡ ਸੈਂਟਰਾਂ ਨੂੰ ਦਿੱਤਾ ਹੈ, 100 ਤੋਂ ਵੱਧ ਵਾਰ ਖੂਨਦਾਨ ਕਰ ਚੁੱਕੇ 16 ਪੁਰਸ਼ ਖੂਨਦਾਨੀਆਂ ਅਤੇ 20 ਤੋਂ ਵੱਧ ਵਾਰ ਖੂਨਦਾਨ ਕਰ ਚੁੱਕੀਆਂ 10 ਮਹਿਲਾ ਖੂਨਦਾਨੀਆਂ, ਕਪਲ ਡੋਨਰ, ਫੈਮਲੀ ਡੋਨਰ ਅਤੇ ਸਪੈਸ਼ਲੀ ਏ ਬਲੱਡ ਡੋਨਰ ਨੂੰ ਸਨਮਾਨਿਤ ਕੀਤਾ ਗਿਆ।

ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਮੈਡੀਕਲ ਕਾਲਜ ਪਟਿਆਲਾ ਦੇ ਨਾਲ ਨਾਲ ਮੈਡੀਕਲ ਕਾਲਜ ਫ਼ਰੀਦਕੋਟ ਅਤੇ ਅੰਮ੍ਰਿਤਸਰ ਸਾਹਿਬ ਦੇ ਬਲੱਡ ਸੈਂਟਰਾਂ ਅਤੇ ਸਰਕਾਰੀ ਬਲੱਡ ਸੈਂਟਰ ਸ਼੍ਰੀ ਅਨੰਦਪੁਰ ਸਾਹਿਬ, ਫ਼ਾਜ਼ਿਲਕਾ, ਅਬੋਹਰ ਅਤੇ ਸਰਕਾਰੀ ਬਲੱਡ ਕੰਪੋਨੈਂਟ ਸੈਪਰੇਸ਼ਨ ਯੂਨਿਟ—ਲੁਧਿਆਣਾ, ਰੋਪੜ  ਤੇ ਜਲੰਧਰ ਨੂੰ ਵੀ ਸਨਮਾਨਿਤ ਕੀਤਾ ਗਿਆ। ਪੁਰਸ਼ ਖੂਨਦਾਨੀਆਂ ਵਿੱਚੋਂ ਸ਼੍ਰੀ ਕਸ਼ਮੀਰਾ ਬੰਗਾ ਨਿਵਾਸੀ ਜ਼ਿਲ੍ਹਾ ਜਲੰਧਰ ਨੂੰ 210 ਵਾਰ ਖੂਨਦਾਨ ਕਰਕੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਅਤੇ ਮਹਿਲਾ ਖੂਨਦਾਨੀਆਂ ਵਿੱਚੋਂ ਨੀਰਜਾ ਮੇਅਰ ਜ਼ਿਲ੍ਹਾ ਜਲੰਧਰ ਨੂੰ 75 ਵਾਰ ਖੂਨਦਾਨ ਕਰਕੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸਨਮਾਨ ਕੀਤਾ ਗਿਆ।

ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸ਼੍ਰੀ ਵਿਵੇਕ ਪ੍ਰਤਾਪ ਸਿੰਘ, ਸਪੈਸ਼ਲ ਸਕੱਤਰ ਸਿਹਤ ਤੇ ਪ੍ਰੋਜੈਕਟ ਡਾਇਰੈਕਟਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਤੇ ਡਾਇਰੈਕਟਰ, ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਡਾ. ਅਡੱਪਾ ਕਾਰਤਿਕ, ਆਈ.ਏ.ਐਸ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ.ਆਦਰਸ਼ਪਾਲ ਕੌਰ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ.ਹਤਿੰਦਰ ਕੌਰ, ਸਿਵਲ ਸਰਜਨ ਪਟਿਆਲਾ ਡਾ. ਰਮਿੰਦਰ ਕੌਰ, ਅਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ. ਬੌਬੀ ਗੁਲਾਟੀ, ਜੁਆਇੰਟ ਡਾਇਰੈਕਟਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਡਾ. ਸੁਨੀਤਾ ਅਤੇ ਡਾ. ਮੀਨੂੰ ਸਮੇਤ ਹੋਰ ਸਟਾਫ਼ ਮੌਜੂਦ ਸਨ।

Written By
The Punjab Wire