ਪੰਗੂੜੇ ਵਿੱਚ ਬੱਚਾ ਰੱਖਣਾ ਪੂਰੀ ਤਰਾਂ ਸੁਰੱਖਿਅਤ ਅਤੇ ਉਸ ਬੱਚੇ ਦੀ ਸੰਭਾਲ ਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਦੀ – ਡਿਪਟੀ ਕਮਿਸ਼ਨਰ
ਗੁਰਦਾਸਪੁਰ, 18 ਸਤੰਬਰ 2023 (ਦੀ ਪੰਜਾਬ ਵਾਇਰ )। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਲ ਭਵਨ ਗੁਰਦਾਸਪੁਰ ਦੇ ਸਾਹਮਣੇ ਅਤੇ ਸਿਵਲ ਹਸਪਤਾਲ ਬਟਾਲਾ ਦੇ ਗੇਟ ’ਤੇ ਸਥਾਪਤ ਕੀਤੇ ਗਏ ‘ਪੰਘੂੜੇ’ ਅਣਚਾਹੇ/ਲਵਾਰਿਸ ਨਵਜਾਤ ਬੱਚਿਆਂ ਨੂੰ ਜ਼ਿੰਦਗੀ ਦੇਣ ਲਈ ਪੂਰੀ ਤਰਾਂ ਤਿਆਰ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਕੁਝ ਮਹੀਨੇ ਪਹਿਲਾਂ ‘ਕਿਲਕਾਰੀ’ ਪ੍ਰੋਜੈਕਟ ਤਹਿਤ ਗੁਰਦਾਸਪੁਰ ਵਿਖੇ ਪੰਗੂੜੇ ਦੀ ਸ਼ੁਰੂਆਤ ਕੀਤੀ ਗਈ ਸੀ ਜਦਕਿ ਬਟਾਲਾ ਵਿਖੇ ਪਿਛਲੇ ਕੁਝ ਸਾਲ ਪਹਿਲਾਂ ਪੰਘੂੜਾ ਸਥਾਪਤ ਕੀਤਾ ਗਿਆ ਸੀ।
ਇਹ ਪੰਗੂੜੇ ਅਣਚਾਹੇ/ਲਵਾਰਿਸ ਨਵਜਾਤ ਬੱਚਿਆਂ ਲਈ ਪੂਰੀ ਤਰਾਂ ਸੁਰੱਖਿਅਤ ਹਨ ਅਤੇ ਜਿਹੜੇ ਮਾਪੇ ਆਪਣੇ ਨਵਜਾਤ ਬੱਚਿਆਂ ਨੂੰ ਪਾਲਣ ਵਿੱਚ ਅਸਮਰੱਥ ਹਨ, ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਪੰਗੂੜਿਆਂ ਵਿੱਚ ਪਾ ਕੇ ਜਾ ਸਕਦੇ ਹਨ। ਇਹ ਪੰਗੂੜੇ ਅਜਿਹੀ ਥਾਂ ’ਤੇ ਲਗਾਏ ਗਏ ਹਨ ਜਿਥੇ ਆਸ-ਪਾਸ ਕੋਈ ਨਹੀਂ ਹੈ ਅਤੇ ਬੜੀ ਅਸਾਨੀ ਨਾਲ ਕੋਈ ਵੀ ਵਿਅਕਤੀ ਬੱਚੇ ਨੂੰ ਪੰਗੂੜੇ ਵਿੱਚ ਪਾ ਕੇ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਬੱਚੇ ਪੰਘੂੜੇ ਵਿੱਚ ਆਉਣਗੇ ਤਾਂ ਬੱਚੇ ਦੇ ਭਾਰ ਨਾਲ ਇੱਕ ਬਟਨ ਪ੍ਰੈੱਸ ਹੋਵੇਗਾ ਜਿਸ ਨਾਲ ਕਰਮਚਾਰੀਆਂ ਨੂੰ ਬੱਚੇ ਦੀ ਆਮਦ ਦਾ ਪਤਾ ਲੱਗ ਜਾਵੇਗਾ। ਉਸ ਤੋਂ ਤੁਰੰਤ ਬਾਅਦ ਕਰਮਚਾਰੀਆਂ ਵੱਲੋਂ ਉਸ ਬੱਚੇ ਨੂੰ ਪ੍ਰਾਪਤ ਕਰ ਲਿਆ ਜਾਵੇਗਾ ਅਤੇ ਉਸਦੀ ਸੰਭਾਲ ਲਈ ਉਸੇ ਸਮੇਂ ਚਾਰਾਜੋਈ ਸ਼ੁਰੂ ਕਰ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦਾ ਕਹਿਣਾ ਹੈ ਕਿ ਇਹ ਪੰਘੂੜੇ ਅਣਚਾਹੇ, ਲਵਾਰਿਸ ਨਵਜਾਤ ਬੱਚਿਆਂ ਲਈ ਜ਼ਿੰਦਗੀ ਦੀ ਨਵੀਂ ਕਿਰਨ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਹ ਪੰਘੂੜੇ ਲਗਾਉਣ ਦਾ ਮਕਸਦ ਅਣਚਾਹੇ/ਲਵਾਰਿਸ ਬੱਚਿਆਂ ਨੂੰ ਜੀਵਨ ਦੇਣਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਡੇ ਸਮਾਜ ਵਿੱਚ ਲੜਕੇ/ਲੜਕੀ ਦਾ ਵਿਤਕਰਾ ਪੂਰੀ ਤਰਾਂ ਖਤਮ ਹੋ ਜਾਵੇ ਅਤੇ ਜਨਮ ਲੈਣ ਵਾਲੇ ਹਰ ਬੱਚੇ ਨੂੰ ਆਪਣੇ ਮਾਂ-ਬਾਪ ਦਾ ਪਿਆਰ ਮਿਲੇ, ਪਰ ਫਿਰ ਵੀ ਜੇਕਰ ਕੋਈ ਵਿਅਕਤੀ/ਮਾਂ-ਬਾਪ ਆਪਣੇ ਨਵਜਾਤ ਬੱਚੇ ਨੂੰ ਰੱਖਣਾ ਨਹੀਂ ਚਾਹੁੰਦਾ ਤਾਂ ਉਹ ਬੱਚੇ ਨੂੰ ਏਧਰ-ਓਧਰ ਸੁੱਟਣ ਜਾਂ ਮਾਰਨ ਦੀ ਬਜਾਏ ਜ਼ਿਲ੍ਹਾ ਪ੍ਰਸ਼ਾਸਨ ਦੇ ਇਨ੍ਹਾਂ ਪੰਗੂੜਿਆਂ ਵਿੱਚ ਉਸ ਬੱਚੇ ਨੂੰ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਸ ਬੱਚੇ ਦੀ ਪਰਵਰਿਸ਼ ਦੀ ਜਿੰਮੇਵਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਇਸ ਤਰਾਂ ਬਹੁਤ ਸਾਰੇ ਸਮਾਜ ਸੇਵੀ ‘ਪੰਗੂੜੇ’ ਵਿੱਚ ਆਉਣ ਵਾਲੇ ਬੱਚਿਆਂ ਦੀ ਪਰਵਰਿਸ਼ ਦੀ ਜਿੰਮੇਵਾਰੀ ਲੈਣ ਲਈ ਤਿਆਰ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵੀ ਅਜਿਹੇ ਬੱਚਿਆਂ ਦੀ ਪਰਵਰਿਸ਼ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।