ਪੰਜਾਬ ਮੁੱਖ ਖ਼ਬਰ

ਪਰਲਜ਼ ਗਰੁੱਪ ਘੁਟਾਲਾ: ਵਿਜੀਲੈਂਸ ਵੱਲੋਂ ਜਾਅਲੀ ਦਸਤਾਵੇਜ਼ ਤਸਦੀਕ ਕਰਨ ਦੇ ਦੋਸ਼ ਵਿੱਚ ਸੀ.ਏ. ਜਸਵਿੰਦਰ ਡਾਂਗ ਗ੍ਰਿਫਤਾਰ

ਪਰਲਜ਼ ਗਰੁੱਪ ਘੁਟਾਲਾ: ਵਿਜੀਲੈਂਸ ਵੱਲੋਂ ਜਾਅਲੀ ਦਸਤਾਵੇਜ਼ ਤਸਦੀਕ ਕਰਨ ਦੇ ਦੋਸ਼ ਵਿੱਚ ਸੀ.ਏ. ਜਸਵਿੰਦਰ ਡਾਂਗ ਗ੍ਰਿਫਤਾਰ
  • PublishedJuly 18, 2023

ਚੰਡੀਗੜ੍ਹ, 18 ਜੁਲਾਈ 2023 (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ ਨੇ ਅੱਜ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮ. (ਪੀ.ਏ.ਸੀ.ਐਲ.) ਘੁਟਾਲੇ ਦੇ ਸਬੰਧ ਵਿੱਚ ਜਾਅਲੀ ਦਸਤਾਵੇਜ਼ ਤਸਦੀਕ ਕਰਨ ਦੇ ਦੋਸ਼ ਵਿੱਚ ਚਾਰਟਰਡ ਅਕਾਊਂਟੈਂਟ ਜਸਵਿੰਦਰ ਸਿੰਘ ਡਾਂਗ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਆਈ.ਪੀ.ਸੀ.ਦੀ ਧਾਰਾ 406, 420, 465, 467, 468, 471, 384, 120-ਬੀ ਅਧੀਨ ਪੁਲਿਸ ਸਟੇਸ਼ਨ ਪੰਜਾਬ ਸਟੇਟ ਕਰਾਈਮ, ਐਸ.ਏ.ਐਸ.ਨਗਰ ਵਿਖੇ ਦਰਜ ਐਫ.ਆਈ.ਆਰ. ਨੰ. 01 ਮਿਤੀ 21.02.2023 ਤਹਿਤ ਕੀਤੀ ਜਾਂਚ ਉਪਰੰਤ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਪੀ.ਏ.ਸੀ.ਐਲ. ਦੀ ਐਕਸਟਰਾ ਔਰਡਨਰੀ ਜਨਰਲ ਮੀਟਿੰਗ (ਈ.ਓ.ਜੀ.ਐਮ) ਜੈਪੁਰ (ਰਾਜਸਥਾਨ) ਵਿੱਚ ਇਸ ਦੇ ਰਜਿਸਟਰਡ ਦਫ਼ਤਰ ਵਿੱਚ ਹੋਈ ਦਿਖਾਈ ਗਈ ਸੀ, ਜਦੋਂਕਿ ਇਹ ਦਫ਼ਤਰ 7-8 ਸਾਲਾਂ ਤੋਂ ਬੰਦ ਪਿਆ ਸੀ ਅਤੇ ਫ਼ਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਪੀ.ਏ.ਸੀ.ਐਲ. ਦੇ ਤਿੰਨ ਨਵੇਂ ਡਾਇਰੈਕਟਰਾਂ ਦੀ ਨਿਯੁਕਤੀ ਵੀ ਕੀਤੀ ਗਈ ਸੀ। ਚਾਰਟਰਡ ਅਕਾਊਂਟੈਂਟ ਜਸਵਿੰਦਰ ਸਿੰਘ ਡਾਂਗ ਨੇ ਸਹਿ ਮੁਲਜ਼ਮਾਂ ਨਾਲ ਸਾਜ਼ਿਸ਼ ਰਚ ਕੇ ਫ਼ਰਜ਼ੀ ਦਸਤਾਵੇਜ਼ ਤਸਦੀਕ ਕੀਤੇ ਅਤੇ ਤਿੰਨ ਨਵੇਂ ਡਾਇਰੈਕਟਰਾਂ ਹਿਰਦੇਪਾਲ ਸਿੰਘ ਢਿੱਲੋਂ, ਸੰਦੀਪ ਸਿੰਘ ਮਾਹਲ ਅਤੇ ਧਰਮਿੰਦਰ ਸਿੰਘ ਸੰਧੂ ਦੀ ਨਿਯੁਕਤੀ ਸਬੰਧੀ ਦਸਤਾਵੇਜ਼ ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲੇ ਦੀ ਵੈੱਬਸਾਈਟ ‘ਤੇ ਅਪਲੋਡ ਕੀਤੇ। ਹਾਲਾਕਿ ਸਚਾਈ ਇਹ ਹੈ ਕਿ ਉਸਨੂੰ ਪਤਾ ਸੀ ਕਿ ਇਹ ਮੀਟਿੰਗ ਅਸਲ ਵਿੱਚ ਹੋਈ ਹੀ ਨਹੀਂ ਸੀ।

ਬੁਲਾਰੇ ਨੇ ਦੱਸਿਆ ਕਿ ਉਹ ਇਸ ਗੱਲ ਤੋਂ ਵੀ ਭਲੀ-ਭਾਂਤ ਜਾਣੂ ਸੀ ਕਿ ਲਗਭਗ 5 ਕਰੋੜ ਗ਼ਰੀਬ ਅਤੇ ਭੋਲੇ-ਭਾਲੇ ਨਿਵੇਸ਼ਕਾਂ ਨੇ ਪੀ.ਏ.ਸੀ.ਐਲ. ਵਿੱਚ ਲਗਭਗ 50,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਪੀ.ਏ.ਸੀ.ਐਲ. ਲਿਮ. ਦੀਆਂ ਜਾਇਦਾਦਾਂ ਨੂੰ ਵੇਚਣ ਅਤੇ ਵਿਕਰੀ ਤੋਂ ਹੋਣ ਵਾਲੀ ਕਮਾਈ ਪੀ.ਏ.ਸੀ.ਐਲ. ਲਿਮ. ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਵਾਪਸ ਕਰਨ ਵਾਸਤੇ ਸੁਪਰੀਮ ਕੋਰਟ ਦੇ ਹੁਕਮਾਂ ਉਤੇ ਸੇਬੀ ਵੱਲੋਂ ਜਸਟਿਸ (ਸੇਵਾਮੁਕਤ) ਆਰ. ਐਮ. ਲੋਢਾ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਗਠਿਨ ਕੀਤੀ ਗਈ ਹੈ।

Written By
The Punjab Wire