ਵਿਸ਼ਵ ਪੱਧਰ ’ਤੇ ਮਹਿਲਾਵਾਂ ਨੇ ਆਪਣੀ ਸ਼ਕਤੀ ਦਾ ਲੋਹਾ ਮਨਵਾਇਆ- ਸ੍ਰੀਮਤੀ ਰਾਜਬੀਰ ਕੌਰ ਕਲਸੀ
ਅੰਤਰ ਰਾਸ਼ਟਰੀ ਮਹਿਲਾ ਦਿਵਸ ਅਤੇ ਹੋਲੀ ਨੂੰ ਸਮਰਪਿਤ ਸ਼ਾਨਦਾਰ ਸਮਾਗਮ
ਬਟਾਲਾ, 7 ਮਾਰਚ 2026 (ਮੰਨਨ ਸੈਣੀ )– ਸ੍ਰੀਮਤੀ ਰਾਜਬੀਰ ਕੌਰ ਕਲਸੀ ਧਰਮ ਪਤਨੀ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਉਸਮਾਨਪੁਰ ਸਿਟੀ ਬਟਾਲਾ ਵਿਖੇ ‘ਅੰਤਰਰਾਸ਼ਟਰੀ ਮਹਿਲਾ ਦਿਵਸ ਅਤੇ ਹੋਲੀ ਨੂੰ ਸਮਰਪਿਤ ਸਮਾਗਮ ਯਾਦਗਰੀ ਹੋ ਨਿਬੜਿਆ।
ਇਸ ਮੌਕੇ ਗੱਲ ਕਰਦਿਆਂ ਸ੍ਰੀਮਤੀ ਰਾਜਬੀਰ ਕੌਰ ਕਲਸੀ ਨੇ ਕਿਹਾ ਕਿ ਅੱਜ ਵੀ ਵਿਸ਼ਵ ਪੱਧਰ ‘ਤੇ ਮਹਿਲਾਵਾਂ ਨੇ ਆਪਣੀ ਸ਼ਕਤੀ ਦਾ ਲੋਹਾ ਮਨਵਾਇਆ ਹੈ ਅਤੇ ਧੀਆਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਪੱਧਰ ’ਤੇ ਮਹਿਲਾ ਸਸ਼ਕਤੀਕਰਨ ਦੇ ਸਫਲ ਉਪਰਾਲੇ ਹੋ ਰਹੇ ਹਨ ਅਤੇ ਉੱਦਮੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਪੱਧਰ ‘ਤੇ ਹੋਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ, ਜਿਸਦੇ ਚੱਲਦਿਆਂ ਸੈਲਫ ਹੈਲਪ ਗਰੁੱਪ ਰਾਹੀ ਔਰਤਾਂ ਨੂੰ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ।
ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਖੁਦ ਦਾ ਕਾਰੋਬਾਰ ਕਰਨ ਅਤੇ ਆਪਣੀ ਪਹਿਚਾਣ ਬਣਾਉਣ। ਇਸ ਸਬੰਧੀ ਪੰਜਾਬ ਸਰਕਾਰ ਵੱਲ਼ੋਂ ਮਹਿਲਾਵਾਂ ਦੀ ਪੂਰੀ ਸਹਾਇਤਾ ਕੀਤੀ ਜਾ ਰਹੀ ਹੈ।
ਸ੍ਰੀਮਤੀ ਕਲਸੀ ਨੇ ਕਿਹਾ ਕਿ ਨਾਰੀ ਤੋਂ ਬਿਨਾਂ ਸਮਾਜ ਦੀ ਕਲਪਨਾ ਕਰਨਾ ਸੰਭਵ ਨਹੀਂ ਹੈ। ਅੱਜ ਦੇ ਯੁਗ ਵਿੱਚ ਲੜਕੀਆਂ, ਲੜਕਿਆਂ ਤੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਹਰ ਵਾਰ ਮੌਕਾ ਮਿਲਣ ’ਤੇ ਵਿਸ਼ਵ ਪੱਧਰ ਤੇ ਲੜਕੀਆਂ ਨੇ ਨਾਮਣਾ ਖੱਟਿਆ ਹੈ, ਜਿਵੇਂ ਕਿ ਮਦਰ ਟਰੇਸਾ, ਸੁਨੀਤਾ ਵਿਲੀਅਮ, ਕਲਪਨਾ ਚਾਵਲਾ, ਪੀ.ਟੀ ਊਸ਼ਾ, ਕਿਰਨ ਬੇਦੀ ਅਤੇ ਪੀ.ਵੀ ਸਿੰਧੂ ਵਰਗੀਆਂ ਹਜ਼ਾਰਾਂ ਲੜਕੀਆਂ ਇਸ ਗੱਲ ਦੀ ਮਿਸਾਲ ਹਨ। ਉਨਾਂ ਅੱਗੇ ਕਿਹਾ ਕਿ ਸਾਨੂੰ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਪਿਆਰ ਕਰਨਾ ਚਾਹੀਦਾ ਹੈ ਅਤੇ ਉੱਚ ਵਿੱਦਿਆ ਸਹਿਤ ਚੰਗਾ ਪਾਲਣ-ਪੋਸ਼ਣ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਹਰ ਮੌਕਾ ਦੇਣਾ ਚਾਹੀਦਾ ਹੈ।
ਸ੍ਰੀਮਤੀ ਕਲਸੀ ਨੇ ਕਿਹਾ ਕਿ ਤਿਓਹਾਰ ਸਾਡੀ ਵਿਰਾਸਤ ਅਤੇ ਸੱਭਿਆਚਾਰ ਦਾ ਪ੍ਰਤੀਕ ਹਨ ਅਤੇ ਤਿਓਹਾਰ ਆਪਸੀ ਭਾਈਚਾਰੇ ਦਾ ਸੰਦੇਸ ਦਿੰਦੇ ਹਨ। ਉਨ੍ਹਾਂ ਸਾਰਿਆਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ।
ਇਸ ਮੌਕੇ ਉੱਘੀ ਗਾਇਕਾ ਚੰਨ ਕੌਰ ਨੇ ਆਪਣੀ ਗਾਇਕੀ ਨਾਲ ਖੂਬਸੂਰਤ ਪੇਸ਼ਕਾਰੀ ਦਿੱਤੀ।