ਪੰਜਾਬ ਮੁੱਖ ਖ਼ਬਰ

ਆਜ਼ਾਦੀ ਦਿਵਸ ਦੇ ਜਸ਼ਨਾਂ ਤੋਂ ਬਾਅਦ ਪੰਜਾਬ ਰਾਜ ਭਵਨ ਵਿਖੇ ਕਰਵਾਇਆ ‘ਐਟ ਹੋਮ’ ਸਮਾਰੋਹ

ਆਜ਼ਾਦੀ ਦਿਵਸ ਦੇ ਜਸ਼ਨਾਂ ਤੋਂ ਬਾਅਦ ਪੰਜਾਬ ਰਾਜ ਭਵਨ ਵਿਖੇ ਕਰਵਾਇਆ ‘ਐਟ ਹੋਮ’ ਸਮਾਰੋਹ
  • PublishedAugust 15, 2023

ਚੰਡੀਗੜ੍ਹ, 15 ਅਗਸਤ 2023 (ਦੀ ਪੰਜਾਬ ਵਾਇਰ)। ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਆਜ਼ਾਦੀ ਦਿਵਸ ਸਮਾਰੋਹ ਤੋਂ ਬਾਅਦ ‘ਐਟ ਹੋਮ’ ਸਮਾਰੋਹ ਦੀ ਮੇਜ਼ਬਾਨੀ ਕੀਤੀ ਗਈ।

ਅੱਜ ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ‘ਤੇ ਪੰਜਾਬ ਰਾਜ ਭਵਨ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ। ਸਮਾਹੋਰ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਉੱਘੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਨੈਸ਼ਨਲ ਐਵਾਰਡੀਆਂ, ਨਾਮਵਰ ਖਿਡਾਰੀਆਂ ਅਤੇ ਦਿਵਿਆਂਗਜਨਾਂ ਦੀ ਭਰਵੀਂ ਹਾਜ਼ਰੀ ਦੇਖਣ ਨੂੰ ਮਿਲੀ।

ਰਾਜਪਾਲ ਨੇ ਹਾਜ਼ਰੀਨਾਂ ਦਾ ਸੁਆਗਤ ਕੀਤਾ ਅਤੇ ਸਾਰਿਆਂ ਨਾਲ ਖੁਸ਼ੀ ਦੇ ਪਲ ਸਾਂਝੇ ਕੀਤੇ।

ਸ਼ਾਮ 5.00 ਵਜੇ ਰਾਜਪਾਲ ਦੇ ਸ੍ਰੀ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਪਹੁੰਚਣ ਦੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਪੁਲਿਸ ਬੈਂਡ ਵੱਲੋਂ ਉਨ੍ਹਾਂ ਦਾ ਰਸਮੀ ਸੁਆਗਤ ਕੀਤਾ ਗਿਆ ਜਿਸ ਤੋਂ ਬਾਅਦ ਉੱਤਰੀ ਜ਼ੋਨ ਕਲਚਰਲ ਸੈਂਟਰ ਦੇ ਕਲਾਕਾਰਾਂ ਦੁਆਰਾ ਦੇਸ਼ ਭਗਤੀ ਦੇ ਗੀਤਾਂ ਅਤੇ ਡਾਂਸਾਂ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ।

ਹਾਜ਼ਰ ਮਹਿਮਾਨਾਂ ਨੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਗੱਲਬਾਤ ਕੀਤੀ, ਜੋ ਦੇਸ਼ਵਾਸੀਆਂ ਨੂੰ ਆਪਸ ਵਿੱਚ ਜੋੜ ਕੇ ਰੱਖਣ ਵਾਲੀਆਂ ਵਿਭਿੰਨਤਾਵਾਂ ਅਤੇ ਸਾਂਝੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ ।

ਇਸ ਸਮਾਰੋਹ ਨੇ ਹਾਜ਼ਰੀਨਾਂ ਨੂੰ ਦੇਸ਼ ਦੀ ਆਜ਼ਾਦੀ ਦੇ ਸਫ਼ਰ ਅਤੇ ਇਸਦੀ ਤਰੱਕੀ ਨੂੰ ਦਰਸਾਉਂਦਿਆਂ ਆਪਸੀ ਮੇਲ-ਮਿਲਾਪ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਇੱਕ ਮੰਚ ‘ਤੇ ਇਕੱਠੇ ਹੋਣ ਦਾ ਮੌਕਾ ਪ੍ਰਦਾਨ ਕੀਤਾ।

ਦੇਸ਼ ਦੇ ਉੱਜਵਲ ਭਵਿੱਖ ਦੀ ਨਵੇਂ ਸਿਰਿਓਂ ਵਚਨਬੱਧਤਾ ਅਤੇ ਸਕਾਰਾਤਮਕਤਾ ਦੇ ਸੁਨੇਹੇ ਨਾਲ ਇਸ ਸਮਾਗਮ ਦੀ ਸਮਾਪਤੀ ਹੋਈ।

ਇਸ ਸਮਾਗਮ ਵਿੱਚ ਸਨਮਾਨਿਤ ਸ਼ਖ਼ਸੀਅਤਾਂ, ਸਰਕਾਰੀ ਅਧਿਕਾਰੀਆਂ, ਹਥਿਆਰਬੰਦ ਸੈਨਾਵਾਂ ਦੇ ਮੈਂਬਰਾਂ, ਸਾਬਕਾ ਸੈਨਿਕਾਂ, ਸੱਭਿਆਚਾਰਕ ਸ਼ਖਸੀਅਤਾਂ, ਡਾਕਟਰਾਂ, ਪੱਤਰਕਾਰਾਂ ਅਤੇ ਉੱਘੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ ਜਿਸ ਵਿੱਚ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਆ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਗਿਆਨ ਚੰਦ ਗੁਪਤਾ, ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ, ਚੰਡੀਗੜ੍ਹ ਦੇ ਮੇਅਰ ਸ੍ਰੀ ਅਨੂਪ ਗੁਪਤਾ, ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ, ਰਾਜਪਾਲ ਦੇ ਵਧੀਕ ਮੁੱਖ ਸਕੱਤਰ ਸ੍ਰੀ ਕੇ ਸ਼ਿਵ ਪ੍ਰਸਾਦ, ਪ੍ਰਸ਼ਾਸਕ ਯੂਟੀ ਚੰਡੀਗੜ੍ਹ ਦੇ ਸਲਾਹਕਾਰ ਸ੍ਰੀ ਧਰਮਪਾਲ, ਵਧੀਕ ਸਾਲਿਸਟਰ ਜਨਰਲ ਸ੍ਰੀ ਸਤਿਆਪਾਲ ਜੈਨ, ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ, ਡੀ.ਜੀ.ਪੀ ਚੰਡੀਗੜ੍ਹ ਸ੍ਰੀ ਪ੍ਰਵੀਰ ਰੰਜਨ ਆਦਿ ਹਾਜ਼ਰ ਸਨ ।

Written By
The Punjab Wire