ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੰਮ੍ਰਿਤਸਰ ਨੇੜੇ ਮਨਾਵਾਲਾ (ਨਿਜਰਪੁਰਾ) ਟੋਲ ਪਲਾਜ਼ਾ ਹਟਾਉਣ ਅਤੇ ਬਿਆਸ–ਰਈਆ–ਬੁਟਾਰੀ ਸੈਕਸ਼ਨ ਦੇ ਕੰਮ ਜਲਦੀ ਪੂਰੇ ਕਰਨ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿੱਖਿਆ ਪੱਤਰ
ਗੁਰਦਾਸਪੁਰ, 7 ਮਾਰਚ 2026 (ਮੰਨਨ ਸੈਣੀ)– ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇ ਮੰਤਰੀ ਸ਼੍ਰੀ ਨਿਤਿਨ ਜੈਰਾਮ ਗਡਕਰੀ ਨੂੰ ਪੱਤਰ ਲਿਖ ਕੇ ਅੰਮ੍ਰਿਤਸਰ ਨੇੜੇ ਸਥਿਤ ਮਨਾਵਾਲਾ (ਨਿਜਰਪੁਰਾ) ਟੋਲ ਪਲਾਜ਼ਾ ਦੇ ਮਸਲੇ ‘ਤੇ ਧਿਆਨ ਦੇਣ ਦੀ ਮੰਗ ਕੀਤੀ ਹੈ।
ਪੱਤਰ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਟੋਲ ਪਲਾਜ਼ਾ ਅੰਮ੍ਰਿਤਸਰ ਸ਼ਹਿਰ ਤੋਂ ਕੇਵਲ 3–4 ਕਿਲੋਮੀਟਰ ਅਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਲਗਭਗ 17–20 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਅੰਮ੍ਰਿਤਸਰ ਆਉਂਦੇ ਹਨ ਅਤੇ ਉਨ੍ਹਾਂ ਲਈ ਇਹ ਟੋਲ ਇੱਕ ਵੱਡੀ ਪਰੇਸ਼ਾਨੀ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹੋਰ ਵੱਡੇ ਧਾਰਮਿਕ ਕੇਂਦਰਾਂ ਜਿਵੇਂ ਅਯੋਧਿਆ ਦੇ ਨੇੜੇ ਟੋਲ ਬੈਰੀਅਰ ਨਹੀਂ ਹਨ, ਇਸ ਲਈ ਅੰਮ੍ਰਿਤਸਰ ਵਰਗੇ ਪਵਿੱਤਰ ਸ਼ਹਿਰ ਲਈ ਵੀ ਇਸ ਮਾਮਲੇ ਨੂੰ ਸੰਵੇਦਨਸ਼ੀਲਤਾ ਨਾਲ ਵੇਖਿਆ ਜਾਣਾ ਚਾਹੀਦਾ ਹੈ।
ਰੰਧਾਵਾ ਨੇ ਇਹ ਵੀ ਦਰਸਾਇਆ ਕਿ ਬਿਆਸ–ਰਈਆ–ਬੁਟਾਰੀ ਸੈਕਸ਼ਨ (NH-3) ‘ਤੇ ਕਾਫੀ ਸਮੇਂ ਤੋਂ ਨਿਰਮਾਣ ਕੰਮ ਅਤੇ ਓਵਰਬ੍ਰਿਜ ਦੇ ਕੰਮ ਅਧੂਰੇ ਪਏ ਹਨ, ਜਿਸ ਕਾਰਨ ਯਾਤਰੀਆਂ ਅਤੇ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਵਾਹਨਾਂ ਤੋਂ ਪੂਰਾ ਟੋਲ ਵਸੂਲਿਆ ਜਾ ਰਿਹਾ ਹੈ।
ਉਨ੍ਹਾਂ ਨੇ ਕੇਂਦਰੀ ਮੰਤਰੀ ਕੋਲ ਮੰਗ ਕੀਤੀ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਲਈ ਟੋਲ ਮੁਆਫ਼ (ਜ਼ੀਰੋ ਟੋਲ) ਕਰਨ ਬਾਰੇ ਨੀਤੀਗਤ ਫੈਸਲਾ ਲਿਆ ਜਾਵੇ ਅਤੇ ਬਿਆਸ–ਰਈਆ–ਬੁਟਾਰੀ ਹਾਈਵੇ ਦੇ ਚੱਲ ਰਹੇ ਕੰਮ ਸਮੇਂਬੱਧ ਢੰਗ ਨਾਲ ਜਲਦੀ ਪੂਰੇ ਕਰਵਾਏ ਜਾਣ, ਤਾਂ ਜੋ ਸ਼ਰਧਾਲੂਆਂ ਅਤੇ ਆਮ ਲੋਕਾਂ ਨੂੰ ਰਾਹਤ ਮਿਲ ਸਕੇ।