ਹੁਸ਼ਿਆਰਪੁਰ:- 20 ਜੁਲਾਈ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ’ਚ ਲਗਾਏ ਜਾਣਗੇ ਡੇਢ ਲੱਖ ਪੌਦੇ : ਡੀਸੀ ਕੋਮਲ ਮਿੱਤਲ
-ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਹਰੇਕ ਨਾਗਰਿਕ ਨੂੰ ਇਕ ਪੌਦਾ ਲਗਾ ਕੇ ਉਸ ਦੀ ਸੰਭਾਲ ਕਰਨ ਦੀ ਕੀਤੀ ਅਪੀਲ
ਵਣ ਵਿਭਾਗ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਲੋਂ ਲਗਾਏ ਜਾਣਗੇ ਵੱਡੇ ਪੱਧਰ ’ਤੇ ਪੌਦੇ
ਪੌਦੇ ਲਗਾਉਣ ਦੇ ਨਾਲ ਕੀਤੀ ਗਈ ਸੈਲਫੀ ਟਵਿੱਟਰ ਅਕਾਊਂਟ @DcHoshiarpur ਤੇ ਫੇਸਬੁੱਕ ਪੇਜ District Public Relations Office Hoshiarpur ’ਤੇ ਕਰਨ ਟੈਗ
ਹੁਸ਼ਿਆਰਪੁਰ, 18 ਜੁਲਾਈ 2023 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ 20 ਜੁਲਾਈ ਨੂੰ ਜ਼ਿਲ੍ਹੇ ਵਿਚ ਵੱਡੇ ਪੱਧਰ ’ਤੇ ਪੌਦੇ ਲਗਾਏ ਜਾਣਗੇ ਅਤੇ ਇਕ ਦਿਨ ਵਿਚ ਕਰੀਬ ਡੇਢ ਲੱਖ ਪੌਦੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬਰਸਾਤ ਦੇ ਸੀਜ਼ਨ ਵਿਚ ਵਣ ਵਿਭਾਗ ਵਲੋਂ ਵੱਡੇ ਪੱਧਰ ’ਤੇ ਪੌਦੇ ਲਗਾਏ ਜਾਂਦੇ ਹਨ ਪਰੰਤੂ ਇਸ ਵਾਰ ਇਸ ਮੁਹਿੰਮ ਵਿਚ ਨਾ ਸਿਰਫ ਵਣ ਵਿਭਾਗ ਬਲਕਿ ਵੱਖ-ਵੱਖ ਵਿਭਾਗਾਂ ਦੇ ਨਾਲ ਸਾਰੇ ਨਾਗਰਿਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਤਾਂ ਜੋ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਦੇ ਸੰਕਲਪ ਨੂੰ ਵਧੇਰੇ ਹੁੰਗਾਰਾ ਮਿਲੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 20 ਜੁਲਾਈ ਨੂੰ ਪੌਦੇ ਲਗਾਉਣ ਦੀ ਮੁਹਿੰਮ ਵਿਚ ਜ਼ਿਲ੍ਹੇ ਦੇ ਪੰਚਾਇਤ ਵਿਭਾਗ ਤੋਂ ਇਲਾਵਾ ਨਗਰ ਪ੍ਰੀਸ਼ਦਾਂ ਦੀ ਵੀ ਵਿਸ਼ੇਸ਼ ਭੂਮਿਕਾ ਰਹੇਗੀ, ਜਿਸ ਸਬੰਧ ਵਿਚ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿਚ ਵਣ ਖੇਤਰ ਤੋਂ ਇਲਾਵਾ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ, ਖੇਡ ਸਟੇਡੀਅਮਾਂ, ਸਕੂਲਾਂ, ਤਲਾਬਾਂ, ਨਹਿਰਾਂ ਦੇ ਕੰਢਿਆਂ ਅਤੇ ਹੋਰ ਯੋਗ ਥਾਵਾਂ ’ਤੇ ਪੌਦੇ ਲਗਾਏ ਜਾਣਗੇ। ਉਨ੍ਹਾਂ ਯੂਥ ਕਲੱਬਾਂ, ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਆਉਣ ਵਾਲੇ ਦਿਨਾਂ ਵਿਚ ਆਪਣੇ ਪਿੰਡਾਂ ਤੇ ਸਕੂਲਾਂ ਵਿਚ ਪੌਦੇ ਲਗਾਉਣ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਪੌਦਿਆਂ ਦੀ ਸੰਭਾਲ ਦੀ ਸਹੁੰ ਚੁਕਾਉਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਪੌਦੇ ਲਗਾਉਣ ਦੀ ਮੁਹਿੰਮ ਵਿਚ ਹਰੇਕ ਵਿਅਕਤੀ ਆਪਣੇ ਪੱਧਰ ’ਤੇ ਪੌਦਾ ਲਗਾਵੇ ਅਤੇ ਆਪਣੇ ਵਲੋਂ ਲਗਾਏ ਗਏ ਪੌਦਿਆਂ ਦੀ ਦੇਖਭਾਲ ਕਰੇ।
ਕੋਮਲ ਮਿੱਤਲ ਨੇ ਕਿਹਾ ਕਿ 20 ਜੁਲਾਈ ਨੂੰ ਪੌਦੇ ਲਗਾ ਕੇ ਵੱਧ ਤੋਂ ਵੱਧ ਲੋਕ ਆਪਣੇ ਦੁਆਰਾ ਲਗਾਏ ਗਏ ਪੌਦਿਆਂ ਨਾਲ ਸੈਲਫੀ ਲੈ ਕੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕਰਨ ਅਤੇ ਉਸ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਟਵਿੱਟਰ ਅਕਾਊਂਟ @DcHoshiarpur ’ਤੇ ਅਤੇ ਫੇਸਬੁੱਕ ਪੇਜ District Public Relations Office Hoshiarpur ’ਤੇ ਟੈਗ ਕਰਨ। ਉਨ੍ਹਾਂ ਕਿਹਾ ਕਿ ਵਾਤਾਵਰਣ ਸੰਭਾਲ ਸਾਡੇ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ, ਇਸ ਲਈ ਜ਼ਿਲ੍ਹਾ ਵਾਸੀ ਆਪਣੇ ਪੱਧਰ ’ਤੇ ਪੌਦੇ ਲਗਾਉਣ ਅਤੇ ਇਨ੍ਹਾਂ ਦੀ ਸੰਭਾਲ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ।