ਸਿੱਖਿਆ ਪੰਜਾਬ ਮੁੱਖ ਖ਼ਬਰ

ਐਮਿਟੀ ਸਕੂਲ ਨੂੰ ਪੰਜਾਬੀ ਵਿਸ਼ਾ ਨਾ ਪੜ੍ਹਾਉਣ ਕਾਰਨ 50 ਹਜ਼ਾਰ ਰੁਪਏ ਜ਼ੁਰਮਾਨਾ: ਹਰਜੋਤ ਸਿੰਘ ਬੈਂਸ

ਐਮਿਟੀ ਸਕੂਲ ਨੂੰ ਪੰਜਾਬੀ ਵਿਸ਼ਾ ਨਾ ਪੜ੍ਹਾਉਣ ਕਾਰਨ 50 ਹਜ਼ਾਰ ਰੁਪਏ ਜ਼ੁਰਮਾਨਾ: ਹਰਜੋਤ ਸਿੰਘ ਬੈਂਸ
  • PublishedJuly 21, 2023

ਪੰਜਾਬੀ ਭਾਸ਼ਾ ਪ੍ਰਤੀ ਬੇਰੁਖ਼ੀ ਦਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਸਕੂਲ ਸਿੱਖਿਆ ਮੰਤਰੀ

ਚੰਡੀਗੜ੍ਹ, 21 ਜੁਲਾਈ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਸਕੂਲ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਐਮਿਟੀ ਇੰਟਰਨੈਸ਼ਨਲ ਸਕੂਲ, ਸੈਕਟਰ 79 ਵੱਲੋਂ ਪੰਜਾਬੀ ਭਾਸ਼ਾ ਨੂੰ ਲਾਜਮੀ ਵਿਸ਼ੇ ਵਜੋਂ ਨਹੀਂ ਪੜਾਇਆ ਜਾ ਰਹਾ ਜਿਸ ਕਾਰਨ ਇਸ ਨਿੱਜੀ ਸਕੂਲ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਬੈਂਸ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਧਿਆਨ ਵਿੱਚ ਆਇਆ ਸੀ ਕਿ ਉਕਤ ਸਕੂਲ ਵੱਲੋ ਪੰਜਾਬੀ ਭਾਸਾ ਨੂੰ ਲਾਜ਼ਮੀ ਵਿਸ਼ੇ ਵਜੋਂ ਨਹੀਂ ਪੜਾਇਆ ਜਾ ਰਿਹਾ ਸੀ ਇਸ ‘ਤੇ ਕਾਰਵਾਈ ਕਰਦਿਆਂ ਡਾਇਰੈਕਟਰ ਸਕੂਲ ਸਿੱਖਿਆ ਵੱਲੋਂ ਸਬੰਧਤ ਨਿੱਜੀ ਸਕੂਲ ਨੂੰ ਪੱਤਰ ਜਾਰੀ ਕਰਕੇ ਸੁਣਵਾਈ ਲਈ ਤਲਬ ਕੀਤਾ ਗਿਆ ਸੀ। ਸੁਣਵਾਈ ਦੌਰਾਨ ਇਹ ਸਾਹਮਣੇ ਆਇਆ ਕਿ ਪੰਜਾਬ ਸਰਕਾਰ ਵੱਲੋਂ ਨਿੱਜੀ ਸਕੂਲ ਨੂੰ ਦਿੱਤੀ ਐਨ.ਓ,ਸੀ ਦੀ ਉਲੰਘਣਾ ਕਰਦਿਆਂ ਅਤੇ ‘ਦੀ ਪੰਜਾਬ ਲਰਨਿੰਗ ਆਫ਼ ਪੰਜਾਬੀ ਐਂਡ ਅਦਰ ਲੈਂਗੂਏਜ਼ ਐਕਟ 2008’ ਦੇ ਪੰਨਾ 2 ਲੜੀ ਨੰਬਰ 3 ਵਿੱਚ ਦਰਜ ਹਦਾਇਤ ਦੀ ਉਲੰਘਣਾ ਕੀਤੀ ਜਾ ਰਹੀ ਹੈ। 

ਉਨ੍ਹਾਂ ਦੱਸਿਆ ਕਿ ਇਸ ਲਈ ਐਮਿਟੀ ਇੰਟਰਨੈਸ਼ਨਲ ਸਕੂਲ ਨੂੰ ‘ਦੀ ਪੰਜਾਬ ਲਰਨਿੰਗ ਆਫ਼ ਪੰਜਾਬੀ ਐਂਡ ਅਦਰ ਲੈਂਗੂਏਜ਼ ਅਮੈਂਡਮੈਂਟ ਐਕਟ 2021’ ਦੇ ਨਿਯਮ ਅਨੁਸਾਰ ਸ਼ਰਤਾਂ ਦੀ ਪਹਿਲੀ ਵਾਰ ਉਲੰਘਣਾ ਕਰਨ ‘ਤੇ 50 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ ਅਤੇ ਸਬੰਧਤ ਸਕੂਲ ਨੂੰ ਹਦਾਇਤ ਕੀਤੀ ਗਈ ਹੈ ਕਿ ਅਗਲੇ ਪੰਜ ਦਿਨਾਂ ਵਿੱਚ ਜ਼ੁਰਮਾਨਾ ਰਾਸ਼ੀ ਜਮ੍ਹਾ ਕਰਵਾ ਕੇ ਰਿਪਰੋਟ ਪੇਸ਼ ਕੀਤੀ ਜਾਵੇ।

ਸ. ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਪ੍ਰਤੀ ਕਿਸੇ ਵੀ ਕਿਸਮ ਦੀ ਬੇਰੁਖ਼ੀ ਅਪਣਾਉਣ ਵਾਲੇ ਸਕੂਲਾਂ ਨੂੰ ਬਖ਼ਸੇਗੀ ਨਹੀਂ ਅਤੇ ਉਹਨਾਂ ਖਿਲਾਫ ਸਖ਼ਤ ਕਾਰਵਾਈ ਕਰੇਗੀ। ਉਹਨਾਂ ਨੇ ਬਾਕੀ ਨਿੱਜੀ ਸਕੂਲ ਨੂੰ ਪੰਜਾਬੀ ਵਿਸ਼ਾ ਲਾਜ਼ਮੀ ਤੌਰ ‘ਤੇ ਪੜਾਉਣਾ ਯਕੀਨੀ ਬਣਾਉਣ ਦੀ ਵੀ ਹਦਾਇਤ ਕੀਤੀ।

Written By
The Punjab Wire