ਕ੍ਰਾਇਮ ਦੇਸ਼ ਪੰਜਾਬ ਮੁੱਖ ਖ਼ਬਰ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਅਤੇ ਉਸਦਾ ਪਤੀ ਗ੍ਰਿਫਤਾਰ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਅਤੇ ਉਸਦਾ ਪਤੀ ਗ੍ਰਿਫਤਾਰ
  • PublishedSeptember 18, 2023

ਗਹਿਰੀ ਨੇ ਆਪਣੀ ਜਾਇਦਾਦ ਨਾਲੋਂ 171.68% ਵੱਧ ਆਮਦਨ ਇਕੱਠੀ ਕੀਤੀ

ਚੰਡੀਗੜ੍ਹ, 18 ਸਤੰਬਰ 2023 (ਦੀ ਪੰਜਾਬ ਵਾਇਰ) । ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਅਤੇ ਉਨ੍ਹਾਂ ਦੇ ਪਤੀ ਜਸਮੇਲ ਸਿੰਘ ਗਹਿਰੀ ਵਾਸੀ ਪਿੰਡ ਸ਼ਕੂਰ, ਜਿਲਾ ਫਿਰੋਜ਼ਪੁਰ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਜਾਂਚ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਾਬਕਾ ਵਿਧਾਇਕਾ ਨੇ ਆਪਣੇ ਪਤੀ ਦੀ ਮਿਲੀਭੁਗਤ ਨਾਲ ਵਿਧਾਨ ਸਭਾ ਦੇ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਆਮਦਨੀ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕੀਤੀ। ਉਨਾਂ ਅੱਗੇ ਦੱਸਿਆ ਕਿ ਇਸ ਜਾਂਚ ਲਈ ਮਿਥੀ ਮਿਆਦ ਦੇ ਦੌਰਾਨ, ਸਾਰੇ ਸਰੋਤਾਂ ਤੋਂ ਉਸਦੀ ਕੁੱਲ ਆਮਦਨ 1,65,34,053 ਰੁਪਏ ਸੀ, ਜਦੋਂ ਕਿ ਉਸੇ ਸਮੇਂ ਦੌਰਾਨ ਉਸਦੇ ਕੁੱਲ ਖਰਚੇ 4,49,19,831 ਰੁਪਏ ਸਨ। ਸਿੱਟੇ ਵਜੋਂ, ਉਹਨਾਂ ਨੇ 2,83,85,778.41 ਰੁਪਏ ਵੱਧ ਖਰਚੇ, ਜੋ ਕਿ 171.68% ਫੀਸਦ ਵਜੋਂ ਅਸਪਸ਼ਟ ਵਾਧੇ ਨੂੰ ਦਰਸਾਉਂਦਾ ਹੈ।

ਬੁਲਾਰੇ ਨੇ ਇਹ ਵੀ ਦੱਸਿਆ ਕਿ ਦੋਵਾਂ ਵਿਅਕਤੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਤੇ 13(ਬੀ) ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 120-ਬੀ ਤਹਿਤ ਫਿਰੋਜ਼ਪੁਰ ਦੇ ਵਿਜੀਲੈਂਸ ਬਿਊਰੋ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Written By
The Punjab Wire