ਪੰਜਾਬ

ਸੂਬੇ ਦੇ ਪਹਿਲੇ ਸਭ ਤੋਂ ਵੱਡੇ ਸਾਈਕਲੋਥਾਨ ਈਵੈਂਟ ’ਚ ਹੁਸ਼ਿਆਰਪੁਰ ਵਾਸੀਆਂ ਨੇ ਦਿਖਾਇਆ ਭਾਰੀ ਉਤਸ਼ਾਹ

ਸੂਬੇ ਦੇ ਪਹਿਲੇ ਸਭ ਤੋਂ ਵੱਡੇ ਸਾਈਕਲੋਥਾਨ ਈਵੈਂਟ ’ਚ ਹੁਸ਼ਿਆਰਪੁਰ ਵਾਸੀਆਂ ਨੇ ਦਿਖਾਇਆ ਭਾਰੀ ਉਤਸ਼ਾਹ
  • PublishedOctober 1, 2023

‘ਸਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਜੂਨੀਅਰ’ ’ਚ 3 ਹਜ਼ਾਰ ਸਾਈਕਲਿਸਟਾਂ ਨੇ ਲਿਆ ਹਿੱਸਾ

ਕੈਬਿਨੇਟ ਮੰਤਰੀ ਜਿੰਪਾ ਅਤੇ ਈਵੈਂਟ ਬ੍ਰਾਂਡ ਅੰਬੈਸਡਰ ਰਾਵੀ ਬਦੀਸ਼ਾ ਨੇ ਸਾਈਕਲੋਥਾਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਮੇਅਰ ਸੁਰਿੰਦਰ ਕੁਮਾਰ, ਐਸ.ਐਸ.ਪੀ ਸਰਤਾਜ ਸਿੰਘ ਚਾਹਲ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਪਰਮਜੀਤ ਸਿੰਘ ਸਚਦੇਵਾ ਅਤੇ ਹੋਰ ਪਤਵੰਤਿਆਂ ਨੇ ਵੀ ਕੀਤੀ ਸ਼ਿਰਕਤ

 ਹੁਸ਼ਿਆਰਪੁਰ, 01 ਅਕਤੂਬਰ 2023 (ਦੀ ਪੰਜਾਬ ਵਾਇਰ)। ਫਿਟ ਬਾਈਕਰਜ਼ ਕਲੱਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਸੂਬੇ ਦੇ ਸਭ ਤੋਂ ਵੱਡੇ ਸਾਈਕਲੋਥਾਨ ਈਵੈਂਟ ‘ਸਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਜੂਨੀਅਰ’ ਵਿੱਚ ਹੁਸ਼ਿਆਰਪੁਰ ਦੇ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ। ‘ਪਲਾਸਟਿਕ ਮੁਕਤ ਹੁਸ਼ਿਆਰਪੁਰ’ ਅਤੇ ‘ਨਸ਼ਾ ਮੁਕਤ ਪੰਜਾਬ’ ਦੇ ਵਿਸ਼ੇ ’ਤੇ ਲਾਜਵੰਤੀ ਸਟੇਡੀਅਮ ਵਿਖੇ ਕਰਵਾਈ ਗਈ ਇਸ ਸਾਈਕਲੋਥਾਨ ਵਿੱਚ ਹੁਸ਼ਿਆਰਪੁਰ ਦੇ ਕਰੀਬ 3000 ਪ੍ਰਤੀਯੋਗੀਆਂ ਨੇ ਹਿੱਸਾ ਲਿਆ।

ਸਭ ਤੋਂ ਪਹਿਲਾਂ ਇਸ ਸਾਈਕਲੋਥਾਨ ਨੂੰ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜ਼ਿੰਪਾ ਅਤੇ ਇਸ ਈਵੈਂਟ ਦੇ ਬ੍ਰਾਂਡ ਅੰਬੈਸਡਰ ਰਾਵੀ ਬਦੀਸ਼ਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਾਢੇ ਅੱਠ ਸਾਲ ਦੇ ਰਾਵੀ ਬਦੀਸ਼ਾ ਨੇ 63 ਦਿਨਾਂ ਵਿੱਚ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ 4700 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ। ਇਸ ਤੋਂ ਇਲਾਵਾ ਰਾਵੀ ਦੇਸ਼ ਦਾ ਉਹ ਨੌਜਵਾਨ ਸਾਈਕਲਿਸਟ ਹੈ, ਜਿਸ ਨੇ 800 ਕਿਲੋਮੀਟਰ ਲੰਬਾ ਸਪਿਤੀ ਸਰਕਟ 20 ਦਿਨਾਂ ਵਿੱਚ ਪੂਰਾ ਕੀਤਾ ਹੈ। ਇਸ ਮੌਕੇ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਮੇਅਰ ਸੁਰਿੰਦਰ ਕੁਮਾਰ, ਐਸ.ਐਸ.ਪੀ ਸਰਤਾਜ ਸਿੰਘ ਚਾਹਲ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਪਰਮਜੀਤ ਸਿੰਘ ਸਚਦੇਵਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਸਾਈਕਲੋਥਾਨ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ‘ਪਲਾਸਟਿਕ ਫਰੀ ਹੁਸ਼ਿਆਰਪੁਰ’ ਅਤੇ ‘ਨਸ਼ਾ ਮੁਕਤ ਪੰਜਾਬ’ ਦੇ ਵਿਸ਼ੇ ’ਤੇ ਕਰਵਾਏ ਗਏ ਇਸ ਸਮਾਗਮ ਵਿੱਚ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਦਿਸ਼ਾ ਵਿੱਚ ਅੱਗੇ ਵਧਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਲਈ ਅਜਿਹੇ ਸਮਾਗਮ ਸਮੇਂ ਦੀ ਮੁੱਖ ਲੋੜ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਫਿੱਟ ਬਾਈਕਰਜ਼ ਕਲੱਬ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਸਮਾਗਮ ਦੀ ਸਫ਼ਲਤਾ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੀ ਰਾਸ਼ਟਰੀ ਪੱਧਰ ’ਤੇ ਪਛਾਣ ਬਣੇਗੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਕਿਉਂਕਿ ਜਦੋਂ ਨੌਜਵਾਨ ਤੰਦਰੁਸਤ ਹੋਣਗੇ ਤਾਂ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ‘ਰੰਗਲੇ ਪੰਜਾਬ’ ਦਾ ਸੁਪਨਾ ਸਾਕਾਰ ਹੋਵੇਗਾ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਕਿਹਾ।

ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਫਿੱਟ ਬਾਈਕਰਜ਼ ਕਲੱਬ ਵੱਲੋਂ ਕਰਵਾਏ ਗਏ ਇਸ ਸਮਾਗਮ ਦਾ ਮੁੱਖ ਮੰਤਵ ਹਰ ਵਿਅਕਤੀ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਜਿਥੇ ਸਿਹਤ ਲਈ ਜ਼ਰੂਰੀ ਹਨ, ਉਥੇ ਸਵੇਰ ਦੀ ਸੈਰ ਕਈ ਬਿਮਾਰੀਆਂ ਤੋਂ ਵੀ ਦੂਰ ਰੱਖਦੀ ਹੈ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਇਸ ਸਾਈਕਲਿੰਗ ਈਵੈਂਟ ਵਿਚ ਸਾਰੇ ਵਰਗਾਂ ਨੇ ਭਾਰੀ ਉਤਸ਼ਾਹ ਦਿਖਾਇਆ ਹੈ, ਪਲਾਸਟਿਕ ਮੁਕਤ ਹੋਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਲਈ ਕਰਵਾਇਆ ਗਿਆ ਇਹ ਸਮਾਗਮ ਸਾਈਕਲਿੰਗ ਦੇ ਖੇਤਰ ਨੂੰ ਵੀ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਬਜ਼ੁਰਗਾਂ ਵੱਲੋਂ ਦਿਖਾਇਆ ਗਿਆ ਉਤਸ਼ਾਹ ਸਾਬਤ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੁਸ਼ਿਆਰਪੁਰ ਸਾਈਕਲਿੰਗ ਹੱਬ ਵਜੋਂ ਵਿਕਸਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਮੰਤਵ ਹੁਸ਼ਿਆਰਪੁਰ ਵਾਸੀਆਂ ਨੂੰ ਸਾਫ਼-ਸਫ਼ਾਈ ਰੱਖਣ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਜਾਗਰੂਕ ਕਰਨਾ ਹੈ।

ਫਿੱਟ ਬਾਈਕਰਜ਼ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਸਾਈਕਲੋਥਾਨ ਵਿੱਚ ਸਹਿਯੋਗ ਲਈ ਜ਼ਿਲ੍ਹਾ ਪ੍ਰਸ਼ਾਸਨ, ਸੋਨਾਲੀਕਾ, ਜੀ ਐਨ ਏ ਯੂਨੀਵਰਸਿਟੀ, ਸਿਵਲ ਡਿਫੈਂਸ, ਬਾਲ ਬਾਲ ਸੇਵਾ ਸੰਸਥਾ, ਐਸ.ਬੀ.ਐਸ.ਡੀ. ਵੈਲਫੇਅਰ ਸੁਸਾਇਟੀ, ਐਚ ਐਨ ਏ ਯੂਨੀਵਰਸਿਟੀ ਦੇ ਐਨ ਐਸ ਐਸ ਵਾਲੰਟੀਅਰਾਂ ਅਤੇ ਹੋਰ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਈਕਲੋਥਾਨ ਦਾ ਮੁੱਖ ਉਦੇਸ਼ ਰਾਸ਼ਟਰੀ ਪੱਧਰ ’ਤੇ ਧਿਆਨ ਦਿਵਾਉਣਾ ਹੈ ਕਿ ਹੁਸ਼ਿਆਰਪੁਰ ਜ਼ਿਲ੍ਹਾ ਸਾਈਕਲਿੰਗ ਹੱਬ ਵਜੋਂ ਵਿਕਸਤ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਦੋ ਕੈਟਾਗਰੀਆਂ ਬਣਾਈਆਂ ਗਈਆਂ ਸਨ, ਜਿਸ ਵਿੱਚ ਇੱਕ ਕੈਟਾਗਰੀ ਵਿੱਚ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੇ ਭਾਗ ਲਿਆ ਅਤੇ ਦੂਜੇ ਕੈਟਾਗਰੀ ਵਿੱਚ 10 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੇ 4 ਕਿਲੋਮੀਟਰ ਅਤੇ ਇਸ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੇ 15 ਕਿਲੋਮੀਟਰ ਸਾਈਕਲ ਚਲਾਇਆ। ਫਿਟ ਬਾਈਕਰਜ਼ ਕਲੱਬ ਵੱਲੋਂ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ, ਟੀ-ਸ਼ਰਟਾਂ, ਸਰਟੀਫਿਕੇਟ ਅਤੇ ਮੈਡਲ ਵੀ ਦਿੱਤੇ ਗਏ।

 ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਹਾਇਕ ਕਮਿਸ਼ਨਰ (ਜਨਰਲ) ਵਿਓਮ ਭਾਰਦਵਾਜ, ਜ਼ਿਲ੍ਹਾ ਵਿਕਾਸ ਫੈਲੋ ਜ਼ੋਇਆ ਸਦੀਕੀ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ, ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ,  ਮੁਨੀਰ ਨਾਜ਼ਰ, ਉੱਤਮ ਸਾਬੀ, ਹਰਕ੍ਰਿਸ਼ਨ ਕਜਲਾ, ਮਨੀ ਗੋਗੀਆ, ਅਮਰਿੰਦਰ ਸੈਣੀ, ਗੁਰਮੇਲ ਸਿੰਘ, ਤਰਲੋਚਨ ਸਿੰਘ, ਕੁਮਾਰ ਕੇਸ਼ਵ, ਸੰਦੀਪ ਸੂਦ, ਓਂਕਾਰ ਸਿੰਘ, ਗੁਰਵਿੰਦਰ ਸਿੰਘ, ਸੰਜੀਵ ਸੋਹਲ, ਸੌਰਭ ਸ਼ਰਮਾ, ਰੋਹਿਤ ਬੱਸੀ, ਨੀਰਜ ਚਾਵਲਾ, ਸ਼ਿਵਾਂਜਲੀ ਸ਼ਰਮਾ, ਡਿੰਪੀ ਸਚਦੇਵਾ , ਰੋਹਿਤ ਭੱਲਾ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।

Written By
The Punjab Wire