ਕਾਂਗਰਸ ਤੋਂ ਨਿਰਾਸ਼ ਕਰੀਬ 70 ਪ੍ਰਤਿਸ਼ਤ ਵਰਕਰ ਪਾਰਟੀ ਬਦਲਣ ਦੇ ਚੱਕਰ ਵਿੱਚ
ਗੁਰਦਾਸਪੁਰ/ਬਟਾਲਾ, 16 ਜੁਲਾਈ 2023 (ਦੀ ਪੰਜਾਬ ਵਾਇਰ)। ਸਾਬਕਾ ਕੈਬਨਿਟ ਮੰਤਰੀ ਤੇ ਬਟਾਲਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਅਸ਼ਵਨੀ ਸੇਖੜੀ (Ashwani Sekhri) ਆਪਣੇ ਪਰਿਵਾਰ ਸਮੇਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਜਾ ਕੇ ਭਾਜਪਾ ‘ਚ ਸ਼ਾਮਲ ਹੋ ਗਏ। ਸੇਖੜੀ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸੂਬੇ ‘ਚ ਭਾਜਪਾ ਦੀ ਸਰਕਾਰ ਲਿਆਉਣੀ ਪਵੇਗੀ। ਦੇਸ਼ ਭਰ ਵਿਚ ਕਾਂਗਰਸ ਦਾ ਆਧਾਰ ਖ਼ਤਮ ਹੋ ਚੁੱਕਾ ਹੈ ਅਤੇ ਕਈ ਪ੍ਰਮੁੱਖ ਆਗੂ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ।
ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਹੋਏ ਧੜੇਬੰਦੀ ਦਾ ਸ਼ਿਕਾਰ
ਅਸ਼ਵਨੀ ਸੇਖੜੀ ਕਾਂਗਰਸ ਹਾਈਕਮਾਂਡ ਦੇ ਕਈ ਵੱਡੇ ਆਗੂਆਂ ਦੇ ਕਰੀਬੀ ਰਹੇ ਹਨ, ਪਰ ਹਮੇਸ਼ਾ ਆਪਣੇ ਹੀ ਇਲਾਕੇ ‘ਚ ਆਪਣੀ ਹੀ ਪਾਰਟੀ ਆਗੂਆਂ ਦੇ ਨਿਸ਼ਾਨੇ ‘ਤੇ ਰਹੇ। ਜਿਸ ਕਾਰਨ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ‘ਚ ਸ਼ਾਮਲ ਹੋਣ ਦੀ ਚਰਚਾ ‘ਚ ਰਹੇ ਸਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੇਖੜੀ ਨੂੰ ਬਟਾਲਾ ਵਿਧਾਨ ਸਭਾ ਸੀਟ ਤੋਂ ਟਿਕਟ ਲੈਣ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ, ਪਰ ਪਾਰਟੀ ਵਿੱਚ ਧੜੇਬੰਦੀ ਕਾਰਨ ਸੇਖੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਅੰਦਰ ਕਈ ਕਾਂਗਰਸੀ ਆਗੂ ਜੋਂ ਵਿਜਿਲੈਂਸ ਯਾ ਈਡੀ ਦਾ ਸਾਹਮਨਾ ਕਰ ਰਹੇ ਹਨ ਅਤੇ ਸੁਨੀਲ ਜਾਖੜ੍ਹ ਨਾਲ ਅੱਜ ਵੀ ਜਿੰਨ੍ਹਾਂ ਦੀ ਸਾਂਝ ਪਿਆਲੀ ਇੱਕ ਹੈ ਅਗਾਮੀ ਸਮੇਂ ਅੰਦਰ ਖੁੱਦ ਆਪ ਯਾ ਆਪਣੇ ਕਰੀਬੀਆਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਵਾ ਸਕਦੇ ਹਨ। ਇੱਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਕਾਂਗਰਸੀ ਦਾ ਕਰੀਬ 70 ਪ੍ਰਤੀਸ਼ਤ ਵਰਕਰ ਨਿਰਾਸ਼ਾ ਦੇ ਆਲਾਮ ਵਿੱਚ ਹੈ ਅਤੇ ਪਾਰਟੀ ਬਦਲਣ ਬਾਰੇ ਸੋਚ ਰਿਹਾ ਹੈ। ਜੋ ਕਿ ਪੰਜਾਬ ਕਾਂਗਰਸ ਲਈ ਖਤਰੇ ਦੀ ਘੰਟੀ ਹੈ।