ਪੰਜਾਬ ਮੁੱਖ ਖ਼ਬਰ

ਪੰਜਾਬ ਸਰਕਾਰ ਡਾ. ਬੀ.ਆਰ. ਅੰਬੇਦਕਰ ਜੀ ਦੇ ਮਿਆਰੀ ਸਿੱਖਿਆ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੁਰਜ਼ੋਰ ਯਤਨ ਕਰ ਰਹੀ ਹੈ – ਸਥਾਨਕ ਸਰਕਾਰਾਂ ਮੰਤਰੀ

ਪੰਜਾਬ ਸਰਕਾਰ ਡਾ. ਬੀ.ਆਰ. ਅੰਬੇਦਕਰ ਜੀ ਦੇ ਮਿਆਰੀ ਸਿੱਖਿਆ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੁਰਜ਼ੋਰ ਯਤਨ ਕਰ ਰਹੀ ਹੈ – ਸਥਾਨਕ ਸਰਕਾਰਾਂ ਮੰਤਰੀ
  • PublishedJuly 16, 2023

ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਸਰਕਾਰੀ ਨੌਕਰੀ ਲਈ ਚੁਣੇ ਗਏ ਲੋੜਵੰਦ ਪਰਿਵਾਰਾਂ ਦੇ 25 ਨੌਜਵਾਨਾਂ ਨੂੰ ਸਨਮਾਨਿਤ ਕੀਤਾ

ਮੁਫ਼ਤ ਕੋਚਿੰਗ ਦੇਣ ਲਈ ਸਤਿਗੁਰੂ ਰਵਿਦਾਸ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੀ ਵੀ ਕੀਤੀ ਸ਼ਲਾਘਾ

ਚੰਡੀਗੜ੍ਹ/ਲੁਧਿਆਣਾ, 16ਜੁਲਾਈ 2023 (ਦੀ ਪੰਜਾਬ ਵਾਇਰ)। ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਇਹ ਜ਼ੋਰ ਦੇ ਕੇ ਕਿ ਕਿਹਾ ਕਿ ਸਿੱਖਿਆ ਹਰੇਕ ਵਰਗ ਦੇੇ ਵਿਕਾਸ ਦਾ ਆਧਾਰ ਹੁੰਦੀ ਹੈ।

ਸਥਾਨਕ ਪੁਲਿਸ ਲਾਈਨਜ਼ ਵਿਖੇ ਸਤਿਗੁਰੂ ਰਵਿਦਾਸ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਬਰਾਬਰੀ ਅਤੇ ਸਮਾਜਿਕ ਨਿਆਂ ਦੇ ਸਿਧਾਂਤਾਂ ‘ਤੇ ਸਮਾਜ ਵਿੱਚ ਸੁਧਾਰ ਲਿਆਉਣ ਲਈ ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਵਸੀਲਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਰਚੇਤਾ ਡਾ.ਬੀ.ਆਰ.ਅੰਬੇਦਕਰ ਜੀ ਨੇ ਸਮਾਜ ਵਿੱਚ ਬਦਲਾਅ ਲਿਆਉਣ ਲਈ ਸਿੱਖਿਆ ਨੂੰ ਹੀ ਇੱਕ ਹਥਿਆਰ ਦੱਸਿਆ ਸੀ।

ਕੈਬਨਿਟ ਮੰਤਰੀ ਨੇ ਅੱਗੇ ਨੇ ਕਿਹਾ ਕਿ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਜੀ ਨੂੰ ਇਹ ਸੱਚੀ ਸਰਧਾਂਜਲੀ ਹੋਵੇਗੀ ਜੇਕਰ ਹਰ ਕੋਈ ਸਿੱਖਿਆ ਪ੍ਰਾਪਤ ਕਰੇਗਾ ਕਿਉਂਕਿ ਉਨ੍ਹਾਂ ਸਿੱਖਿਆ ‘ਤੇ ਬਹੁਤ ਜ਼ੋਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਆਪਣੇ ਵਿੱਦਿਅਕ ਜੀਵਨ ਵਿੱਚ ਬਹੁਤ ਸਾਰੀਆਂ ਔਕੜਾਂ ਦੇ ਬਾਵਜੂਦ ਡਾ. ਅੰਬੇਡਕਰ ਜੀ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਅਤੇ ਆਪਣੀ ਪੜ੍ਹਾਈ ਪੂਰੀ ਕੀਤੀ। ਬਾਅਦ ਵਿੱਚ, ਉਨ੍ਹਾਂ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਜੋ ਹੁਣ ਦੁਨੀਆ ਦੇ ਸਭ ਤੋਂ ਵਧੀਆ ਸੰਵਿਧਾਨਾਂ ਵਿੱਚੋਂ ਇੱਕ ਬਣ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਨੂੰ ਡਾ. ਅੰਬੇਦਕਰ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ ਅਤੇ ਇੱਕ ਸ਼ਕਤੀਸ਼ਾਲੀ ਰਾਸ਼ਟਰ ਬਣਾਉਣ ਲਈ ਬਦਲਾਅ ਲਿਆਉਣਾ ਚਾਹੀਦਾ ਹੈ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਕੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਜੋ ਵਿਦਿਆਰਥੀਆਂ ਖਾਸ ਕਰਕੇ ਸਮਾਜ ਦੇ ਲੋੜਵੰਦ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਲਾਭ ਪਹੁੰਚਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਰਾਜ ਸਰਕਾਰ ਰਾਜ ਦੇ ਸਰਕਾਰੀ ਸਕੂਲਾਂ ਨੂੰ ਉੱਘੇ ਸਕੂਲਾਂ ਵਿੱਚ ਤਬਦੀਲ ਕਰਨ ਲਈ ਵਚਨਬੱਧ ਹੈ।

ਉਨ੍ਹਾਂ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸੰਸਥਾ ਤੋਂ ਕੋਚਿੰਗ ਲੈ ਕੇ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ 25 ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਅਤੇ ਆਮ ਲੋਕਾਂ ਨੂੰ ਵੀ ਇਨ੍ਹਾਂ ਸੰਸਥਾਵਾਂ ਦੇ ਸਹਿਯੋਗ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਕੈਬਨਿਟ ਮੰਤਰੀ ਬਲਕਾਰ ਸਿੰਘ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।

ਇਸ ਮੌਕੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਭੋਲਾ ਗਰੇਵਾਲ, ਗੁਰਪ੍ਰੀਤ ਬੱਸੀ ਗੋਗੀ, ਕੁਲਵੰਤ ਸਿੰਘ ਸਿੱਧੂ, ਮਦਨ ਲਾਲ ਬੱਗਾ, ਰਜਿੰਦਰਪਾਲ ਕੌਰ ਛੀਨਾ, ਜੀਵਨ ਸਿੰਘ ਸੰਗੋਵਾਲ, ਮਨਵਿੰਦਰ ਸਿੰਘ ਗਿਆਸਪੁਰਾ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਹੋਰ ਵੀ ਹਾਜ਼ਰ ਸਨ।

Written By
The Punjab Wire